ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਨਾਰਡਿਕ ਦੇਸ਼ਾਂ ਦਾ ਚੀਨ ਪ੍ਰਤੀ ਰਵਈਆ ਬਦਲਿਆ

ਪਿਛਲੇ ਕੁਝ ਸਾਲਾਂ ’ਚ ਆਰਕਟਿਕ ਜਾਂ ਨਾਰਡਿਕ ਦੇਸ਼ਾਂ ਦਾ ਚੀਨ ਪ੍ਰਤੀ ਰਵੱਈਆ ਬਹੁਤ ਹੱਦ ਤਕ ਬਦਲਿਆ ਹੈ। ਅੱਜ ਤੋਂ 5 ਸਾਲ ਪਹਿਲਾਂ ਤਕ ਨਾਰਡਿਕ ਦੇਸ਼ ਜਿਨ੍ਹਾਂ ’ਚ ਨਾਰਵੇ, ਫਿਨਲੈਂਡ, ਸਵੀਡਨ ਅਤੇ ਡੈਨਮਾਰਕ ਆਉਂਦੇ ਹਨ, ਚੀਨ ਦੇ ਬਹੁਤ ਨੇੜੇ ਚਲੇ ਗਏ ਸਨ। ਇਨ੍ਹਾਂ ਦੇਸ਼ਾਂ ਨੇ ਚੀਨ ਦੇ ਨਾਲ ਆਪਣੇ ਵਪਾਰਕ ਰਿਸ਼ਤੇ ਵਧਾਏ, ਚੀਨੀ ਨਿਵਵੇਸ਼ ਨੂੰ ਆਪਣੇ ਦੇਸ਼ਾਂ ’ਚ ਖਿੱਚਣ ਲਈ ਅਤੇ ਚੀਨ ਨਾਲ ਵਪਾਰਕ ਰਿਸ਼ਤੇ ਬਣਾਉਣ ਲਈ ਇਨ੍ਹਾਂ ’ਚ ਆਪਸ ’ਚ ਦੌੜ ਲੱਗੀ ਰਹਿੰਦੀ ਸੀ। ਆਪਣੇ ਦੇਸ਼ ’ਚ ਚੀਨੀ ਤਕਨੀਕੀ ਕੰਪਨੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਕਈ ਸਮਝੌਤੇ ਕੀਤੇ। ਏਸ਼ੀਆ ਮੂਲ ਰੂਪ ’ਚ ਵਿਦੇਸ਼ ਬੈਂਕ ਦਾ ਆਰਕਟਿਕ ਖੇਤਰ ’ਚ ਵਧੇਰੇ ਨਿਵੇਸ਼ ਚਾਹੁੰਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਇਹ ਨਾਰਡਿਕ ਦੇਸ਼ ਅੱਜ ਦੀ ਤਰੀਕ ’ਚ ਨਾ ਸਿਰਫ ਚੀਨ ਨਾਲ ਆਪਣੇ ਵਪਾਰਕ ਰਿਸ਼ਤਿਆਂ ਨੂੰ ਰੋਕ ਰਹੇ ਹਨ ਸਗੋਂ ਚੀਨੀ ਤਕਨੀਕੀ ਕੰਪਨੀਆਂ ਨੂੰ ਵੀ ਅਲਵਿਦਾ ਕਹਿ ਰਹੇ ਹਨ। ਨਾਰਡਿਕ ਦੇਸ਼ਾਂ ਦੇ ਇਸ ਕਦਮ ਨਾਲ ਚੀਨ ਨੂੰ ਜੋ ਝਟਕਾ ਲੱਗਾ, ਨੂੰ ਦੇਖਦੇ ਹੋਏ ਚੀਨ ਨੇ ਇਨ੍ਹਾਂ ਦੇਸ਼ਾਂ ’ਤੇ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਨਤੀਜਾ ਇਹ ਨਿਕਲਿਆ ਕਿ ਹੁਣ ਇਹ ਦੇਸ਼ ਚੀਨ ਨੂੰ ਆਪਣੇ ਦੇਸ਼ ’ਚ ਦੇਖਣਾ ਤੱਕ ਨਹੀਂ ਚਾਹੁੰਦੇ। ਇਨ੍ਹਾਂ ਦੇਸ਼ਾਂ ਦੀ ਇਸ ਹਰਕਤ ਨਾਲ ਚੀਨ ਬੁਰੀ ਤਰ੍ਹਾਂ ਕਲਪ ਗਿਆ ਹੈ।
 ਸੁਰੱਖਿਆ ਦੇ ਮੁੱਦੇ ਅਤੇ ਸਿਆਸੀ ਸੰਵੇਦਨਸ਼ੀਲਤਾ ਵਰਗੇ ਮੁੱਦਿਆਂ ਨੂੰ ਲੈ ਕੇ ਚੀਨ ਅਤੇ ਨਾਰਡਿਕ ਦੇਸ਼ਾਂ ਦਰਮਿਆਨ ਫੁੱਟ ਪੈਣੀ ਸ਼ੁਰੂ ਹੋ ਗਈ ਹੈ। 2019 ’ਚ ਚੀਨੀ ਟੈਲੀਕਾਮ ਤਕਨੀਕੀ ਕੰਪਨੀ ਜੋ 5ਜੀ ਤਕਨੀਕ ਨਾਲ ਉਕਤ ਦੇਸ਼ਾਂ ’ਚ ਆਉਣਾ ਚਾਹੁੰਦੀ ਸੀ, ਉੱਤੇ ਨਾਰਡਿਕ ਸਰਕਾਰਾਂ ਨੂੰ ਸੁਰੱਖਿਆ ਦੇ ਮੁੱਦੇ ਨੂੰ ਦੇਖਦੇ ਹੋਏ ਪਾਬੰਦੀ ਲਾ ਦਿੱਤੀ। ਇਨ੍ਹਾਂ ਦੇਸ਼ਾਂ ਨੂੰ ਇਸ ਗੱਲ ਦਾ ਖਤਰਾ ਸੀ ਕਿ ਹੁਆਵੇ ਕੰਪਨੀ ਉਨ੍ਹਾਂ ਦੀ ਸਾਰੀ ਨਾਜ਼ੁਕ ਜਾਣਕਾਰੀ ਚੀਨ ਦੀ ਕਮਿਊਨਿਸਟ ਸਰਕਾਰ ਨਾਲ ਸਾਂਝੀ ਕਰੇਗੀ। ਚੀਨ ’ਚ ਅਜਿਹੀ ਵਿਵਸਥਾ ਹੈ ਕਿ ਜਦੋਂ ਦੇਸ਼ ਨੂੰ ਲੋੜ ਪਏ ਤਾਂ ਸਭ ਨਿੱਜੀ ਅਤੇ ਸਰਕਾਰੀ ਕੰਪਨੀਆਂ ਆਪਣੀ ਜਾਣਕਾਰੀ ਸਰਕਾਰ ਨਾਲ ਸਾਂਝੀਆਂ ਕਰਨਗੀਆਂ। ਹਾਂਗਕਾਂਗ ਪ੍ਰਦਰਸ਼ਨ ਦੌਰਾਨ ਚੀਨ ਸਰਕਾਰ ਦਾ ਭਿਆਨਕ ਰਵੱਈਆ, ਸ਼ਿਨਚਿਆਂਗ ਖੁਦਮੁਖਤਾਰ ਸੂਬੇ ’ਚ ਉਈਗਰ ਮੁਸਲਮਾਨਾਂ ਨੂੰ ਕੈਂਪਾਂ ’ਚ ਰੱਖਣਾ ਅਤੇ ਉਨ੍ਹਾਂ ਕੋਲੋਂ ਜਬਰੀ ਮਜ਼ਦੂਰੀ ਕਰਵਾਉਣਾ ਜਿਸ ਕਾਰਨ ਨਾਰਡਿਕ ਦੇਸ਼ਾਂ ਨੇ ਚੀਨ ਨਾਲ ਆਪਣੇ ਸੰਬੰਧਾਂ ’ਤੇ ਮੁੜ ਤੋਂ ਵਿਚਾਰ ਕੀਤਾ, ਆਪਣੇ ਚੀਨ ਨਾਲ ਭਵਿੱਖ ਦੇ ਸੰਬੰਧਾਂ ਨੂੰ ਸਮੇਟਣ ਲੱਗੇ। ਹੁਣ ਇਹ ਦੇਸ਼ ਚੀਨ ਨੂੰ ਆਪਣਾ ਮੁਕਾਬਲੇਬਾਜ਼ ਮੰਨਦੇ ਹਨ। ਇਸ ਤੋਂ ਪਹਿਲਾਂ ਡੈਨਮਾਰਕ ਅਤੇ ਸਵੀਡਨ ਦੇ ਚੀਨ ਨਾਲ ਰਿਸ਼ਤੇ ਇੰਨੇ ਖਰਾਬ ਹੋ ਗਏ ਹਨ ਕਿ ਉਹ ਲੜਾਈ-ਝਗੜੇ ਦੇ ਪੱਧਰ ਤਕ ਪਹੁੰਚ ਗਏ। ਡੈਨਮਾਰਕ ਦੇ ਮਾਮਲੇ ’ਚ ਇਕ ਸਥਾਨਕ ਅਖਬਾਰ ਵਲੋਂ ਚੀਨ ਦੇ ਝੰਡੇ ਦਾ ਕਾਰਟੂਨ ਕੋਰੋਨਾ ਵਾਇਰਸ ਦੇ ਨਾਲ ਬਣਾਉਣਾ ਚੀਨ ਨੂੰ ਚੁੱਭ ਗਿਆ।
ਇਸ ਤੋਂ ਇਲਾਵਾ ਡੈਨਮਾਰਕ ਦੇ ਸੰਸਦ ਭਵਨ ਦੇ ਸਾਹਮਣੇ ‘ਪਿਲਰ ਆਫ ਸ਼ੇਮ’ ਨਾਮੀ ਇਕ ਯਾਦਗਾਰ ਬਣਾਉਣ ਨਾਲ ਚੀਨ ਬੁਰੀ ਤਰ੍ਹਾਂ ਕਲਪ ਗਿਆ। ਬਦਲੇ ’ਚ ਚੀਨ ਨੇ ਡੈਨਮਾਰਕ ਦੀ ਇਕ ਗੈਰ-ਸਰਕਾਰੀ ਸੰਸਥਾ ਅਲਾਇੰਸ ਆਫ ਡੈਮੋਕ੍ਰੇਸੀਜ਼ ’ਤੇ ਪਾਬੰਦੀ ਲਾ ਦਿੱਤੀ। ਇਸ ਘਟਨਾ ਪਿਛੋਂ ਦੋਹਾਂ ਦੇਸ਼ਾਂ ਦੇ ਸੰਬੰਧ ਹੋਰ ਵੀ ਖਰਾਬ ਹੋ ਗਏ। ਸਵੀਡਨ ਦੇ ਮਾਮਲੇ ’ਚ ਹਾਂਗਕਾਂਗ ’ਚ ਇਕ ਸਵੀਡਿਸ਼ ਨਾਗਰਿਕ ਕੁਈ ਮਿਨਹਾਈ ਨੂੰ ਚੀਨ ਦੀ ਪੁਲਸ ਨੇ ਫੜ ਕੇ ਉਸ ਵਿਰੁੱਧ ਚੀਨ ਦੀ ਸਵੀਡਨ ਲਈ ਜਾਸੂਸੀ ਕਰਨ ਦਾ ਦੋਸ਼ ਲਗਾ ਕੇ 10 ਸਾਲਾਂ ਦੇ ਲਈ ਜੇਲ ’ਚ ਭੇਜ ਦਿੱਤਾ। ਚੀਨ ਦੀ ਤਕਨੀਕੀ ਕੰਪਨੀ ਹੁਆਵੇ ’ਤੇ ਸਵੀਡਨ ਵਲੋਂ ਪਾਬੰਦੀ ਲਾਉਣ ਨਾਲ ਸੰਬੰਧਾਂ ’ਚ ਵਿਗਾੜ ਪੈਦਾ ਹੋ ਗਿਆ। ਇਸ ਤੋਂ ਇਲਾਵਾ ਚੀਨ ਵਲੋਂ ਸਵੀਡਨ ਮਾਮਲੇ ’ਚ ਸ਼ਾਟਗਨ ਡਿਪਲੋਮੇਸੀ ਨੇ ਦੋਹਾਂ ਦੇ ਸੰਬੰਧਾਂ ਨੂੰ ਹੋਰ ਵੀ ਖਰਾਬ ਕਰ ਦਿੱਤਾ। ਓਧਰ ਫਿਨਲੈਂਡ ਨੂੰ ਚੀਨ ਕੋਲੋਂ ਆਪਣੇ ਨਾਜ਼ੁਕ ਮੂਲ ਢਾਂਚਿਆਂ ਨੂੰ ਖਤਰਾ ਸੀ। ਇਸ ਗੱਲ ਦੀ ਜਾਣਕਾਰੀ ਫਿਨਲੈਂਡ ਦੀ ਸਰਕਾਰ ਨੂੰ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਸੇਵਾ ਸੂਪੋ ਤੋਂ ਲੱਗੀ। ਚੀਨ ’ਤੇ ਫਿਨਲੈਂਡ ਦੇ ਨਾਜ਼ੁਕ ਡਾਟਾ ਚੋਰੀ ਕਰਨ ਅਤੇ ਉਨ੍ਹਾਂ ਦੀ ਖੁਫੀਆ ਜਾਣਕਾਰੀ ਕਮਿਊਨਿਸਟ ਸਰਕਾਰ ਨੂੰ ਭੇਜਣ ਦੇ ਦੋਸ਼ ਲੱਗੇ।
ਨਾਰਡਿਕ ਦੇਸ਼ ਚੀਨ ਪ੍ਰਤੀ ਇੰਨੇ ਚੌਕਸ ਹੋ ਗਏ ਕਿ ਸਵੀਡਨ ਦੀ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਚੀਨ ਦਾ ਨਾਂ ਲੈਂਦੇ ਹੋਏ ਕਿਹਾ ਕਿ ਚੀਨ ਸਵੀਡਨ ਲਈ ਇਕ ਦੁਸ਼ਮਣ ਦੇਸ਼ ਹੈ। ਇਸ ਨਾਲ ਸਵੀਡਨ ਨੂੰ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ, ਆਰਥਿਕ ਤਰੱਕੀ ਦੀ ਆਜ਼ਾਦੀ, ਸਿਆਸੀ ਫੈਸਲੇ ਲੈਣ ਦੀ ਸ਼ਕਤੀ ਅਤੇ ਦੇਸ਼ ਦੀ ਸਰਹੱਦ ਦੀ ਪ੍ਰਭੂਸੱਤਾ ਨੂੰ ਖਤਰਾ ਹੈ। ਨਾਰਡਿਕ ਦੇਸ਼ਾਂ ਲਈ ਚੀਨ ਇਕ ਵਧਦਾ ਹੋਇਆ ਖਤਰਾ ਬਣ ਗਿਆ ਹੈ। ਉਸ ਨੂੰ ਕਾਬੂ ’ਚ ਕਰਨਾ ਬਹੁਤ ਔਖਾ ਹੈ। ਚੀਨ ਨੇ ਇਨ੍ਹਾਂ ਦੇਸ਼ਾਂ ’ਚ ਚੀਨ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੀ ਬੁਰਾਈ, ਚੀਨ ਦੀ ਹਾਂਗਕਾਂਗ ਅਤੇ ਤਿੱਬਤ ’ਤੇ ਨੀਤੀ ਦੀ ਬੁਰਾਈ ਨੂੰ ਬਹੁਤ ਹਮਲਾਵਰ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇਹ ਦੇਸ਼ ਚੀਨ ਨਾਲੋਂ ਆਪਣੀ ਦੂਰੀ ਬਣਾਉਣ ਲੱਗੇ। ਚੀਨ ਨੇ ਇਨ੍ਹਾਂ ਦੇਸ਼ਾਂ ’ਚ ਚੀਨ ਦੇ ਸੱਭਿਆਚਾਰਕ ਪੱਖਾਂ ਨੂੰ ਪੜ੍ਹਾਉਣ ਲਈ ਕੰਫਿਊਸ਼ਿਸ ਅਦਾਰਾ ਬਣਾਇਆ ਸੀ ਪਰ ਅਸਲ ’ਚ ਚੀਨ ਇਸ ਦੀ ਆੜ ’ਚ ਇਨ੍ਹਾਂ ਦੇਸ਼ਾਂ ਦੀ ਜਾਸੂਸੀ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਫਿਨਲੈਂਡ ਨੇ ਐਲਸਿੰਕੀ ਯੂਨੀਵਰਸਿਟੀ ’ਚ ਖੁੱਲ੍ਹੇ ਕੰਫਿਊਸ਼ਿਸ ਅਦਾਰੇ ਨੂੰ ਬੰਦ ਕਰ ਦਿੱਤਾ। ਇਸ ਸਮੇਂ ਸਿਰਫ ਡੈਨਮਾਰਕ ’ਚ ਇਕ ਅਦਾਰਾ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਵੀ ਜਲਦੀ ਬੰਦ ਹੋ ਜਾਵੇਗਾ। ਚੀਨ ਅਤੇ ਨਾਰਡਿਕ ਦੇਸ਼ਾਂ ’ਚ ਸੰਬੰਧਾਂ ’ਚ ਹੁਣ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਦੋ ਵੱਡੇ ਕਾਰਨਾਂ ’ਚੋਂ ਚੀਨ ਨਾਲ ਇਨ੍ਹਾਂ ਦੇਸ਼ਾਂ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਅਮਰੀਕਾ ਵਲੋਂ ਨਾਰਡਿਕ ਦੇਸ਼ਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਪ੍ਰਮੁੱਖ ਹੈ। ਦੂਜਾ ਵੱਡਾ ਕਾਰਨ ਜਿਨਪਿੰਗ ਦੇ ਰਾਜ ’ਚ ਚੀਨ ਦਾ ਹਮਲਾਵਰ ਰਵੱਈਆ, ਹਾਂਗਕਾਂਗ ’ਚ ਲੋਕਰਾਜੀ ਅੰਦੋਲਨਾਂ ਨੂੰ ਜਬਰੀ ਕੁਚਲਣਾ ਅਤੇ ਸ਼ਿਨਚਿਆਂਗ ਖੁਦਮੁਖਤਾਰ ਸੂਬੇ ’ਚ ਉਈਗਰ ਮੁਸਲਮਾਨਾਂ ’ਤੇ ਹੋਣ ਵਾਲੇ ਅੱਤਿਆਚਾਰ ਸ਼ਾਮਲ ਹਨ।

Comment here