ਸਿਆਸਤਖਬਰਾਂ

ਨਾਮੀਬੀਆ ਤੋੰ ਭਾਰਤ ਆ ਗਏ 8 ਚੀਤੇ

ਨਵੀਂ ਦਿੱਲੀ- ਆਪਣਾ ਘਰ ਬਾਰ ਛੱਡ ਕੇ ਕਿਤੇ ਹੋਰ ਜਾਣਾ ਸੌਖਾ ਕੰਮ ਨਹੀਂ ਹੁੰਦਾ ਕਿਉਂਕਿ ਉੱਥੇ ਸਾਡੀਆਂ ਕਈ ਯਾਦਾਂ ਜੁੜੀਆਂ ਹੁੰਦੀਆਂ ਹਨ। ਇਹ ਗੱਲ ਸਿਰਫ ਮਨੁੱਖਾਂ ਲਈ ਹੀ ਨਹੀਂ ਸਗੋਂ ਜਾਨਵਰਾਂ ਲਈ ਵੀ ਓਨੀ ਢੁੱਕਵੀ ਹੈ। ਪਰ ਕਈ ਵਾਰ ਨਾ ਚਾਹੁੰਦੇ ਹੋਏ ਵੀ ਸਾਨੂੰ ਆਪਣੇ ਘਰ ਤੋਂ ਦੂਰ ਜਾਣਾ ਪੈਂਦਾ ਹੈ ਅਤੇ ਇੱਕ ਨਵੀਂ ਜਗ੍ਹਾ ਨੂੰ ਆਪਣਾ ਘਰ ਬਣਾਉਣਾ ਪੈਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਆਉਣ ਵਾਲੇ 8 ਚੀਤਿਆਂ ਨੂੰ ਹੁਣ ਭਾਰਤ ਨੂੰ ਆਪਣਾ ਨਵਾਂ ਘਰ ਬਣਾਉਣਾ ਪੈਣਾ ਹੈ ਕਿਉਂਕਿ ਉਹਨਾਂ ਨੂੰ ਨਾਮੀਬੀਆ ਤੋਂ ਲਿਆਂਦਾ ਗਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਆਉਣ ਵਾਲੇ ਚੀਤਿਆਂ ਦੀ ਗਿਣਤੀ 8 ਹੈ ਜਿਹਨਾਂ ਵਿੱਚ 3 ਨਰ ਅਤੇ 5 ਮਾਦਾ ਚੀਤੇ ਹਨ। ਇਹਨਾਂ ਵਿੱਚ ਦੋ ਭਰਾ, ਦੋ ਦੋਸਤ ਅਤੇ ਇੱਕ 2 ਸਾਲ ਦੀ ਮਾਦਾ ਚੀਤਾ ਹੈ ਜਿਹਨਾਂ ਨੂੰ ਲਗਭਗ 748 ਵਰਗ ਕਿਲੋਮੀਟਰ ਵਿੱਚ ਬਣੇ ਕੁਨੋ ਨੈਸ਼ਨਲ ਪਾਰਕ ਵਿੱਚ ਛੱਡਿਆ ਜਾਣਾ ਹੈ ਤਾਂ ਜੋ ਉਹ ਭਾਰਤ ਵਿੱਚ ਚੀਤਿਆਂ ਦੀ ਘੱਟ ਰਹੀ ਆਬਾਦੀ ਨੂੰ ਵਧਾਉਣ ਵਿੱਚ ਮਦਦ ਕਰ ਸਕਣ। ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਚੀਤੇ ਭਾਰਤ ਵਿੱਚ ਪਾਏ ਜਾਣ ਵਾਲੇ ਏਸ਼ੀਆਈ ਚੀਤਿਆਂ ਨਾਲੋਂ ਵੱਖਰੇ ਹਨ ਜੋ 1950 ਵਿੱਚ ਭਾਰਤ ਵਿੱਚੋਂ ਅਲੋਪ ਹੋ ਗਏ ਸਨ। ਇਹ ਕੰਮ ਕੋਈ ਇੰਨਾ ਸੌਖਾ ਨਹੀਂ ਸੀ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਲੁਪਤ ਹੋਣ ਦੀ ਕਗਾਰ ਵਾਲੀ ਪ੍ਰਜਾਤੀ ਨੂੰ ਲੈ ਕੇ ਆਉਣਾ। ਕਈ ਸਾਲਾਂ ਦੀ ਚਰਚਾ ਅਤੇ ਸੁਪਰੀਮ ਕੋਰਟ ਦੀ ਆਗਿਆ ਮਿਲਣ ਤੋਂ ਬਾਅਦ ਇਹ ਸੰਭਵ ਹੋ ਸਕਿਆ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਚੀਤੇ ਦੀ ਔਸਤ ਉਮਰ ਲਗਭਗ 8-12 ਸਾਲ ਹੁੰਦੀ ਹੈ। 1.6 ਸਾਲ ਦੇ ਹੋਣ ਤੱਕ ਸ਼ਾਵਕਾਂ ਨੂੰ ਉਹਨਾਂ ਦੀ ਮਾਂ ਦੁਆਰਾ ਵੱਡੇ ਪੱਧਰ ‘ਤੇ ਸੁਰੱਖਿਅਤ ਰੱਖਿਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਆਮ ਤੌਰ ‘ਤੇ ਇਕੱਲੇ ਸ਼ਿਕਾਰ ਕਰਨ ਲਈ ਚਲੇ ਜਾਂਦੇ ਹਨ। ਇਸ ਰੀਲੋਕੇਸ਼ਨ ਵਿੱਚ ਜੋ ਚੀਤੇ ਹਨ ਉਹਨਾਂ ਵਿੱਚ ਦੋ ਭਰਾ ਸ਼ਮੀਲ ਹਨ ਜਿਹਨਾਂ ਨੂੰ ਨਾਮੀਬੀਆ ਸਥਿਤ ਚੀਤਾ ਕਨਜ਼ਰਵੇਸ਼ਨ ਫੰਡ (ਸੀ.ਸੀ.ਐੱਫ.) ਦੇ ਲੋਕਲ ਸਟਾਫ ਦੁਆਰਾ 2021 ਵਿੱਚ ਦੇਖਿਆ ਗਿਆ ਸੀ। ਇਹ ਦੋਵੇਂ ਲਗਭਗ 5.5 ਸਾਲ ਦੇ ਹਨ ਜੋ ਓਟਜੀਵਾਰੋਂਗੋ ਦੇ ਨੇੜੇ CCF ਦੇ 58,000 ਹੈਕਟੇਅਰ ਪ੍ਰਾਈਵੇਟ ਰਿਜ਼ਰਵ ‘ਤੇ ਜੰਗਲੀ ਵਿੱਚ ਰਹਿ ਰਹੇ ਸਨ। ਇਹਨਾਂ ਦੋ ਚੀਤਿਆਂ ਤੋਂ ਇਲਾਵਾ ਇੱਕ ਤੀਸਰਾ ਨਰ ਹੈ ਜੋ ਲਗਭਗ 4.5 ਸਾਲ ਦਾ ਹੈ ਅਤੇ ਇਹ ਮਾਰਚ 2018 ਵਿੱਚ ਨਾਮੀਬੀਆ ਦੇ ਏਰਿੰਡੀ ਪ੍ਰਾਈਵੇਟ ਗੇਮ ਰਿਜ਼ਰਵ ਵਿੱਚ ਪੈਦਾ ਹੋਇਆ ਸੀ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਉਸਦੀ ਮਾਂ ਦਾ ਜਨਮ ਹੋਇਆ ਸੀ। ਇਸ ਬੈਚ ਵਿੱਚ ਇੱਕ ਸਭੋ ਤੋਂ ਛੋਟੀ ਉਮਰ ਦੀ ਮਾਦਾ ਚੀਤਾ ਹੈ ਜਿਸਦੀ ਉਮਰ ਲਗਭਗ 2 ਸਾਲ ਹੈ ਅਤੇ ਇਸਨੂੰ ਪਹਿਲੀ ਵਾਰ ਨਾਮੀਬੀਆ ਦੇ ਇੱਕ ਸ਼ਹਿਰ ਗੋਬਾਬਿਸ ਦੇ ਨੇੜੇ ਇੱਕ ਵਾਟਰਹੋਲ ਵਿੱਚ ਆਪਣੇ ਨਰ ਭੈਣ-ਭਰਾ ਨਾਲ ਦੇਖਿਆ ਗਿਆ ਸੀ। ਇਹ ਬੱਚੇ ਸਤੰਬਰ 2020 ਤੋਂ ਸੀਸੀਐਫ ਸੈਂਟਰ ਵਿੱਚ ਰਹਿ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਕੁਪੋਸ਼ਣ ਦਾ ਸ਼ਿਕਾਰ ਸੀ ਜਿਸਨੂੰ CCF ਨੇ ਆਪਣੀ ਦੇਖ ਰੇਖ ਵਿੱਚ ਸੁਧਾਰਿਆ ਹੈ। ਦੂਸਰੀ ਮਾਦਾ ਚੀਤਾ 3-4 ਸਾਲ ਦੀ ਹੈ ਜੋ ਜੁਲਾਈ 2022 ਵਿੱਚ CCF ਦੇ ਗੁਆਂਢੀ ਫਾਰਮ ਦੇ ਇੱਕ ਜਾਲ ਦੇ ਪਿੰਜਰੇ ਵਿੱਚ ਫਸ ਗਈ ਸੀ ਅਤੇ CCF ਨੇ ਉਸਨੂੰ ਉੱਥੋਂ ਛੁਡਾਇਆ ਸੀ। ਤੀਜੀ ਮਾਦਾ ਚੀਤਾ, ਜਿਸਦੀ ਉਮਰ 2.5 ਸਾਲ ਹੈ, ਦਾ ਜਨਮ ਅਪ੍ਰੈਲ 2020 ਵਿੱਚ ਏਰਿੰਡੀ ਪ੍ਰਾਈਵੇਟ ਗੇਮ ਰਿਜ਼ਰਵ ਵਿੱਚ ਹੋਇਆ ਸੀ। ਉਸਦੀ ਮਾਂ CCF ਦੇ ਚੀਤਾ ਪੁਨਰਵਾਸ ਪ੍ਰੋਗਰਾਮ ਵਿੱਚ ਸੀ ਅਤੇ ਦੋ ਸਾਲ ਤੋਂ ਕੁਝ ਸਮਾਂ ਪਹਿਲਾਂ ਸਫਲਤਾਪੂਰਵਕ ਜੰਗਲ ਵਿੱਚ ਵਾਪਸ ਆਈ ਸੀ। ਇਸ ਤੋਂ ਇਲਾਵਾ ਦੋ ਮਾਦਾ ਚੀਤੇ ਆਪਸ ਵਿੱਚ ਬਹੁਤ ਵਧੀਆ ਦੋਸਤ ਵੀ ਹਨ। ਇਹ ਜਾਣਕਾਰੀ ਵੀ ਸੀਸੀਐਫ ਸਟਾਫ਼ ਦੁਆਰਾ ਦਿੱਤੀ ਗਈ ਹੈ। ਇਹਨਾਂ ਨੂੰ CCF ਦੇ ਸਟਾਫ ਨੇ ਸੀਸੀਐਫ ਕੇਂਦਰ ਵਿੱਚ ਅਕਸਰ ਇੱਕਠੇ ਦੇਖਿਆ ਹੈ।

Comment here