ਅਪਰਾਧਸਿਆਸਤਖਬਰਾਂਦੁਨੀਆ

ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚੀਨ ਦੀ ਘੁਰਕੀ ਤੋਂ ਡਰੀ ਇਮਰਾਨ ਸਰਕਾਰ

ਇਸਲਾਮਾਬਾਦ-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਚ 14 ਜੁਲਾਈ ਨੂੰ ਪਾਣੀ ਬਿਜਲੀ ਪਲਾਂਟ ਦੇ ਕਾਮਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਚ ਹੋਏ ਬੰਬ ਧਮਾਕੇ ਚ 9 ਚੀਨੀ ਕਰਮਚਾਰੀਆਂ ਦੀ ਮੌਤ ਨਾਲ ਚੀਨ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਹੈ।  ਇਹ ਧਮਾਕਾ ਖੈਬਰ ਪਖਤੂਨਖਵਾ ਦੇ ਉਪਰੀ ਕੋਹਿਸਤਾਨ ਜਿਲ੍ਹੇ ਚ ਹੋਇਆ ਸੀ। ਚੀਨ ਦੇ ਗੁੱਸੇ ਤੋਂ  ਖ਼ੌਫ਼ਜ਼ਦਾ ਪਾਕਿ ਦੀ ਇਮਰਾਨ ਖਾਨ ਸਰਕਾਰ ਹੁਣ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ’ਚ ਹੈ। ਪਾਕਿਸਤਾਨ ਨੇ ਐਤਵਾਰ ਚੀਨ ਨੂੰ ਭਰੋਸਾ ਦਿੱਤਾ ਕਿ ਉਹ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਪ੍ਰਾਜੈਕਟ ਸਣੇ ਦੇਸ਼ ’ਚ ਵੱਖ-ਵੱਖ ਪ੍ਰਾਜੈਕਟਾਂ ’ਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰੇਗਾ। ਇਨ੍ਹਾਂ ਪ੍ਰਾਜੈਕਟਾਂ ’ਚ ਕੰਮ ਕਰ ਰਹੇ ਚੀਨੀ ਮਜ਼ਦੂਰਾਂ ਖ਼ਿਲਾਫ ਹਾਲ ਹੀ ਦੇ ਹਫਤਿਆਂ ’ਚ ਹਿੰਸਾ ਵਧਣ ’ਤੇ ਪਾਕਿਸਤਾਨ ਦਾ ਇਹ ਬਿਆਨ ਆਇਆ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਦੀ ਖ਼ਬਰ ਅਨੁਸਾਰ ਚੀਨ ਦੇ ਰਾਜਦੂਤ ਨੋਂਗ ਰੋਂਗ ਨੇ ਰਾਵਲਪਿੰਡੀ ’ਚ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨਾਲ ਮੁਲਾਕਾਤ ਕੀਤੀ ਤੇ ਦੇਸ਼ ’ਚ ਚੀਨੀ ਨਾਗਰਿਕਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਸੁਰੱਖਿਆ ’ਤੇ ਚਰਚਾ ਕੀਤੀ। ਰਾਸ਼ਿਦ ਨੇ ਨੋਂਗ ਰੋਂਗ ਨੂੰ ਕਿਹਾ ਕਿ ਪਾਕਿਸਤਾਨ ਦੇਸ਼ ’ਚ ਵੱਖ-ਵੱਖ ਪ੍ਰਾਜੈਕਟਾਂ ’ਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਸੀ. ਪੀ. ਈ. ਸੀ. ਪ੍ਰਾਜੈਕਟ ‘ਕਿਸੇ ਬਾਹਰੀ ਸਾਜ਼ਿਸ਼ ਦਾ ਸ਼ਿਕਾਰ’ ਨਹੀਂ ਬਣੇਗਾ। ਮੰਤਰੀ ਨੇ ਕਿਹਾ ਕਿ ਕੋਈ ਵੀ ਤਾਕਤ ਪਾਕਿਸਤਾਨ ਤੇ ਚੀਨ ਦੇ ਸਬੰਧਾਂ ’ਚ ਰੁਕਾਵਟ ਨਹੀਂ ਬਣ ਸਕਦੀ। ਅਖਬਾਰ ਮੁਤਾਬਕ ਬੈਠਕ ਦੌਰਾਨ, ਉਨ੍ਹਾਂ ਦੇਸ਼ਾਂ ਦੇ ਦੋਪੱਖੀ ਸਬੰਧਾਂ ਸਣੇ ਆਪਸੀ ਹਿੱਤ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ।  14 ਜੁਲਾਈ ਨੂੰ ਹੋਏ ਧਮਾਕੇ ’ਤੇ ਵੀ ਚਰਚਾ ਹੋਈ ਤੇ ਦੋਵਾਂ ਪੱਖਾਂ ਨੇ ਜਲਦ ਤੋਂ ਜਲਦ ਇਸ ਘਟਨਾ ਦੀ ਜਾਂਚ ਪੂਰੀ ਕਰਨ ਦਾ ਫ਼ੈਸਲਾ ਕੀਤਾ। ਧਮਾਕੇ ਤੋਂ ਬਾਅਦ ਚੀਨ ਨੇ ਪਾਕਿਸਤਾਨ ਤੋਂ ਭਰਮਾਊ ਸੂਚਨਾ ਮਿਲਣ ਵਿਚਾਲੇ ਮਾਹਿਰਾਂ ਦੀ 15 ਮੈਂਬਰੀ ਟੀਮ ਨੂੰ ਰਵਾਨਾ ਕੀਤਾ ਸੀ। ਸ਼ੁਰੂਆਤ ’ਚ ਪਾਕਿਸਤਾਨ ਨੇ ਕਿਹਾ ਕਿ ਇਹ ਗੈਸ ਧਮਾਕੇ ਦਾ ਮਾਮਲਾ ਹੋ ਸਕਦਾ ਹੈ। ਬਾਅਦ ’ਚ ਪਾਕਿਸਤਾਨ ਨੇ ਸਵੀਕਾਰ ਕੀਤਾ ਕਿ ਇਹ ਇਕ ਬੰਬ ਧਮਾਕਾ ਸੀ। ਇਕ ਹੋਰ ਘਟਨਾ ’ਚ ਅਣਪਛਾਤੇ ਬੰਦੂਕਧਾਰੀਆਂ ਨੇ ਪਿਛਲੇ ਮਹੀਨੇ ਚੀਨੀ ਕਾਰਖਾਨੇ ਦੇ ਦੋ ਮਜ਼ਦੂਰਾਂ ਨੂੰ ਲਿਜਾ ਰਹੇ ਇਕ ਵਾਹਨ ’ਤੇ ਗੋਲੀ ਚਲਾਈ ਸੀ, ਅਜਿਹੀਆਂ ਘਟਨਾਵਾਂ ਤੋਂ ਡਰੈਗਨ ਬੇਹੱਦ ਨਰਾਜ਼ ਹੈ।

Comment here