ਅਪਰਾਧਸਿਆਸਤਖਬਰਾਂ

ਨਾਮਧਾਰੀ ਗੁਰੂ ਉਦੇ ਸਿੰਘ ਨੂੰ ਟਾਈਗਰਜ਼ ਫੋਰਸ ਆਫ਼ ਖ਼ਾਲਿਸਤਾਨ ਵੱਲੋਂ ਧਮਕੀ

ਜਲੰਧਰ-ਖਾਲਿਸਤਾਨੀ ਅੱਤਵਾਦੀ ਸੰਗਠਨ ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ਼ ਖ਼ਾਲਿਸਤਾਨ ਨੇ ਨਾਮਧਾਰੀ ਗੁਰੂ ਉਦੇ ਸਿੰਘ ਅਤੇ ਹੋਰਨਾਂ ਨੂੰ ਚਿੱਠੀ ਰਾਹੀਂ ਧਮਕੀ ਦਿੱਤੀ ਹੈ। ਇਹ ਚਿੱਠੀ  30 ਨਵੰਬਰ 2021 ਨੂੰ ਜਾਰੀ ਹੋਈ, ਸੰਗਠਨ ਦੇ ਦਿਲਬਾਗ ਸਿੰਘ ਵੱਲੋਂ ਜਾਰੀ ਕੀਤੇ ਗਏ ਧਮਕੀ ਭਰੇ ਪੱਤਰ ’ਚ ਨਾਮਧਾਰੀ ਗੁਰੂ ਉਦੇ ਸਿੰਘ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਗੁਰੂਡਮ ਨੂੰ ਬੰਦ ਕਰਕੇ ਸਿੱਖਾਂ ਦੀ ਮੁੱਖਧਾਰਾ ’ਚ ਸ਼ਾਮਲ ਹੋਣ। ਪੱਤਰ ’ਚ ਉਨ੍ਹਾਂ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਖ਼ਾਲਸਾਈ ਸੋਚ ਨੂੰ ਅਪਨਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਗਿਆ ਕਿ ਇਸ ’ਚ ਸਾਰਿਆਂ ਦੀ ਭਲਾਈ ਹੋ ਸਕਦੀ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਨਾਲ ਉਨ੍ਹਾਂ ਦਾ ਬਚਾਅ ਨਹੀਂ ਹੋ ਸਕਦਾ ਹੈ। ਜੇਕਰ ਸੁਰੱਖਿਆ ਦੇ ਨਾਲ ਬਚਾਅ ਹੋ ਸਕਦਾ ਤਾਂ ਇੰਦਰਾ ਗਾਂਧੀ ਵੀ ਬਚ ਜਾਂਦੀ। ਪੱਤਰ ’ਚ ਭਿੰਡਰਾਂਵਾਲਾ ਟਾਈਗਰਸ ਫੋਰਸ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਸੀ ਪਰ ਹੁਣ ਲੱਗਦਾ ਹੈ ਕਿ ਸਖ਼ਤ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ। ਪੱਤਰ ’ਚ ਖ਼ਾਲਿਸਤਾਨੀ ਸੰਗਠਨ ਨੇ ਉਦੇ ਸਿੰਘ ਤੋਂ ਇਲਾਵਾ ਜਗਤਾਰ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਰੰਧਾਵਾ ਅਤੇ ਅੰਬਾ ਨੂੰ ਆਖ਼ਰੀ ਵਾਰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਿੱਖਾਂ ਦੇ ਸਿਰਫ਼ 10 ਗੁਰੂ ਹੀ ਹਨ। ਪੱਤਰ ’ਚ ਕਿਹਾ ਗਿਆ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜੇਕਰ ਸੋਚ ਨੂੰ ਇਹ ਲੋਕ ਨਹੀਂ ਅਪਣਾਉਂਦੇ ਹਨ ਤਾਂ ਸਾਰਿਆਂ ਨੂੰ ਪਰਿਵਾਰਾਂ ਦੇ ਨਾਲ ਖ਼ਤਮ ਕਰ ਦਿੱਤਾ ਜਾਵੇਗਾ। ਇਸ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ।

Comment here