ਨਵੀਂ ਦਿੱਲੀ-ਬਿਹਾਰ ਵਿਚ ਆਰ.ਜੇ.ਡੀ.-ਜੇ.ਡੀ. (ਯੂ.) ਸਰਕਾਰ ਬਣਨ ਤੋਂ ਬਾਅਦ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਨਿਤਿਸ਼ ਕੁਮਾਰ ਨੂੰ ਆਪਣੀ ਪਸੰਦ ਦਾ ਪ੍ਰਧਾਨ ਮੰਤਰੀ ਉਮੀਦਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਦਲ 2024 ਦੀਆਂ ਲੋਕ ਸਭਾ ਚੋਣਾਂ ਲਈ ਨਰਿੰਦਰ ਮੋਦੀ ਖ਼ਿਲਾਫ਼ ਨਿਤੀਸ਼ ਦੀ ਉਮੀਦਵਾਰੀ ‘ਤੇ ਵਿਚਾਰ ਕਰਨ ਲਈ ਸਹਿਮਤ ਹੁੰਦੇ ਹਨ ਤਾਂ ਉਹ ਪ੍ਰਧਾਨ ਮੰਤਰੀ ਉਮੀਦਵਾਰ ਬਣ ਸਕਦੇ ਹਨ। ਤੇਜਸਵੀ ਨੇ ਉਨ੍ਹਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਨਿਤਿਸ਼ ਇਕ ਸਮਾਜਿਕ ਅਤੇ ਰਾਜਨੀਤਕ ਆਗੂ ਰਹੇ ਹਨ, ਜਿਨ੍ਹਾਂ ਨੇ ਜੇ.ਪੀ. ਅਤੇ ਮੰਡਲ ਦੋਵਾਂ ਅੰਦੋਲਨਾਂ ‘ਵਿਚ ਭਾਗ ਲਿਆ ਹੈ ਅਤੇ ਉਨ੍ਹਾਂ ਦੇ ਕੋਲ ਸੰਸਦੀ ਅਤੇ ਪ੍ਰਸ਼ਾਸਨਿਕ ਕੰਮਾਂ ਦਾ 37 ਸਾਲਾਂ ਤੋਂ ਜ਼ਿਆਦਾ ਦਾ ਤਜਰਬਾ ਹੈ। ਉਹ ਜ਼ਮੀਨੀ ਪੱਧਰ ‘ਤੇ ਲੋਕਾਂ ਵਿਚ ਅਤੇ ਆਪਣੇ ਸਾਥੀਆਂ ਦਰਮਿਆਨ ਬਹੁਤ ਹਰਮਨ ਪਿਆਰੇ ਹਨ। ਜੇ.ਡੀ. (ਯੂ.) ਨੇਤਾ ਉਪੇਂਦਰ ਕੁਸ਼ਵਾਹਾ ਨੇ ਇਸ ਗੱਲ ‘ਤੇ ਆਪਣੀ ਸਹਿਮਤੀ ਦਿੰਦਿਆਂ ਕਿਹਾ ਕਿ ਨਿਤਿਸ਼ ਜੀ ਤੁਸੀਂ ਅੱਗੇ ਵਧੋ, ਦੇਸ਼ ਤੁਹਾਡੀ ਉਡੀਕ ਕਰ ਰਿਹਾ ਹੈ। ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਦੇ ਕਰੀਬੀ ਸਹਿਯੋਗੀ ਲਲਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ, ਇਸ ‘ਤੇ ਵਿਵਾਦ ਦੀ ਬਜਾਏ ਵਿਰੋਧੀ ਏਕਤਾ ‘ਤੇ ਧਿਆਨ ਦੇਣਾ ਮਹੱਤਵਪੂਰਨ ਹੈ। ਨਿਤਿਸ਼ ਕੁਮਾਰ ਦੇ ਭਾਜਪਾ ਨਾਲੋਂ ਨਾਤਾ ਟੁੱਟਣ ਅਤੇ ਵਿਰੋਧੀ ਧਿਰ ਵਿਚ ਵਾਪਸੀ ਨਾਲ 2024 ਦੀਆਂ ਆਮ ਚੋਣਾਂ ਲਈ ਸਹਿਮਤੀ ਵਾਲੇ ਉਮੀਦਵਾਰ ਵਜੋਂ ਉਨ੍ਹਾਂ ਬਾਰੇ ਚਰਚਾ ਮੁੜ ਸ਼ੁਰੂ ਹੋ ਗਈ ਹੈ। ਹਾਲਾਂਕਿ ਇਹ ਯੂ.ਪੀ.ਏ. ਅਤੇ ਵੱਖ-ਵੱਖ ਖੇਤਰੀ ਦਲਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਨਿਤਿਸ਼ ਕੁਮਾਰ ਨੂੰ ਸਮਰਥਨ ਦੇਣਗੇ ਜਾਂ ਨਹੀਂ।
ਨਿਤਿਸ਼ ਕੁਮਾਰ ਹੋਣਗੇ ਮੋਦੀ ਦੇ ਮੁਕਾਬਲੇ ਵਿਰੋਧੀ ਦਲਾਂ ਦੇ ਪੀ ਐੱਮ???

Comment here