ਇਸਲਾਮਾਬਾਦ-‘ਦਿ ਨੇਸ਼ਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨਾਮਜ਼ਦਗੀ ਪੱਤਰ ਵਿਚ ਆਪਣੀ ਕਥਿਤ ਧੀ ਦਾ ਨਾਮ ‘ਲੁਕਾਉਣ’ ਨੂੰ ਲੈ ਕੇ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਇਸਲਾਮਾਬਾਦ ਹਾਈ ਕੋਰਟ 20 ਦਸੰਬਰ ਨੂੰ ਸੁਣਵਾਈ ਕਰੇਗੀ। ਇਸਲਾਮਾਬਾਦ ਹਾਈ ਕੋਰਟ ਦੇ ਮੁੱਖ ਜੱਜ ਆਮੇਰ ਫਾਰੂਕ ਨੇ ਮੁਹੰਮਦ ਸਾਜਿਦ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ 20 ਦਸੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਸਾਜਿਦ ਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ ਦੋਵਾਂ ਪੁੱਤਰਾਂ ਕਾਸਿਮ ਖਾਨ ਅਤੇ ਸੁਲੇਮਾਨ ਖਾਨ ਦਾ ਨਾਮ ਦਿੱਤਾ ਹੈ ਪਰ ਆਪਣੀ ਕਥਿਤ ਧੀ ਟਿਰੀਅਨ ਵਹਾਈਟ ਦਾ ਨਾਮ ਲੁਕਾ ਲਿਆ ਹੈ ਅਤੇ ਇਸ ਆਧਾਰ ’ਤੇ ਧਾਰਾ 62 (ਆਈ) (ਐੱਫ) ਦੇ ਤਹਿਤ ਸਾਬਕਾ ਪ੍ਰਧਾਨ ਮੰਤਰੀ ਨੂੰ ਅਯੋਗ ਕਰਾਰ ਦੇਣਾ ਚਾਹੀਦਾ ਹੈ। ਨੈਸ਼ਨਲ ਅਸੈਂਬਲੀ ਲਈ ਅਗਸਤ 2022 ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ 9 ਸੀਟਾਂ ਤੋਂ ਖਾਨ ਵੱਲੋਂ ਦਾਇਰ ਹਲਫ਼ਨਾਮੇ ਦੇ ਆਧਾਰ ’ਤੇ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ।
ਪਟੀਸ਼ਨ ਦੀ ਜਾਣਕਾਰੀ ਦਿੰਦੇ ਹੋਏ ‘ਦਿ ਡਾਨ’ ਅਖ਼ਬਾਰ ਨੇ ਆਪਣੀ ਖ਼ਬਰ ਵਿਚ ਲਿਖਿਆ ਹੈ, ‘‘ਮੁਦਈ ਨੰਬਰ 1 (ਇਮਰਾਨ ਖਾਨ) ਨੇ ਜਾਣ ਬੁੱਝ ਕੇ ਅਤੇ ਸੋਚ-ਸਮਝ ਕੇ ਨਾਮਜ਼ਦਗੀ ਪੱਤਰ ਦੇ ਸੰਬੰਧਿਤ ਕਾਲਮ ਅਤੇ ਹਲਫ਼ਨਾਮੇ ਵਿਚ ਆਪਣੀ ਧੀ ਟਿਰੀਅਨ ਵਹਾਈਟ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਹੈ। ਇਸ ਲਈ ਉਹ ਸੰਵਿਧਾਨ ਦੀ ਧਾਰਾ 62 ਅਨੁਸਾਰ ਬੁੱਧੀਮਾਨ, ਨੇਕ, ਇਮਾਨਦਾਰ ਅਤੇ ਚੰਗੇ ਚਰਿੱਤਰ ਵਾਲੇ ਵਿਅਕਤੀ ਨਹੀਂ ਹਨ।”ਸੁਲੇਮਾਨ (26) ਅਤੇ ਕਾਸਿਮ (23) ਇਮਰਾਨ ਖਾਨ ਦੇ 2 ਪੁੱਤਰ ਹਨ। ਇਹ ਦੋਵੇਂ ਖਾਨ ਅਤੇ ਜੇਮੀਨਾ ਗੋਲਡਸਮਿਥ ਦੇ ਪੁੱਤਰ ਹਨ। ਦੋਵਾਂ ਦਾ ਵਿਆਹ 1995 ’ਚ ਹੋਇਆ ਸੀ। ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਦੇ ਸਾਬਕਾ ਪ੍ਰੇਮਿਕਾ ਸੀਤਾ ਵ੍ਹਾਈਟ ਨਾਲ ਕਥਿਤ ਤੌਰ ’ਤੇ ਵਿਆਹ ਤੋਂ ਬਾਹਰੀ ਸਬੰਧ ਸਨ, ਜਿਸ ਤੋਂ ਧੀ ਟਿਰੀਅਨ ਨੇ ਜਨਮ ਲਿਆ। ਇੱਥੋਂ ਤੱਕ ਕਿ ਵ੍ਹਾਈਟ ਨੇ ਅਮਰੀਕਾ ਵਿੱਚ ਇਸ ਸਬੰਧੀ ਖ਼ਾਨ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਸੀ। ਇਸ ਦੌਰਾਨ, ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਇਹ ਵੀ ਸੂਚਿਤ ਕੀਤਾ ਕਿ ਉਸਨੇ ਤੋਸ਼ਾਖਾਨਾ ਮਾਮਲੇ ਵਿੱਚ ਅਯੋਗ ਠਹਿਰਾਏ ਜਾਣ ਤੋਂ ਬਾਅਦ ਖਾਨ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਖਾਨ ਵੱਲੋਂ ਡੀ.ਐੱਨ.ਏ. ਟੈਸਟ ਤੋਂ ਇਨਕਾਰ ਕਰਨ ਤੋਂ ਬਾਅਦ 1997 ਵਿੱਚ ਫੈਸਲਾ ਸੁਣਾਉਂਦੇ ਹੋਏ ਟਿਰੀਅਨ ਨੂੰ ਉਨ੍ਹਾਂ ਦੀ ਧੀ ਐਲਾਨ ਦਿੱਤਾ ਸੀ। ਹਾਲਾਂਕਿ, ਕ੍ਰਿਕਟ ਤੋਂ ਰਾਜਨੀਤੀ ਵਿਚ ਆਏ ਖਾਨ ਟਿਰੀਅਨ ਨੂੰ ਆਪਣੀ ਧੀ ਨਹੀਂ ਮੰਨਦੇ ਹਨ।
Comment here