ਅਪਰਾਧਖਬਰਾਂ

ਨਾਜਾਇਜ਼ ਹਥਿਆਰਾਂ ਦਾ ਜ਼ਖ਼ੀਰਾ ਭਾਖੜਾ ਨਹਿਰ ’ਚੋਂ ਬਰਾਮਦ

ਸਮਾਣਾ-ਭਾਖੜਾ ਨਹਿਰ ’ਚੋਂ ਹਥਿਆਰ ਬਾਹਰ ਕੱਢਣ ਲਈ ਪਹੁੰਚੀ ਗੋਤਾਖੋਰ ਟੀਮ ਨੇ ਨਹਿਰ ’ਚ ਡੁੱਬੇ ਵਿਅਕਤੀ ਦੀ ਲਾਸ਼ ਦੀ ਭਾਲ ’ਚ ਕਰੀਬ 15 ਦਿਨ ਪਹਿਲਾਂ ਨਹਿਰ ਦੇ ਹੇਠਲੇ ਪੱਧਰ ’ਤੇ ਪਏ ਉਕਤ ਹਥਿਆਰਾਂ ਨੂੰ ਵੇਖ ਜ਼ਿਲ੍ਹਾ ਪੁਲਸ ਮੁਖੀ ਨੂੰ ਜਾਣੂੰ ਕਰਵਾਇਆ। ਸੀ. ਆਈ. ਏ. ਸਟਾਫ਼ ਦੀ ਮੌਜੂਦਗੀ ’ਚ ਭਾਖੜਾ ਨਹਿਰ ’ਚੋਂ ਉਕਤ ਹਥਿਆਰਾਂ ਦਾ ਜਖ਼ੀਰਾ ਬਰਾਮਦ ਕੀਤਾ ਗਿਆ। ਐੱਸ. ਐੱਸ. ਪੀ. ਪਟਿਆਲਾ ਦੇ ਹੁਕਮਾਂ ਅਤੇ ਸੀ. ਆਈ. ਏ. ਅਤੇ ਸਿਟੀ ਪੁਲਸ ਦੀ ਮੌਜੂਦਗੀ ’ਚ ਗੋਤਾਖੋਰਾਂ ਦੀ ਟੀਮ ਵੱਲੋਂ ਸਮਾਣਾ ਤੋਂ ਲੰਘਦੀ ਭਾਖੜਾ ਨਹਿਰ ’ਚੋਂ ਨਾਜਾਇਜ਼ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਬਰਾਮਦ ਹਥਿਆਰਾਂ ’ਚ 3 ਏਅਰ ਪਿਸਟਲ, ਇਕ ਪੁਰਾਣੀ ਗੰਨ, 2 ਰਾਕੇਟ ਲਾਂਚਰ, ਇਕ ਕੱਟੀ ਹੋਈ ਹੱਥ ਕੜੀ ਅਤੇ 46 ਜ਼ਿੰਦਾ ਕਾਰਤੂਸ ਸ਼ਾਮਲ ਹਨ।
ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਸਮਾਣਾ ਜਸਵਿੰਦਰ ਸਿੰਘ ਚਹਿਲ ਅਤੇ ਸਿਟੀ ਪੁਲਸ ਦੇ ਕਾਰਜਕਾਰੀ ਮੁਖੀ ਪੂਰਨ ਸਿੰਘ ਨੇ ਪੁਲਸ ਪਾਰਟੀ ਸਣੇ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਅਤੇ ਹਥਿਆਰਾਂ ਦਾ ਨਿਰੀਖਣ ਕੀਤਾ। ਸਿਟੀ ਪੁਲਸ ਮੁਖੀ ਪੂਰਨ ਸਿੰਘ ਨੇ ਹਥਿਆਰਾਂ ਦੀ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਣਪਛਾਤੇ ਲੋਕਾਂ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

Comment here