ਅਪਰਾਧਸਿਆਸਤਖਬਰਾਂ

ਨਿਤਿਆਨੰਦ ਨੇ 30 ਅਮਰੀਕੀ ਸ਼ਹਿਰਾਂ ’ਚ ਮਾਰੀ ਠੱਗੀ-ਖੁਲਾਸਾ

ਅਮਰੀਕਾ-ਨਿਤਿਆਨੰਦ ਅਗਵਾ ਸਮੇਤ ਕਈ ਹੋਰ ਮਾਮਲਿਆਂ ਦਾ ਦੋਸ਼ੀ ਹੈ ਜੋ 2019 ਵਿੱਚ ਭਾਰਤ ਛੱਡ ਕੇ ਫਰਾਰ ਹੈ। ‘ਸੰਯੁਕਤ ਰਾਜ ਕੈਲਾਸਾ’ ਵਸਾਉਣ ਦਾ ਦਾਅਵਾ ਕਰਨ ਵਾਲਾ ਨਿਤਿਆਨੰਦ ਇਕ ਵਾਰ ਫਿਰ ਆਪਣੀ ਜਾਅਲਸਾਜ਼ੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਨਿਊਜਰਸੀ ਸੂਬੇ ਵਿਚ ਸਥਿਤ ਨੇਵਾਰਕ ਸਿਟੀ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਨੇਵਾਰਕ ਦੇ ਮੇਅਰ ਨੇ ਇਹ ਮੰਨਿਆ ਹੈ ਕਿ ਉਹ ਨਿਤਿਆਨੰਦ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਉਸ ਨੇ ਇਕ-ਦੋ ਨਹੀਂ ਸਗੋਂ 30 ਅਮਰੀਕੀ ਸ਼ਹਿਰਾਂ ਨੂੰ ਠੱਗਿਆ ਹੈ। ਇਹ ਖੁਲਾਸਾ ਫੌਕਸ ਨਿਊਜ਼ ਨੇ ਬੀਤੇ ਦਿਨੀਂ ਕੀਤਾ ਸੀ।
ਦਰਅਸਲ, ਨਿਤਿਆਨੰਦ ਦੇ ਅਖੌਤੀ ਦੇਸ਼ ਕੈਲਾਸਾ ਨੇ ਅਮਰੀਕੀ ਰਾਜ ਨਿਊਜਰਸੀ ਦੇ ਸ਼ਹਿਰ ਨੇਵਾਰਕ ਨਾਲ ‘ਸਿਸਟਰ ਸਿਟੀ’ ਦਾ ਇਕਰਾਰਨਾਮਾ ਕੀਤਾ ਸੀ। ਨੇਵਾਰਕ ਨਾਲ ਕੈਲਾਸਾ ਦਾ ਇਹ ਸਮਝੌਤਾ 12 ਜਨਵਰੀ ਨੂੰ ਹੋਇਆ ਸੀ ਪਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨੇਵਾਰਕ ਸਿਟੀ ਦੇ ਮੇਅਰ ਰੇਸ ਬਾਰਾਂਕਾ ਨੇ ਕੈਲਾਸਾ ਦੇ ਪ੍ਰਤੀਨਿਧਾਂ ਨੂੰ ਨੇਵਾਰਕ ਸਿਟੀ ਹਾਲ ਵਿੱਚ ਸੱਭਿਆਚਾਰਕ ਵਪਾਰ ਸਮਝੌਤੇ ਲਈ ਸੱਦਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਅਸਲ ਵਿਚ ਕੈਲਾਸਾ ਦੀ ਹੋਂਦ ਹੀ ਨਹੀਂ ਹੈ। ਇਸ ਤੋਂ ਬਾਅਦ ਨਿਤਿਆਨੰਦ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਉਨ੍ਹਾਂ ਦੇ ਦੇਸ਼ ਕੈਲਾਸਾ ਨੂੰ ਮਾਨਤਾ ਦੇ ਦਿੱਤੀ ਹੈ। ਨਿਤਿਆਨੰਦ ਨੇ ਇਸ ਸਮਝੌਤੇ ਨਾਲ ਜੁੜੇ ਸਮਾਰੋਹ ਦੀਆਂ ਕਈ ਤਸਵੀਰਾਂ ਫੇਸਬੁੱਕ ’ਤੇ ਵੀ ਸ਼ੇਅਰ ਕੀਤੀਆਂ ਸਨ। ਹਾਲਾਂਕਿ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੇਵਾਰਕ ਸਿਟੀ ਕੌਂਸਲ ਨੇ 18 ਜਨਵਰੀ ਨੂੰ ਕੈਲਾਸਾ ਨਾਲ ਹਸਤਾਖਰ ਕੀਤੇ ਸਿਸਟਰ ਸਿਟੀ ਸਮਝੌਤੇ ਨੂੰ ਤੁਰੰਤ ਰੱਦ ਕਰ ਦਿੱਤਾ। ਨੇਵਾਰਕ ਦੇ ਸੰਚਾਰ ਵਿਭਾਗ ਦੇ ਪ੍ਰੈੱਸ ਸਕੱਤਰ ਸੂਜ਼ੈਨ ਗੈਰੋਫਲੋ ਨੇ ਕਿਹਾ ਕਿ ਨੇਵਾਰਕ ਸ਼ਹਿਰ ਵਿਭਿੰਨ ਸੰਸਕ੍ਰਿਤੀਆਂ ਦੇ ਲੋਕਾਂ ਨਾਲ ਸਾਂਝੇਦਾਰੀ ਲਈ ਵਚਨਬੱਧ ਹੈ ਪਰ ਇਹ ਅਫਸੋਸਨਾਕ ਘਟਨਾ ਸੀ। ਦਿਲਚਸਪ ਗੱਲ ਇਹ ਹੈ ਕਿ ਨੇਵਾਰਕ ਇਕੱਲਾ ਅਜਿਹਾ ਸ਼ਹਿਰ ਨਹੀਂ ਹੈ ਜਿਸ ਨੇ ਕੈਲਾਸਾ ਨਾਲ ‘ਸਿਸਟਰ ਸਿਟੀ’ ਸੌਦੇ ’ਤੇ ਹਸਤਾਖਰ ਕੀਤੇ ਹਨ, ਸਗੋਂ ਨਿਤਿਆਨੰਦ ਦੇ ਕੈਲਾਸਾ ਨੇ 30 ਸ਼ਹਿਰਾਂ ਨਾਲ ਇਸੇ ਤਰ੍ਹਾਂ ਦੇ ਕੰਟਰੈਕਟ ਕੀਤੇ ਹਨ। ‘ਫੌਕਸ’ ਦੀ ਰਿਪੋਰਟ ਮੁਤਾਬਕ ਕਈ ਮੇਅਰਾਂ ਨੇ ਅਜਿਹੇ ਸੌਦਿਆਂ ’ਤੇ ਦਸਤਖਤ ਕੀਤੇ ਹਨ। ਰਿਪੋਰਟ ਮੁਤਾਬਕ ਕੈਲਾਸਾ ਨੇ ਸੌਦੇ ’ਤੇ ਦਸਤਖਤ ਕਰਨ ਲਈ ਸਾਰੇ ਸ਼ਹਿਰਾਂ ਨੂੰ ਅਪਲਾਈ ਕੀਤਾ ਸੀ।
‘ਸਿਸਟਰ ਸਿਟੀ’ ਸਮਝੌਤਾ 2 ਸ਼ਹਿਰਾਂ, ਰਾਜਾਂ ਜਾਂ ਦੇਸ਼ਾਂ ਵਿੱਚ 2 ਭਾਈਚਾਰਿਆਂ ਵਿਚਕਾਰ ਇਕ ਲੰਬੇ ਸਮੇਂ ਦੀ ਭਾਈਵਾਲੀ ਹੈ। ਇਹ ਇਕਰਾਰਨਾਮਾ ਸਿਰਫ਼ ਉਦੋਂ ਹੀ ਅਧਿਕਾਰਤ ਤੌਰ ’ਤੇ ਮਾਨਤਾ ਪ੍ਰਾਪਤ ਹੁੰਦਾ ਹੈ ਜਦੋਂ ਦੋਵਾਂ ਸ਼ਹਿਰਾਂ ਜਾਂ ਭਾਈਚਾਰਿਆਂ ਦੇ ਚੁਣੇ ਜਾਂ ਨਿਯੁਕਤ ਅਧਿਕਾਰੀ ਇਕ ਸਮਝੌਤੇ ’ਤੇ ਹਸਤਾਖਰ ਕਰਦੇ ਹਨ। ਉਦਾਹਰਨ ਲਈ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਪੁਣੇ ਸ਼ਹਿਰ ਦਾ ਸਿਸਟਰ ਸਿਟੀ ਸਬੰਧ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਜੋਸ ਸ਼ਹਿਰ ਨਾਲ ਹੈ। ਇਕ ਸ਼ਹਿਰ ’ਚ ਕਈ ਸਿਸਟਰ ਸਿਟੀਜ਼ ਹੋ ਸਕਦੀਆਂ ਹਨ, ਜਿਸ ਵਿੱਚ ਭਾਈਚਾਰਕ ਸ਼ਮੂਲੀਅਤ ਨਿਭਾਉਣ ਵਾਲੇ ਵਾਲੰਟੀਅਰਾਂ ਦੀ ਗਿਣਤੀ ਅੱਧੀ ਦਰਜਨ ਤੋਂ ਲੈ ਕੇ ਸੈਂਕੜੇ ਤੱਕ ਹੁੰਦੀ ਹੈ। ਨਿਤਿਆਨੰਦ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਣ ਭਾਰਤ ਵਿਚ ਭਗੌੜਾ ਐਲਾਨ ਦਿੱਤਾ ਗਿਆ ਸੀ। ਨਵੰਬਰ 2019 ਵਿਚ ਗੁਜਰਾਤ ਪੁਲਿਸ ਨੇ ਕਿਹਾ ਸੀ ਕਿ ਉਹ ਫਰਾਰ ਹੋ ਗਿਆ ਸੀ। ਪੁਲਿਸ ਉਸ ਦੇ ਆਸ਼ਰਮ ਵਿਚ ਬੱਚਿਆਂ ਨੂੰ ਅਗਵਾ ਕਰਨ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਫਰਜ਼ੀ ਦੇਸ਼ ਦੇ ਨੁਮਾਇੰਦੇ ਨੂੰ ਸੰਯੁਕਤ ਰਾਸ਼ਟਰ ਦੇ ਵੱਕਾਰੀ ਸਮਾਗਮ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਕਿਸ ਨੇ ਦਿੱਤੀ? ਕੀ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਨੂੰ ਇੰਨਾ ਵੱਡਾ ਪਲੇਟਫਾਰਮ ਦੇਣ ਨਾਲ ਉਨ੍ਹਾਂ ਦਾ ਹੌਸਲਾ ਨਹੀਂ ਵਧੇਗਾ? ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਕੀ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿਚ ਕਿਸੇ ਅਜਿਹੇ ਅਖੌਤੀ ਦੇਸ਼ ਦੇ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦੇਣਾ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦਾ ਅਪਮਾਨ ਨਹੀਂ ਹੈ?

Comment here