ਨਵੀਂ ਦਿੱਲੀ- ਦੇਸ਼ ਵਿਚ ਕੋਵਿਡ ਦੇ ਕੇਸ ਬੇਸ਼ਕ ਘਟ ਰਹੇ ਹਨ, ਪਰ ਹਾਲੇ ਵੀ ਇਸ ਮਹਾਮਾਰੀ ਦਾ ਖਤਰਾ ਟਲਿਆ ਨਹੀਂ। ਇਕ ਵਾਰ ਫਿਰ ਵਿਗਿਆਨੀਆਂ ਨੇ ਲੋਕਾਂ ਨੂੰ ਅਲਰਟ ਕੀਤਾ ਹੈ। ਆਈ. ਆਈ. ਟੀ. ਕਾਨਪੁਰ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਦੀ ਚੌਥੀ ਲਹਿਰ ਜੂਨ ਮਹੀਨੇ ’ਚ ਦਸਤਕ ਦੇ ਸਕਦੀ ਹੈ। 23 ਅਗਸਤ ਦੇ ਕਰੀਬ ਚੌਥੀ ਲਹਿਰ ਪੀਕ ’ਤੇ ਹੋਵੇਗੀ ਅਤੇ 22 ਅਕਤੂਬਰ ਤਕ ਇਸ ਦਾ ਪ੍ਰਭਾਵ ਘੱਟ ਹੋ ਜਾਵੇਗਾ। ਮਤਲਬ 4 ਮਹੀਨੇ ਤਕ ਕੋਰੋਨਾ ਦੀ ਚੌਥੀ ਲਹਿਰ ਸਤਾਏਗੀ। ਆਈ. ਆਈ. ਟੀ. ਕਾਨਪੁਰ ਦੇ ਵਿਗਿਆਨੀ ਡਾ. ਸ਼ੁਲਭ ਮੁਤਾਬਕ ਚੌਥੀ ਲਹਿਰ ’ਚ ਵਾਇਰਸ ਦੀ ਦਰ ਅਤੇ ਉਸ ਦੇ ਪ੍ਰਭਾਵ ਦਾ ਮੁਲਾਂਕਣ ਨਵੇਂ ਵੈਰੀਐਂਟ ਦੇ ਰੂਪ ’ਤੇ ਨਿਰਭਰ ਕਰੇਗਾ। ਵਿਗਿਆਨੀਆਂ ਦਾ ਇਹ ਸ਼ੋਧ ਮੇਡ ਆਰਕਿਵ ਵੈੱਬਸਾਈਟ ’ਤੇ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਮੁਲਾਂਕਣ ਲਈ ‘ਅਵਰ ਵਰਲਡ ਇਨ ਡਾਟਾ ਓ. ਆਰ. ਜੀ.’ ਨਾਮੀ ਵੈੱਬਸਾਈਟ ਤੋਂ ਕੋਰੋਨਾ ਦੀ ਪਹਿਲੀ ਲਹਿਰ ਤੋਂ ਲੈ ਕੇ ਹੁਣ ਤਕ ਦੇ ਅੰਕੜਿਆਂ ਦਾ ਡਾਟਾ ਤਿਆਰ ਕੀਤਾ ਹੈ। ਵਿਗਿਆਨੀਆਂ ਮੁਤਾਬਕ ਚੌਥੀ ਲਹਿਰ ਦੇ ਪੀਕ ਦਾ ਸਮਾਂ ਕੱਢਣ ਲਈ ਬੂਟਸਟ੍ਰੇਪ ਪ੍ਰਣਾਲੀ ਦਾ ਇਸਤੇਮਾਲ ਕੀਤਾ ਹੈ। ਡਾ. ਸ਼ੁਲਭ ਮੁਤਾਬਕ ਗਿਣਤੀ ਦੇ ਆਧਾਰ ਤੋਂ ਪਤਾ ਲੱਗਾ ਹੈ ਕਿ ਭਾਰਤ ’ਚ ਕੋਰੋਨਾ ਦੀ ਚੌਥੀ ਲਹਿਰ ਦਾ ਸ਼ੁਰੂਆਤੀ ਡਾਟਾ ਮਿਲਣ ਦੀ ਤਾਰੀਖ਼ ਤੋਂ 936 ਦਿਨ ਬਾਅਦ ਆ ਸਕਦੀ ਹੈ। ਸ਼ੁਰੂਆਤੀ ਡਾਟਾ 30 ਜਨਵਰੀ 2020 ਨੂੰ ਸਾਹਮਣੇ ਆਇਆ ਸੀ। ਇਸ ਹਿਸਾਬ ਨਾਲ ਚੌਥੀ ਲਹਿਰ 22 ਜੂਨ 2022 ਤੋਂ ਸ਼ੁਰੂ ਹੋਣ ਦੇ ਆਸਾਰ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਦੁਨੀਆ ’ਚ ਪਹਿਲੀ ਵਾਰ ਦਸੰਬਰ 2019 ’ਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸਾਰੇ ਦੇਸ਼ ਵਾਇਰਸ ਦੇ ਸ਼ਿਕਾਰ ਹੋਣ ਲੱਗੇ।
Comment here