ਉਪ ਮੁਖ ਮੰਤਰੀ ਰੰਧਾਵਾ ਨੇ ਲਿਆ ਮੌਕੇ ਤੇ ਸਖਤ ਫੈਸਲਾ
ਫਿਲੌਰ-ਬੀਤੇ ਦਿਨੀਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਲੌਰ ਨਾਕੇ ’ਤੇ ਅਚਨਚੇਤ ਚੈਕਿੰਗ ਦੌਰਾਨ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਜਸਵੰਤ ਸਿੰਘ, ਬਲਵਿੰਦਰ ਸਮੇਤ ਤਿੰਨ ਪੁਲਸ ਕਰਮਚਾਰੀਆਂ ਨੂੰ ਡਿਊਟੀ ’ਚ ਕੋਤਾਹੀ ਵਰਤਣ ਦੇ ਦੋਸ਼ ਵਿਚ ਤੁਰੰਤ ਸਸਪੈਂਡ ਕਰਨ ਦੇ ਹੁਕਮ ਦਿੱਤੇ। ਨਾਕੇ ਦੌਰਾਨ ਚੈਕਿੰਗ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਰੰਧਾਵਾ ਪੁਲਸ ਮੁਲਾਜ਼ਮਾਂ ਦੀ ਝਾੜ ਕਰਦੇ ਹੋਏ ਦਿੱਸ ਰਹੇ ਹਨ।
ਉੱਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਪੁਲਸ ਨੂੰ ਜਿੱਥੇ ਸੁਰੱਖਿਆ ਦੇ ਪੱਖ ਤੋਂ ਮੁਸਤੈਦੀ ਨਾਲ ਡਿਊਟੀ ਕਰਨੀ ਚਾਹੀਦੀ ਹੈ, ਉੱਥੇ ਹੀ ਰਾਹਗੀਰਾਂ ਨੂੰ ਟ੍ਰੈਫ਼ਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਸ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਏ।
ਥਾਣੇਦਾਰ ਹੋਇਆ ਨਰਾਜ਼, ਕਿਹਾ-ਨਾਇਨਸਾਫੀ
ਮੰਤਰੀ ਦੇ ਜਾਣ ਤੋਂ ਬਾਅਦ ਆਪਣੇ ’ਤੇ ਹੋਈ ਕਾਰਵਾਈ ਨੂੰ ਲੈ ਕੇ ਥਾਣੇਦਾਰ ਬਲਜਿੰਦਰ ਸਿੰਘ ਦਾ ਰੋਹ ਭੜਕ ਉੱਠਿਆ। ਉਨ੍ਹਾਂ ਨੇ ਉਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ 56 ਸਾਲ ਦਾ ਹੈ। ਸ਼ੂਗਰ ਅਤੇ ਦਿਲ ਦੀ ਬੀਮਾਰੀ ਤੋਂ ਪੀੜਤ ਹੈ, ਉਸ ਦੇ ਬਾਵਜੂਦ ਉਹ 24 ਘੰਟੇ ਦਿਨ-ਰਾਤ ਸਖ਼ਤ ਡਿਊਟੀ ਕਰ ਰਿਹਾ ਹੈ। ਉਸ ਨੇ ਅੱਜ ਤੱਕ ਆਪਣੀ ਡਿਊਟੀ ਵਿਚ ਕਦੇ ਕੋਈ ਲਾਪ੍ਰਵਾਹੀ ਨਹੀਂ ਕੀਤੀ। ਈਮਾਨਦਾਰੀ ਨਾਲ ਡਿਊਟੀ ਕਰਨ ਦਾ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਇਹ ਤੋਹਫਾ ਦਿੱਤਾ ਹੈ। ਰਿਟਾਇਰਮੈਂਟ ਦੇ ਕਰੀਬ ਹੋਣ ’ਤੇ ਉਨ੍ਹਾਂ ਨੂੰ ਬਿਨਾਂ ਕਾਰਨ ਸਸਪੈਂਡ ਕੀਤਾ ਗਿਆ।
ਬਲਜਿੰਦਰ ਸਿੰਘ ਨੇ ਦੱਸਿਆ ਕਿ ਹਾਈਟੈਕ ਨਾਕੇ ’ਤੇ 4-4 ਦੀ ਸ਼ਿਫਟ ’ਚ 8 ਪੁਲਸ ਮੁਲਾਜ਼ਮ ਸਖ਼ਤ ਡਿਊਟੀ ਦਿੰਦੇ ਹਨ। ਸਵੇਰੇ 10 ਵਜੇ ਉਹ ਜਿਉਂ ਹੀ ਡਿਊਟੀ ’ਤੇ ਪੁੱਜਾ ਤਾਂ ਆਪਣੇ ਸਾਥੀ ਪੁਲਸ ਮੁਲਾਜ਼ਮ ਤੋਂ ਚਾਰਜ ਲੈਣ ਤੋਂ ਪਹਿਲਾਂ ਉਹ ਸਾਹਮਣੇ ਪਖਾਨੇ ਚਲਾ ਗਿਆ। ਪਖਾਨਾ ਕਰ ਹੀ ਰਿਹਾ ਸੀ ਤਾਂ ਉਸੇ ਸਮੇਂ ਨਾਕੇ ’ਤੇ ਵੀ. ਆਈ. ਪੀ. ਗੱਡੀਆਂ ਦਾ ਕਾਫਿਲਾ ਆ ਕੇ ਰੁਕ ਗਿਆ।
ਕਾਫਿਲਾ ਦੇਖ ਕੇ ਉਹ ਵਿਚੇ ਹੀ ਪਖਾਨਾ ਛੱਡ ਕੇ ਜਿਉਂ ਹੀ ਕਾਰ ਨੇੜੇ ਪੁੱਜਾ ਤਾਂ ਅੰਦਰੋਂ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਬਾਹਰ ਨਿਕਲ ਆਏ। ਉਨ੍ਹਾਂ ਨਾਲ ਇਕ ਵਿਅਕਤੀ ਫੋਨ ’ਤੇ ਲਾਈਵ ਚੱਲ ਰਿਹਾ ਸੀ। ਉਸ ਨੇ ਜਿਉਂ ਹੀ ਸਲਿਊਟ ਮਾਰਿਆ ਤਾਂ ਗ੍ਰਹਿ ਮੰਤਰੀ ਨੇ ਪੁੱਛਿਆ ਨਾਕੇ ’ਤੇ ਕਿੰਨੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਤਾਂ ਉਸ ਨੇ ਦੱਸਿਆ ਕਿ ਸ਼੍ਰੀਮਾਨ ਜੀ ਉਸ ਸਮੇਤ 3 ਹੋਰ ਹੁੰਦੇ ਹਨ। ਅੱਜ ਇਕ ਥਾਣੇਦਾਰ ਅਦਾਲਤ ’ਚ ਪੇਸ਼ੀ ’ਤੇ ਗਿਆ ਹੋਇਆ ਹੈ, ਜਦੋਂਕਿ ਦੂਜਾ ਥਾਣੇਦਾਰ ਐੱਸ. ਐੱਸ. ਪੀ. ਦਫਤਰ ਗਿਆ ਹੈ। ਤੀਜਾ ਸੀਟੀ ਮਨਪ੍ਰੀਤ ਸਿੰਘ ਐੱਸ. ਐੱਸ. ਪੀ. ਸਾਹਿਬ ਦੇ ਨਿਰਦੇਸ਼ਾਂ ’ਤੇ ਪੁਲਸ ਲਾਈਨ ਵਿਚ ਡਿਊਟੀ ’ਤੇ ਗਿਆ ਹੈ। ਇੰਨੀ ਗੱਲ ਸੁਣਦੇ ਹੀ ਮੰਤਰੀ ਸਾਹਿਬ ਨੇ ਐੱਸ. ਐੱਸ. ਪੀ. ਸਾਹਿਬ ਨੂੰ ਫੋਨ ਲਗਾ ਕੇ ਉਨ੍ਹਾਂ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ। ਉਸ ਨੂੰ ਅਤੇ ਦੋ ਹੋਰਨਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ।
Comment here