ਸ੍ਰੀ ਮੁਕਤਸਰ ਸਾਹਿਬ- ਜਿ਼ਲੇ ਦੇ ਪਿੰਡ ਮਹਾਂਬੱਧਰ ਨੇੜਿਓਂ ਲੰਘਦੀ ਅਰਨੀਵਾਲਾ ਨਹਿਰ ਵਿਚ ਬੀਤੀ ਰਾਤ ਕਰੀਬ 11 ਵਜੇ ਭੰਗਚੜੀ ਵਾਲੇ ਪਾਸੇ ਲਗਭਗ 70 ਫੁੱਟ ਦਾ ਵੱਡਾ ਪਾੜ ਪੈ ਗਿਆ ਤੇ 600 ਏਕੜ ਤੋਂ ਵੱਧ ਜ਼ਮੀਨ ਵਿਚ ਪਾਣੀ ਭਰ ਗਿਆ। ਖੇਤਾਂ ਵਿਚ ਅਜੇ ਕਣਕ ਦਾ ਨਾੜ ਸੈਂਕੜੇ ਏਕੜ ਖੜਾ ਸੀ ਤੇ ਕਿਸਾਨਾਂ ਨੇ ਤੂੜੀ ਬਣਾਉਣੀ ਸੀ। ਵੱਡੀ ਗਿਣਤੀ ਕਿਸਾਨ ਰਾਤ ਵੇਲੇ ਹੀ ਮੌਕੇ ਵਾਲੀ ਥਾਂ ’ਤੇ ਪਹੁੰਚ ਗਏ ਤੇ ਉਨ੍ਹਾਂ ਨੇ ਨਹਿਰ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ ਪਰ ਰਾਤ ਵੇਲੇ ਨਹਿਰ ਮਹਿਕਮੇ ਦਾ ਕੋਈ ਵੱਡਾ ਅਧਿਕਾਰੀ ਤਾਂ ਉਥੇ ਨਹੀਂ ਪਹੁੰਚਿਆ ਪਰ ਛੋਟੇ ਮੁਲਾਜ਼ਮ ਰਾਤ ਨੂੰ 1 ਵਜੇ ਤੱਕ ਉਥੇ ਪਹੁੰਚ ਗਏ ਸਨ। ਹੈਰਾਨੀ ਵਾਲੀ ਗੱਲ ਹੈ ਕਿ ਰਾਤ ਨੂੰ 11 ਵਜੇ ਟੁੱਟੀ ਨਹਿਰ ਦਾ ਪਾਣੀ ਨਹੀਂ ਕੀਤਾ ਗਿਆ ਜਿਸ ਕਰਕੇ ਨਹਿਰ ਦੇ ਪਾਣੀ ਨੇ ਖੇਤਾਂ ਵਿਚ ਦੂਰ ਤੱਕ ਮਾਰ ਕੀਤੀ। ਖੇਤਾਂ ਵਿਚ ਜਿਹੜੇ ਘਰ ਹਨ , ਉਨ੍ਹਾਂ ਨਾਲ ਵੀ ਪਾਣੀ ਲੱਗ ਗਿਆ । ਇਹ ਪਾਣੀ ਭੰਗਚੜੀ ਪਿੰਡ ਦੇ ਨੇੜਲੀਆਂ ਜ਼ਮੀਨਾਂ ਤੱਕ ਚਲਾ ਗਿਆ। ਵਰਨਣਯੋਗ ਹੈ ਕਿ ਅਜੇ ਬਹੁਤ ਸਾਰੇ ਕਿਸਾਨਾਂ ਦੀ ਤੂੜੀ ਬਣਾਉਣ ਵਾਲੀ ਸੀ ਤੇ ਕਣਕ ਦਾ ਨਾੜ ਖੇਤਾਂ ਵਿਚ ਹੀ ਖੜਾ ਸੀ । ਮਿਲੀ ਜਾਣਕਾਰੀ ਅਨੁਸਾਰ ਕਰੀਬ 500 ਏਕੜ ਕਣਕ ਦਾ ਨਾੜ ਖੜ੍ਹਾ ਸੀ, ਜਿਸ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਤੂੜੀ ਇਸ ਵਾਰ ਬਹੁਤ ਮਹਿੰਗੀ ਹੈ ਤੇ ਤੂੜੀ ਦੀ ਇਕ ਟਰਾਲੀ 4000 ਰੁਪਏ ਨੂੰ ਮਿਲ ਰਹੀ ਹੈ। ਨਹਿਰ ਦੇ ਪਾਣੀ ਦੀ ਮਾਰ ਹੇਠ ਆ ਕੇ ਲਗਭਗ 600 ਤੂੜੀ ਦੀਆਂ ਟਰਾਲੀਆਂ ਖੇਤਾਂ ਵਿਚ ਹੀ ਰੁੜ ਗਈਆਂ । ਕਿਸਾਨ ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ 300 ਦੇ ਕਰੀਬ ਤੂੜੀ ਦੀਆਂ ਟਰਾਲੀਆਂ ਪਾਣੀ ਦੀ ਮਾਰ ਵਿਚ ਆ ਗਈਆਂ ਹਨ। ਜਿਸ ਕਰਕੇ ਉਨ੍ਹਾਂ ਦਾ 12 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਸੀਂ 63 ਏਕੜ ਜ਼ਮੀਨ ਠੇਕੇ ’ਤੇ ਲਈ ਸੀ । ਕਿਸਾਨ ਕੁਲਦੀਪ ਸਿੰਘ ਦੀਆਂ 200 ਟਰਾਲੀਆਂ ਤੂੜੀ ਦੀਆਂ ਖਰਾਬ ਹੋ ਗਈਆਂ । ਹੋਰਨਾਂ ਕਿਸਾਨਾਂ ਦੀ ਤੂੜੀ ਵੀ ਖੇਤਾਂ ਵਿਚ ਪਈ ਸੀ ।
ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਥਾਂ ਨੇੜਿਓਂ ਨਹਿਰ ਦੋ ਤਿੰਨ ਵਾਰ ਟੁੱਟੀ ਹੈ । ਜਿਥੇ ਪਾੜ ਪਿਆ ਹੈ , ਉਥੋਂ ਨਹਿਰ ਦੀ ਪੱਟੜੀ ਬੈਠ ਰਹੀ ਹੈ । ਉਨ੍ਹਾਂ ਕਿਹਾ ਕਿ ਨਹਿਰ ਦੀਆਂ ਦੋਵੇਂ ਪੱਟੜੀਆਂ ਹੀ ਖੁਰ ਗਈਆਂ ਹਨ ਤੇ ਹੋਰ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਨਹਿਰ ਮਹਿਕਮੇ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਕਤ ਪਾੜ ਨੂੰ ਛੇਤੀ ਪੂਰਾ ਦਿੱਤਾ ਜਾਵੇਗਾ । ਜਦੋਂ ਪਾਣੀ ਬੰਦ ਹੋ ਗਿਆ ਉਦੋਂ ਮਿੱਟੀ ਦੇ ਗੱਟੇ ਭਰ ਕੇ ਲਗਾਏ ਜਾਣਗੇ । ਉਧਰ ਭਾਵੇਂ ਰਾਤ ਵੇਲੇ ਦੀ ਨਹਿਰ ਟੁੱਟੀ ਸੀ ਪਰ ਦੁਪਹਿਰ ਵੇਲੇ ਤੱਕ ਕੋਈ ਸਿਆਸੀ ਨੇਤਾ ਕਿਸਾਨਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਸੀ ਅਤੇ ਨਾ ਹੀ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਸੀ ।
ਸੰਗਰੂਰ ਚ ਅੱਗ ਨਾਲ ਨੁਕਸਾਨ
ਸੰਗਰੂਰ ਦੇ ਮੂਨਕ ਸਬ ਡਵੀਜ਼ਨ ਅਧੀਨ ਆਉਂਦੇ ਕਈ ਪਿੰਡਾਂ ’ਚ ਬੀਤੀ ਰਾਤ ਲੱਗੀ ਅੱਗ ਨਾਲ ਕਿਸਾਨਾਂ ਤੇ ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਹਜ਼ਾਰਾਂ ਟਨ ਤੂੜੀ ਮਚ ਗਈ ਹੈ ਤੇ ਅੱਗ ਇੰਨੀ ਭਿਆਨਕ ਲੱਗੀ ਸੀ ਕਿ ਕਈ ਪਿੰਡਾਂ ’ਚ ਪਸ਼ੂ ਸੜ ਕੇ ਮਰ ਗਏ ਤੇ ਕੁੱਝ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਅੱਗ ਘਰਾਂ ’ਚ ਵੜਣ ਕਾਰਨ ਘਰੇਲੂ ਸਮਾਨ ਮੱਚ ਗਿਆ। ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਕਿਉਂਕਿ ਕਣਕ ਦੇ ਸੀਜ਼ਨ ਨੂੰ ਦੇਖਦੇ ਹੋਏ ਐੱਸ. ਡੀ. ਐੱਮ. ਮੂਨਕ ਨੂੰ ਚਾਹੀਦਾ ਸੀ ਕਿ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾਵੇ। ਹਰ ਸਾਲ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਅਸਲ ’ਚ ਬਣਦਾ ਤਾਂ ਇਹ ਹੈ ਮੂਨਕ ਸਬ ਡਵੀਜ਼ਨ ਹੋਣ ਕਰ ਕੇ ਬਹੁਤ ਪਿੰਡ ਪੈਂਦੇ ਹਨ, ਇਸ ਲਈ ਇਹੋ ਜਿਹੇ ਐਮਰਜੈਂਸੀ ਸਾਧਨ ਹਰ ਸਮੇਂ ਮੌਜੂਦ ਹੋਣੇ ਚਾਹੀਦੇ ਹਨ ਪਰ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਰਿਹਾ ਅੱਗ ਸ਼ਾਮ ਨੂੰ 7 ਵਜੇ ਲੱਗਦੀ ਹੈ, ਅੱਗ ਬੁਝਾਉਣ ਵਾਲੀਆਂ ਮਸ਼ੀਨਾਂ ਰਾਤ ਨੂੰ 11 ਵਜੇ ਪਹੁੰਚਦੀਆਂ ਹਨ, ਇਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜੱਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਜਿੰਨਾ ਵੀ ਨੁਕਸਾਨ ਹੋਇਆ, ਪੜਤਾਲ ਕਰ ਕੇ ਜਲਦੀ ਤੋਂ ਜਲਦੀ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਲੋਕ ਆਪਣੇ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ। ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ’ਤੇ ਢਿੱਲ-ਮੱਠ ਵਰਤੀ ਤਾਂ ਜੱਥੇਬੰਦੀ ਵੱਲੋਂ ਮਜਬੂਰਨ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
Comment here