ਸਾਹਿਤਕ ਸੱਥ

ਨਾ ਰੋ!

ਨਾ ਰੋ ਐਵੇਂ ਦੀਦੇ ਨਾ ਗਾਲ!
ਘੁੱਟ ਲੈ ਦੰਦਾਂ ‘ਚ ਫ਼ਰਕਦੇ ਹੋਠਾਂ ਦੀ ਪੀੜ,
ਸਾਂਭ ਲੈ ਗਲ ‘ਚ ਖਿੱਲਰੇ ਵਾਲ!
ਨਾ ਰੋ ਐਵੇਂ ਦੀਦੇ ਨਾ ਗਾਲ।
ਕਿੰਨਾ ਕੁ ਚਿਰ ਅੱਖਾਂ ‘ਚ ਅੱਥਰੂ ਲੈ ਕੇ
ਤੇ ਕੋਠੇ ‘ਤੇ ਚੜ੍ਹ ਕੇ
ਵੇਖੇਂਗੀ ਜਾਂਦੇ ਪਰਦੇਸੀ ਦੀ ਕੰਡ!
ਕਿੰਨਾ ਕੁ ਚਿਰ ਚੁੱਕੇਂਗੀ ਸਿਰ ‘ਤੇ
ਸੁੱਤੇ ਹੋਏ ਦਿਨ
ਤੇ ਜਾਗਦੀਆਂ ਰਾਤਾਂ ਦੀ ਪੰਡ।
ਹੈਰਾਨ ਨਾ ਹੋ!
ਉਹ ਕਵੀ ਤੇਰਾ ਕੁਝ ਨਹੀਂ ਲੱਗਦਾ,
ਜੋ ਰੇਡੀਓ ‘ਤੇ ਜਾ ਕੇ
ਤੇਰੇ ਭੁੱਖੇ ਬਾਪੂ ਦੇ ਖੇਤਾਂ ‘ਚ ਨੱਚਦੀ
ਹਰੀ ਕ੍ਰਾਂਤੀ ਨੂੰ ਤੱਕਦਾ ਹੈ।
ਜਿਸ ਨੂੰ ਧਰਤੀ ਦੇ ਚੱਪੇ ਚੱਪੇ ‘ਤੇ
ਡੁੱਲ੍ਹਾ ਖ਼ੂਨ ਨਹੀਂ ਦਿੱਸਦਾ,
ਜੋ ਤਿਰੰਗੇ ‘ਚ ਮੁਸਕਰਾਉਂਦੀ
ਸ਼ਾਂਤੀ ਨੂੰ ਤੱਕਦਾ ਹੈ
ਉਹ ਕਵੀ ਤੇਰਾ ਕੁਝ ਨਹੀਂ ਲੱਗਦਾ।
ਉਹ ਤਾਂ ਹੱਸਦਾ ਹੈ
ਤੈਨੂੰ ਸ਼ਰਾਬੀ ਸੇਠ ਦੀਆਂ
ਅੱਖਾਂ ‘ਚ ਡੁੱਬਦਿਆਂ ਤੱਕ ਕੇ।
ਉਂਜ ਉਹ ਵੀ ਸੱਚਾ ਹੈ!
ਕਾਰ ਦੀ ਪਿਛਲੀ ਸੀਟ ‘ਤੇ
ਜਦੋਂ ਤੇਰੀਆਂ ਅੱਖਾਂ ‘ਚ ਚੁਭਦੀਆਂ ਹਨ
ਸ਼ਰਾਬੀ ਸਮਗਲਰ ਦੀਆਂ ਮੁੱਛਾਂ
ਤੇ ਕਾਰ ਦੇ ਅਗਲੇ ਟਾਇਰਾਂ ਹੇਠ
ਤੇਰੇ ਵਿਚਲੀ ਔਰਤ
ਆਟੇ ਦਾ ਪੀਪਾ ਫੜ੍ਹੀ ਕੁਚਲੀ ਜਾਂਦੀ ਹੈ;
ਉਹ ਉਦੋਂ ਲੈ ਰਿਹਾ ਹੁੰਦਾ ਹੈ
‘ਪਦਮਸ਼੍ਰੀ’ ਵਗ਼ੈਰਾ ਦਾ ਖ਼ਿਤਾਬ
ਤੇ ਉਤਰਵਾ ਰਿਹਾ ਹੁੰਦਾ ਹੈ,
ਪ੍ਰਧਾਨ ਮੰਤਰੀ ਦੇ ਨਾਲ ਫ਼ੋਟੋ।
ਇੰਜ ਉਸ ਨੂੰ ਤੇਰਾ ਪਤਾ ਵੀ ਕੀ ਹੋਣਾ ਹੈ!
ਤੇ ਉਸ ਤੇਰੇ ਲਈ ਕੀ ਰੋਣਾ ਹੈ!
ਉਂਜ ਉਹ ਵੀ ਸੱਚਾ ਹੈ!
ਨਾ ਰੋ, ਏਥੇ ਤਾਂ ਅਜੇ
ਆਪਣੇ ਵੰਡੇ ਦਾ ਆਪੇ ਹੀ ਹੂੰਗਣਾ ਪੈਂਦਾ
ਅਜੇ ਤਾਂ ਤੋਤਾ ਵੀ ਅੱਖਾਂ ‘ਚ ਅੱਖ ਪਾਉਣੋਂ
ਸ਼ਰਮ ਖਾਂਦਾ ਹੈ।
ਜ਼ਖ਼ਮੀ ਸੀਨੇ ਵਾਲਾ ਹਾਰ ਜਦੋਂ
ਆਣ ਟਿਕਦਾ ਹੈ
ਚਿੱਟ-ਕੱਪੜੀਏ ਨੇਤਾ ਦੀ ਕਾਲੀ ਧੌਣ ਉਤੇ
ਤਾਂ ਫ਼ੁੱਲਾਂ ਦੀ ਮਹਿਕ ਵੀ
ਭਰ ਆਉਂਦੀ ਹੈ ਅੱਖਾਂ ‘ਚ ਅੱਥਰੂ।
ਪਰ ਕਿੰਨਾ ਕੁ ਚਿਰ ਰੋਏਂਗੀ ਧੂੰਏਂ ਦੇ ਪੱਜ?
ਏਦਾਂ ਕਿਸੇ ਡਾਚੀ ਦਾ ਖ਼ੁਰਾ ਨਹੀਂ ਦਿੱਸਣਾ।
ਐਵੇਂ ਚੁੱਲ੍ਹੇ ਦੀ ਠੰਡੀ ਸਵਾਹ ‘ਤੇ
ਔਂਸੀਆਂ ਪਾ ਕੇ ਉਂਗਲਾਂ ਨਾ ਲੂਹ
ਤੇਰਾ ਨੰਗੇਜ ਕੱਜਣ
ਕਿਸੇ ਕ੍ਰਿਸ਼ਨ ਨਹੀਂ ਆਉਣਾ,
ਕਿਉਂਕਿ ਤੂੰ ਕਿਸੇ ਪੰਚਾਲ ਦੇ
ਰਾਜੇ ਦੀ ਧੀ ਦ੍ਰੋਪਦੀ ਨਹੀਂ।
ਉਂਜ ਵੀ ਕ੍ਰਿਸ਼ਨ ਦਰਯੋਧਨ ਦੀ
ਕਾਰ ਵਿਚ ਬਹਿ ਕੇ
ਉਦਘਾਟਨ ਸਮਾਰੋਹ ਦੀ ਰਸਮ
ਅਦਾ ਕਰਨ ਗਿਆ ਹੋਇਆ ਹੈ
ਤੇ ਸਾਰੀਆਂ ‘ਭਾਰਤੀ ਸਾੜ੍ਹੀਆਂ’
ਸਟੋਰਾਂ ਵਿਚ ਭੇਜ ਦਿੱਤੀਆਂ ਗਈਆਂ ਹਨ;
ਤਾਂ ਕਿ ਉਨ੍ਹਾਂ ‘ਤੇ ਲਾਏ ਜਾ ਸਕਣ
‘ਮੇਡ ਇਨ ਜਾਪਾਨ’ ਦੇ ਲੇਬਲ।
ਨਾ ਰੋ, ਕਿ ਰੋਇਆਂ ਕਦੀ ਧਰਤੀ ਦੇ
ਪਿੰਡੇ ‘ਤੋਂ ਮੈਲ ਨਹੀਂ ਧੁਪਦੀ
ਰੋਇਆਂ ਕਦੀ ਗਏ ਨਹੀਂ ਮੁੜਦੇ
ਰੋਇਆਂ ਕਦੀ ਰਾਹਾਂ ਦੇ ਰੋੜੇ ਨਹੀਂ ਰੁੜ੍ਹਦੇ
ਜ਼ਿੰਦਗੀ ‘ਚੋਂ ਮਨਫ਼ੀ ਹੋਏ
ਦਿਨ ਫ਼ੇਰ ਨਹੀਂ ਜੁੜਦੇ।
ਨਾ ਰੋ ਐਵੇਂ ਦੀਦੇ ਨਾ ਗਾਲ!
ਘੁੱਟ ਲੈ ਦੰਦਾਂ ‘ਚ ਫ਼ਰਕਦੇ ਹੋਠਾਂ ਦੀ ਪੀੜ
ਸਾਂਭ ਲੈ ਗਲ ‘ਚ ਖਿੱਲਰੇ ਵਾਲ!

ਵਰਿਆਮ ਸੰਧੂ

Comment here