ਅਪਰਾਧਖਬਰਾਂ

ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ ’ਚ ਗ੍ਰੰਥੀ ਨੂੰ 20 ਸਾਲ ਕੈਦ

ਮੋਗਾ-ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ 3 ਸਾਲ ਪਹਿਲਾਂ ਥਾਣਾ ਧਰਮਕੋਟ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਇਕ ਧਾਰਮਿਕ ਅਸਥਾਨ ਵਿਚ ਡਿਊਟੀ ਕਰਨ ਵਾਲੇ ਗ੍ਰੰਥੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ। ਮਾਣਯੋਗ ਅਦਾਲਤ ਨੇ ਜ਼ੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿਚ ਦੋਸ਼ੀ ਨੂੰ 1 ਸਾਲ ਦੀ ਹੋਰ ਕੈਦ ਕੱਟਣ ਦੇ ਆਦੇਸ਼ ਜਾਰੀ ਕੀਤੇ ਹਨ।
ਇਸ ਮਾਮਲੇ ’ਚ ਪੀੜਤਾ ਦੀ ਮਾਂ ਵੱਲੋਂ ਥਾਣਾ ਧਰਮਕੋਟ ਪੁਲਸ ਨੂੰ 27 ਨਵੰਬਰ 2019 ਨੂੰ ਦਿੱਤੀ ਗਈ ਸ਼ਿਕਾਇਤ ਵਿਚ ਉਨ੍ਹਾਂ ਦੇ ਪਿੰਡ ਦੇ ਇਕ ਧਾਰਮਿਕ ਸਥਾਨ ’ਤੇ ਡਿਊਟੀ ਨਿਭਾਉਣ ਵਾਲੇ ਗ੍ਰੰਥੀ ’ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ 9 ਸਾਲਾ ਤੀਸਰੀ ਕਲਾਸ ਦੀ ਬੇਟੀ ਨੂੰ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੱਥਾਂ ’ਤੇ ਆਧਾਰਿਤ ਧਾਰਮਿਕ ਜਾਣਕਾਰੀਆਂ ਦੇਣ ਅਤੇ ਇਸ ਸਬੰਧੀ ਪੜਾਉਣ ਦੇ ਬਹਾਨੇ ਬਣਾ ਕੇ ਗੁਰਦੁਆਰਾ ਸਾਹਿਬ ਵਿਚ ਬੁਲਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਹੈ।
ਇਹੀ ਹੀ ਨਹੀਂ ਉਨ੍ਹਾਂ ਦੀ ਬੇਟੀ ਨਾਲ ਗੁਰਦੁਆਰਾ ਸਾਹਿਬ ਵਿਚ ਸਿੱਖਿਆ ਗ੍ਰਹਿਣ ਕਰਨ ਲਈ ਜਾਣ ਵਾਲੀਆਂ ਹੋਰ ਬੱਚਿਆਂ ਨੇ ਵੀ ਗ੍ਰੰਥੀ ਗੁਰਜੀਤ ਸਿੰਘ ਵੱਲੋਂ ਉਨ੍ਹਾਂ ਨਾਲ ਗਲਤ ਹਰਕਤਾਂ ਕਰਨ ਸਬੰਧੀ ਪੀੜਤਾ ਦੀ ਮਾਂ ਨੂੰ ਦੱਸਿਆ ਸੀ, ਜਿਸ ’ਤੇ ਪੁਲਸ ਵੱਲੋਂ 27 ਨਵੰਬਰ 2019 ਨੂੰ ਦੋਸ਼ੀ ਗ੍ਰੰਥੀ ਗੁਰਜੀਤ ਸਿੰਘ ਪੁੱਤਰ ਰੂਪ ਸਿੰਘ ਨਿਵਾਸੀ ਕੋਕਰੀ ਵਹਿਣੀਵਾਲ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਆਪਣਾ ਫੈਸਲਾ ਸੁਣਾਇਆ ਹੈ।

Comment here