ਗੁਜਰਾਤ-ਪੰਜਾਬ ਵਿਚ ਨਸ਼ਿਆਂ ਕਾਰਨ ਜਵਾਨੀ ਤਬਾਹ ਹੋ ਰਹੀ ਹੈ। ਮਾਵਾਂ ਦੇ ਜਵਾਨ ਪੁੱਤ ‘ਚਿੱਟੇ’ ਨੇ ਗਰਕ ਕਰ ਦਿੱਤੇ। ਭਾਵੇਂ ਪੰਜਾਬ ਪੁਲਿਸ ਤਸਕਰਾਂ ਤੋਂ ਹੈਰੋਇਨ ਲਗਾਤਾਰ ਫੜੀ ਜਾ ਰਹੀ ਹੈ। ਪਰ ਅਸਲ ਗੁਨਾਹਗਾਰ ਸ਼ਿਕੰਜੇ ਤੋਂ ਦੂਰ ਹਨ। ਹੈਰੋਇਨ ਸਭ ਤੋਂ ਖ਼ਤਰਨਾਕ ਨਸ਼ਾ ਹੈ। ਇਸ ਵਿਚ ਕੁਝ ਮਿਲਾਵਟ ਕਰ ਕੇ ਇਸ ਨੂੰ ਪੰਜਾਬ ਵਿਚ ‘ਚਿੱਟੇ’ ਦੇ ਨਾਂ ਹੇਠ ਵੇਚਿਆ ਜਾਂਦਾ ਹੈ। ਇਸ ਦੇ ਆਦੀ ਹੋ ਗਏ ਬੰਦੇ ਤੋਂ ਇਹ ਨਸ਼ਾ ਛੁਡਾਉਣਾ ਲਗਭਗ ਨਾਮੁਮਕਿਨ ਹੈ। ਨਸ਼ਾ ਛੁਡਾਉਣ ਲਈ ਘੱਟ ਨਸ਼ੇ ਵਾਲੀਆਂ ਦਵਾਈਆਂ ਲਗਾਤਾਰ ਦੇਣੀਆਂ ਪੈਂਦੀਆਂ ਹਨ। ਪੰਜਾਬ ਲਗਭਗ ਢਾਈ ਦਹਾਕਿਆਂ ਤੋਂ ਇਸ ਨਸ਼ੇ ਦੀ ਮਾਰ ਝੱਲ ਰਿਹਾ ਹੈ। ਇਸ ਦੇ ਮਹਿੰਗੇ ਹੋਣ ਅਤੇ ਇਕ ਵਾਰ ਬੰਦੇ ਦੇ ਆਦੀ ਹੋ ਜਾਣ ਤੋਂ ਬਾਅਦ ਛੱਡੇ ਨਾ ਜਾਣ ਦੀ ਮਜਬੂਰੀ ਕਾਰਨ ਤਸਕਰ ਹੋਰ ਨਸ਼ਿਆਂ ਦੀ ਥਾਂ ਇਸ ਦੀ ਤਸਕਰੀ ਤੇ ਵਿਕਰੀ ਨੂੰ ਤਰਜੀਹ ਦਿੰਦੇ ਹਨ। ਵੱਡੇ ਪੱਧਰ ’ਤੇ ਤਸਕਰੀ ਅਪਰਾਧੀ ਤੱਤਾਂ, ਪੁਲੀਸ ਅਤੇ ਸਿਆਸੀ ਜਮਾਤ ਦੀ ਮਿਲੀਭੁਗਤ ਤੋਂ ਬਿਨਾ ਸੰਭਵ ਨਹੀਂ ਹੈ। ਸਿਆਸੀ ਪਾਰਟੀਆਂ ਨਸ਼ਿਆਂ ਨੂੰ ਜੜ੍ਹੋਂ ਉਖਾੜਨ ਬਾਰੇ ਦਾਅਵੇ ਤਾਂ ਬਹੁਤ ਕਰਦੀਆਂ ਰਹੀਆਂ ਪਰ ਇਸ ਵਿਚ ਮਿਲੀ ਸਫ਼ਲਤਾ ਤਸੱਲੀਬਖ਼ਸ਼ ਨਹੀਂ ਹੈ। ਨਸ਼ਿਆਂ ਨੇ ਪੰਜਾਬ ਦੇ ਹਜ਼ਾਰਾਂ ਘਰ ਉਜਾੜੇ ਹਨ। ਨਸ਼ੀਲੇ ਪਦਾਰਥਾਂ ਦਾ ਏਨੀ ਜ਼ਿਆਦਾ ਮਾਤਰਾ ਵਿਚ ਪਹੁੰਚਣ ਦਾ ਮਤਲਬ ਇਹ ਵੀ ਹੈ ਕਿ ਦੇਸ਼ ਵਿਚ ਬਹੁਤ ਵੱਡੀ ਪੱਧਰ ’ਤੇ ਲੋਕ ਨਸ਼ੇ ਕਰਦੇ ਹਨ।
ਲੰਘੇ ਦਿਨੀਂ ਪੰਜਾਬ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਨਸ਼ੀਲੇ ਪਦਾਰਥ ਨੂੰ ਕੱਪੜਿਆਂ ਦੇ ਕੰਟੇਨਰ ਵਿਚ ਛੁਪਾ ਕੇ ਰੱਖਿਆ ਗਿਆ ਸੀ। ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 375 ਕਰੋੜ ਰੁਪਏ ਦੱਸੀ ਜਾਂਦੀ ਹੈ। ਮਈ 2022 ਵਿਚ 500 ਕਰੋੜ ਰੁਪਏ ਦੀ 56 ਕਿਲੋ ਕੋਕੇਨ ਇਸੇ ਬੰਦਰਗਾਹ ਅਤੇ ਅਪਰੈਲ 2022 ਵਿਚ 205 ਕਿਲੋ ਹੈਰੋਇਨ (ਕੀਮਤ ਲਗਭਗ 1435 ਕਰੋੜ ਰੁਪਏ) ਕਾਂਡਲਾ ਬੰਦਰਗਾਹ ਤੋਂ ਫੜੀ ਗਈ ਸੀ। ਗੁਜਰਾਤ ਪੁਲੀਸ ਨੇ ਅਪਰੈਲ 2022 ਵਿਚ ਹੀ ਪੀਪਾਵਾਵ ਬੰਦਰਗਾਹ ਤੋਂ 75 ਕਿਲੋ ਹੈਰੋਇਨ (ਕੀਮਤ ਲਗਭਗ 450 ਕਰੋੜ ਰੁਪਏ) ਫੜੀ ਸੀ। ਪਿਛਲੇ ਸਾਲ ਸਤੰਬਰ ਵਿਚ ਮੁੰਦਰਾ ਬੰਦਰਗਾਹ ਤੋਂ 3,000 ਕਿਲੋ ਹੈਰੋਇਨ ਜਿਸ ਦੀ ਕੀਮਤ 21,000 ਕਰੋੜ ਰੁਪਏ ਸੀ, ਬਰਾਮਦ ਕੀਤੀ ਸੀ। ਇਹ ਸਾਰੀਆਂ ਬੰਦਰਗਾਹਾਂ ਗੁਜਰਾਤ ਵਿਚ ਹਨ ਅਤੇ ਸਾਰੇ ਨਸ਼ੀਲੇ ਪਦਾਰਥ ਕੰਟੇਨਰਾਂ ਵਿਚ ਛੁਪਾਏ ਸਨ। ਹਰ ਬੰਦਰਗਾਹ ’ਤੇ ਰੋਜ਼ਾਨਾ ਸੈਂਕੜੇ ਕੰਟੇਨਰ ਉਤਰਦੇ ਹਨ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲੈਣੀ ਸੰਭਵ ਨਹੀਂ ਹੁੰਦੀ। ਪੁਲੀਸ, ਨਾਰਕੋਟਿਕ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਤਫ਼ਤੀਸ਼ ਕਰਨ ਵਾਲੀਆਂ ਹੋਰ ਏਜੰਸੀਆਂ ਆਪਣੇ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਹੀ ਨਸ਼ੀਲੇ ਪਦਾਰਥ ਫੜ ਸਕਦੀਆਂ ਹਨ। ਮਹਾਰਾਸ਼ਟਰ ਵਿਚ ਨਵੀਂ ਮੁੰਬਈ ਬੰਦਰਗਾਹ ਤੋਂ ਅਪਰੈਲ 2021 ਵਿਚ 25 ਕਿਲੋ ਅਤੇ ਜੁਲਾਈ 2021 ਵਿਚ 300 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਨ੍ਹਾਂ ਬਰਾਮਦਗੀਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਹੈਰੋਇਨ ਸਮੁੰਦਰੀ ਜਹਾਜ਼ਾਂ ਰਾਹੀਂ ਦੇਸ਼ ਵਿਚ ਲਿਆਂਦੀ ਅਤੇ ਮੁੱਖ ਤੌਰ ’ਤੇ ਪੱਛਮੀ ਤੱਟ ਦੀਆਂ ਬੰਦਰਗਾਹਾਂ ’ਤੇ ਉਤਾਰੀ ਜਾ ਰਹੀ ਹੈ। ਹੈਰੋਇਨ ਦੇ ਵੱਡੀ ਮਾਤਰਾ ਵਿਚ ਫੜੇ ਜਾਣ ਤੋਂ ਇਸ ਤੱਥ ਦੀ ਤਸਦੀਕ ਵੀ ਹੁੰਦੀ ਹੈ ਕਿ ਇਹ ਕੰਮ ਤਸਕਰਾਂ ਦੇ ਵੱਡੇ ਟੋਲਿਆਂ (ਸਿੰਡੀਕੇਟਾਂ) ਦੁਆਰਾ ਕੀਤਾ ਜਾ ਰਿਹਾ ਹੈ।
ਕਿਥੋਂ ਆਉਂਦੀ ਹੈਰੋਇਨ
ਭਾਰਤ ਵਿਚ ਆਉਂਦੀ ਹੈਰੋਇਨ ਦਾ ਮੁੱਖ ਸੋਮਾ ਅਫ਼ਗ਼ਾਨਿਸਤਾਨ ਵਿਚ ਉਗਾਈ ਜਾਂਦੀ ਅਫ਼ੀਮ ਹੈ। ਕੁਝ ਦੇਰ ਪਹਿਲਾਂ ਤਕ ਮਾਹਿਰਾਂ ਦਾ ਅੰਦਾਜ਼ਾ ਸੀ ਕਿ ਅਫ਼ਗ਼ਾਨਿਸਤਾਨ ਵਿਚ ਬਣਾਈ ਜਾਂਦੀ ਹੈਰੋਇਨ ਦਾ 40 ਫ਼ੀਸਦੀ ਹਿੱਸਾ ਇਰਾਨ, ਮੱਧ ਏਸ਼ੀਆ ਦੇ ਦੇਸ਼ਾਂ ਅਤੇ ਪਾਕਿਸਤਾਨ ਦੇ ਥਲ-ਮਾਰਗਾਂ ਰਾਹੀਂ ਯੂਰੋਪ ਵਿਚ ਭੇਜਿਆ ਜਾਂਦਾ ਹੈ ਅਤੇ 40 ਫ਼ੀਸਦੀ ਹਿੱਸਾ ਪਾਕਿਸਤਾਨ ਦੀਆਂ ਬੰਦਰਗਾਹਾਂ ਰਾਹੀਂ ਅਫ਼ਰੀਕੀ ਦੇਸ਼ਾਂ ’ਚੋਂ ਹੁੰਦਾ ਹੋਇਆ ਅਫ਼ਰੀਕਾ, ਅਮਰੀਕਾ ਤੇ ਯੂਰੋਪ ਵਿਚ ਪਹੁੰਚਦਾ ਹੈ; 8 ਫ਼ੀਸਦੀ ਹਿੱਸਾ ਰਾਜਸਥਾਨ, ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਰਾਹੀਂ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਪਹੁੰਚਾਇਆ ਜਾਂਦਾ ਹੈ। ਹੁਣ ਬੰਦਰਗਾਹਾਂ ਤੋਂ ਹੋ ਰਹੀ ਬਰਾਮਦਗੀ ਤੋਂ ਇਹ ਸੰਕੇਤ ਮਿਲਦੇ ਹਨ ਕਿ ਸਮੁੰਦਰੀ ਜਹਾਜ਼ਾਂ ਰਾਹੀਂ ਸਮਗਲਿੰਗ ਵਧ ਰਹੀ ਹੈ।
ਗੁਜਰਾਤ ਦੇ ਕੇਂਦਰੀ ਗ੍ਰਹਿ ਮੰਤਰੀ ਸਖ਼ਤ
ਹੁਣੇ ਜਿਹੇ ਗੁਜਰਾਤ ਵਿਧਾਨ ਸਭਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਨੇਤਾ ਅਮਿਤ ਚਾਵੜਾ ਨੇ ਕਿਹਾ ਕਿ “ਕੇਂਦਰੀ ਗ੍ਰਹਿ ਮੰਤਰੀ ਦੇ ਲੋਕ ਸਭਾ ਹਲਕੇ ਤੋਂ ਨਸ਼ਿਆਂ ਦੀ ਇੰਨੀ ਵੱਡੀ ਖੇਪ ਬਰਾਮਦ ਹੋਣ ਤੋਂ ਬਾਅਦ, ਕਾਰਵਾਈ ਵਿੱਚ ਸ਼ਾਮਲ ਅਧਿਕਾਰੀਆਂ ਦਾ ਤੁਰੰਤ ਤਬਾਦਲਾ ਕਰ ਦਿੱਤਾ ਗਿਆ ਸੀ। ਇਹ ਤਬਾਦਲੇ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਨਸ਼ਿਆਂ ਦਾ ਦੇ ਇਸ ਵੱਡੇ ਕਾਰੋਬਾਰ ਪਿਛੇ ਕਿਸੇ ਪ੍ਰਭਾਵਸ਼ਾਲੀ ਸਖਸ਼ੀਅਤ ਦਾ ਹੱਥ ਹੈ, ਜਿਸ ਨੂੰ ਸਰਕਾਰ ਬਚਾਉਣਾ ਚਾਹੁੰਦੀ ਹੈ। ਚਾਵੜਾ ਨੇ ਕਿਹਾ ਕਿ ਸਾਨੰਦ ਦੇ ਕੇਰਲਾ ਜੀਆਈਡੀਸੀ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਬਾਵਜੂਦ ਸਰਕਾਰ, ਪੁਲਿਸ ਅਤੇ ਪ੍ਰਸ਼ਾਸਨ ਚੁੱਪ ਹੈ। ਸੀਐਲਪੀ ਅਮਿਤ ਚਾਵੜਾ ਨੇ ਕੇਰਲਾ ਜੀਆਈਡੀਵੀ ਵਿੱਚ 10,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮੁੱਦੇ ’ਤੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਚੁੱਪ ’ਤੇ ਸਵਾਲ ਉਠਾਉਂਦੇ ਹੋਏ ਮੰਗ ਕੀਤੀ ਕਿ ਹਾਈਕੋਰਟ ਦੀ ਅਗਵਾਈ ਵਿਚ ਇਸ ਸਾਰੇ ਮਾਮਲੇ ਦੀ ਹਾਈ ਪਾਵਰ ਕਮੇਟੀ ਬਣਾ ਕੇ ਜਾਂਚ ਕੀਤੀ ਜਾਵੇ।
ਗੁਜਰਾਤ ਬਣਿਆ ਨਸ਼ਿਆਂ ਦਾ ਲੈਂਡਿੰਗ ਹੱਬ
ਦੇਸ਼ ਭਰ ਵਿੱਚ ਅਤੇ ਖਾਸ ਕਰਕੇ ਗੁਜਰਾਤ ਵਿੱਚ ਨਸ਼ਿਆਂ ਦੇ ਵੱਡੇ ਵੱਡੇ ਸਪਲਾਈ ਕੇਂਦਰ ਚੱਲ ਰਹੇ ਹਨ। ਗੁਜਰਾਤ ਨਸ਼ਿਆਂ ਦਾ ਲੈਂਡਿੰਗ ਹੱਬ ਹੋਣ ਦੇ ਨਾਲ-ਨਾਲ ਪ੍ਰੋਸੈਸਿੰਗ ਹੱਬ ਵੀ ਬਣ ਚੁਕਾ ਹੈ। ਇਸ ਤੋਂ ਸਾਫ਼ ਹੈ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੀ ਆੜ ਵਿੱਚ ਨਸ਼ਿਆਂ ਦਾ ਇੱਕ ਪੂਰਾ ਨੈੱਟਵਰਕ ਚੱਲ ਰਿਹਾ ਹੈ। ਹਾਲ ਹੀ ਵਿੱਚ ਸਾਵਲੀ ਵਿੱਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਅਤੇ ਇਸ ਤੋਂ ਪਹਿਲਾਂ ਵਾਪੀ ਵਿੱਚ ਵੀ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਗੁਜਰਾਤ ਹੁਣ ਡਰੱਗ ਲੈਂਡਿੰਗ, ਪ੍ਰੋਸੈਸਿੰਗ ਅਤੇ ਬਰਾਮਦ ਦਾ ਕੇਂਦਰ ਬਣ ਗਿਆ ਹੈ। ਇਥੋਂ ਤਕ ਗੁਜਰਾਤ ਤੋਂ ਪੰਜਾਬ ਵਿਚ ਨਸ਼ੇ ਸਪਲਾਈ ਹੋ ਰਹੇ ਹਨ। ਸੰਸਦ ਦੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਸਥਾਈ ਕਮੇਟੀ ਦੀ ਲੋਕ ਸਭਾ ਵਿਚ ਬੀਤੇ ਹਫਤੇ ਪੇਸ਼ ਕੀਤੀ ਰਿਪੋਰਟ ਵਿਚ ਪੰਜਾਬ ਬਾਰੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ,ਜਿੱਥੇ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ ਚੰਡੀਗੜ੍ਹ ਤੀਸਰੇ ਨੰਬਰ ’ਤੇ ਹੈ।
ਲੋਕ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਵਿਚ 66 ਲੱਖ ਤੋਂ ਜ਼ਿਆਦਾ ਲੋਕ ਨਸ਼ੇ ਦੇ ਆਦੀ ਹਨ ਜਿਨ੍ਹਾਂ ਵਿਚੋਂ 21.36 ਲੱਖ ਓਪੀਆਡ ਨਸ਼ਿਆਂ ਦਾ ਸੇਵਨ ਕਰਦੇ ਹਨ। ਓਪੀਆਡ ਨਸ਼ਿਆਂ ਵਿਚ ਅਫ਼ੀਮ, ਅਫ਼ੀਮ ਤੋਂ ਬਣਦੀ ਮਾਰਫੀਨ, ਹੈਰੋਇਨ ਅਤੇ ਕੁਝ ਹੋਰ ਨਸ਼ੇ ਸ਼ਾਮਲ ਹਨ ਜਿਨ੍ਹਾਂ ਦਾ ਅਸਰ ਮਾਰਫੀਨ ਜਿਹਾ ਹੁੰਦਾ ਹੈ। ਮਾਰਚ ਵਿਚ ਪੰਜਾਬ ਦੇ ਸਿਹਤ ਮੰਤਰੀ ਨੇ ਵਿਧਾਨ ਸਭਾ ਵਿਚ ਦੱਸਿਆ ਸੀ ਕਿ ਸੂਬੇ ਵਿਚ 2.62 ਲੱਖ ਨਸ਼ਿਆਂ ਦੇ ਆਦੀ ਸਰਕਾਰ ਦੇ ਨਸ਼ਾ-ਛੁਡਾਊ ਕੇਂਦਰਾਂ ਤੋਂ ਇਲਾਜ ਕਰਾ ਰਹੇ ਸਨ ਅਤੇ 6.12 ਲੱਖ ਨਸ਼ਾ ਕਰਨ ਵਾਲੇ ਨਿੱਜੀ ਖੇਤਰ ਦੇ ਨਸ਼ਾ-ਛੁਡਾਊ ਕੇਂਦਰਾਂ ਤੋਂ। ਸਿਹਤ ਮੰਤਰੀ ਨੇ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਕਾਫੀ ਵੱਧ ਹੈ ਕਿਉਂਕਿ ਬਹੁਤ ਸਾਰੇ ਨਸ਼ਈ ਜਿਨ੍ਹਾਂ ਵਿਚ ਰਗਾਂ ਵਿਚ ਸਿੱਧਾ ਟੀਕਾ ਲਾ ਕੇ ਨਸ਼ਾ ਕਰਨ ਵਾਲੇ ਸ਼ਾਮਲ ਹਨ, ਬਦਨਾਮੀ ਦੇ ਡਰ ਤੋਂ ਇਲਾਜ ਕਰਾਉਣ ਲਈ ਸਾਹਮਣੇ ਨਹੀਂ ਆਉਂਦੇ। ਵਿਧਾਨ ਸਭਾ ਵਿਚ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਵਿਚ 528 ਇਲਾਜ ਕੇਂਦਰ ਹਨ ਜਿਨ੍ਹਾਂ ਵਿਚ ਹੈਰੋਇਨ, ਸਮੈਕ ਆਦਿ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੁਡਾਉਣ ਲਈ ਦਵਾਈ ਦਿੱਤੀ ਜਾਂਦੀ ਹੈ। ਸਰਕਾਰੀ ਖੇਤਰ ਦੇ 36 ਨਸ਼ਾ ਛੁਡਾਊ ਕੇਂਦਰ ਹਨ ਅਤੇ ਨਿੱਜੀ ਖੇਤਰ ਦੇ 185 ਕੇਂਦਰ; ਨਸ਼ਾ ਕਰਨ ਵਾਲਿਆਂ ਦਾ ਮੁੜ ਵਸੇਬਾ ਕਰਨ ਲਈ 19 ਸਰਕਾਰੀ ਕੇਂਦਰ ਹਨ, 74 ਪ੍ਰਾਈਵੇਟ। ਪਿਛਲੇ ਮਹੀਨੇ ਪੰਜਾਬ ਪੁਲੀਸ ਦੇ ਅੰਕੜਿਆਂ ਅਨੁਸਾਰ ਪੁਲੀਸ ਨੇ ਇਕ ਸਾਲ ਵਿਚ ਐੱਨਡੀਪੀਐੱਸ ਐਕਟ ਤਹਿਤ 12,218 ਕੇਸ ਦਰਜ ਕੀਤੇ ਸਨ। ਲੋਕ ਸਭਾ ਵਿਚ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਵਿਚ 10 ਤੋਂ 17 ਉਮਰ ਸਾਲ ਦੇ 6.97 ਲੱਖ ਬੱਚੇ ਨਸ਼ਿਆਂ ਦੇ ਆਦੀ ਹਨ। ਕਈ ਵਰਿ੍ਹਆਂ ਤੋਂ ਸਰਕਾਰਾਂ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰ ਰਹੀਆਂ ਹਨ ਪਰ ਅਮਲੀ ਰੂਪ ਵਿਚ ਇਹ ਸਮੱਸਿਆ ਘਟਣ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ। ਨੌਜਵਾਨ ਜ਼ਿਆਦਾ ਨਸ਼ਾ ਲੈਣ ਕਾਰਨ ਮਰ ਰਹੇ ਹਨ। ਪੁਲੀਸ ਦੀਆਂ ਕਾਰਵਾਈਆਂ ਹੇਠਲੇ ਪੱਧਰ ’ਤੇ ਨਸ਼ੇ ਵੇਚਣ ਤੇ ਉਨ੍ਹਾਂ ਦਾ ਸੇਵਨ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਤਕ ਸੀਮਤ ਹਨ। ਅਜੇ ਤਕ ਉਸਨੇ ਵਡੀ ਤਾਕਤ ਨੂੰ ਹਥ ਨਹੀਂ ਪਾਇਆ ਜੋ ਡਰਗ ਦੀ ਜਨਮਦਾਤਾ ਹੈ।
100 ਕਿੱਲੋ ਤੋਂ ਵੱਧ ਹੈਰੋਇਨ ਟਿਕਾਣੇ ਲਗਾਉਣ ਵਾਲਾ ਸਮੱਗਲਰ ਗੁਰਲਾਲ ਸਿੰਘ ਗਿ੍ਰਫਤਾਰ
ਅੰਮ੍ਰਿਤਸਰ-ਪੁਲਿਸ ਟੀਮ ’ਤੇ ਗੋਲ਼ੀਆਂ ਚਲਾਉਣ ਵਾਲਾ ਖ਼ਤਰਨਾਕ ਸਮੱਗਲਰ ਗੁਰਲਾਲ ਸਿੰਘ ਪਿਛਲੇ ਕੁਝ ਸਾਲਾਂ ਤੋਂ 100 ਕਿੱਲੋ ਤੋਂ ਵੱਧ ਹੈਰੋਇਨ ਆਪਣੇ ਸੁਰੱਖਿਅਤ ਟਿਕਾਣੇ ਲਗਾ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਵੱਡੀ ਖੇਪ ਦੀ ਛੁਪਣਗਾਹ ਸਥਾਪਤ ਕਰਨ ਸਮੇਂ ਸੁਰੱਖਿਆ ਏਜੰਸੀਆਂ ਨੂੰ ਇਸ ਬਾਰੇ ਕੋਈ ਸੁਰਾਗ ਵੀ ਨਹੀਂ ਲੱਗਾ। ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਮੁਲਜ਼ਮ ਗੁਰਲਾਲ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਸਾਲ 2014 ਤੋਂ ਹੈਰੋਇਨ ਦਾ ਧੰਦਾ ਕਰਦਾ ਸੀ। ਮੁਲਜ਼ਮ ਨੂੰ ਐਤਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੇ ਜੱਜ ਨੇ ਮੁਲਜ਼ਮ ਦੇ ਪੁਲਿਸ ਰਿਮਾਂਡ ਵਿਚ ਇਕ ਦਿਨ ਦਾ ਵਾਧਾ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਸ਼ਿਆਂ ਤੋਂ ਕਮਾਈ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਪਿੰਡ ਧਨੋਏ ਖੁਰਦ ਦੇ ਰਹਿਣ ਵਾਲੇ ਗੁਰਲਾਲ ਸਿੰਘ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ ਇਕ ਕਿੱਲੋ ਹੈਰੋਇਨ, ਇਕ ਚਾਈਨਾ ਮੇਡ ਪਿਸਤੌਲ, ਪੰਜ ਕਾਰਤੂਸ, ਇਕ ਮੋਬਾਈਲ ਬਰਾਮਦ ਕੀਤਾ ਸੀ। ਜਦੋਂ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਕਈ ਤਸਕਰਾਂ ਦੇ ਨੰਬਰ ਵੀ ਪਾਏ ਗਏ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਗੁਰਲਾਲ ਸਿੰਘ ਦੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਸਬੰਧ ਹਨ ਤੇ ਉਸ ਦੇ ਇਸ਼ਾਰੇ ’ਤੇ ਉਹ ਹੈਰੋਇਨ ਦੀਆਂ ਵੱਡੀਆਂ ਖੇਪਾਂ ਨੂੰ ਕੰਡਿਆਲੀ ਤਾਰ ਰਾਹੀਂ ਭਾਰਤੀ ਇਲਾਕਿਆਂ ’ਚ ਟਿਕਾਣੇ ਲਗਾ ਚੁੱਕਾ ਹੈ। ਪੁਲਿਸ ਨੇ ਮੁਲਜ਼ਮ ਦੀ ਨਵੀਂ ਥਾਰ ਵੀ ਕਬਜ਼ੇ ਵਿਚ ਲਈ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਕੋਲ ਤਿੰਨ ਟਰੈਕਟਰ, ਛੇਹਰਟਾ ਵਿਖੇ ਇਕ ਮਕਾਨ ਤੇ ਕੰਡਿਆਲੀ ਤਾਰ ਨੇੜੇ ਕੁਝ ਜ਼ਮੀਨ ਵੀ ਹੈ। ਜਿਸ ਬਾਰੇ ਪੁਲਿਸ ਸਬੰਧਤ ਵਿਭਾਗਾਂ ਤੋਂ ਮਲਕੀਅਤ ਦੇ ਦਸਤਾਵੇਜ਼ ਕਢਵਾ ਰਹੀ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਲਾਲ ਸਿੰਘ ਨੇ ਸਾਲ 2014 ਤੋਂ ਆਪਣੇ ਇਕ ਹੋਰ ਸਾਥੀ ਰਾਹੀਂ ਹੈਰੋਇਨ ਦੀ ਤਸਕਰੀ ਦਾ ਧੰਦਾ ਸ਼ੁਰੂ ਕੀਤਾ ਸੀ। ਉਸ ਖ਼ਿਲਾਫ਼ ਤਰਨਤਾਰਨ ਸਿਟੀ ਥਾਣਾ, ਘਰਿੰਡਾ ਥਾਣਾ ਅਤੇ ਇਸਲਾਮਾਬਾਦ ਥਾਣੇ ਵਿਚ ਕੁਲ ਚਾਰ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਫਿਲਹਾਲ ਮੁਲਜ਼ਮ ਜ਼ਮਾਨਤ ’ਤੇ ਬਾਹਰ ਸੀ।
ਜ਼ਿਕਰਯੋਗ ਹੈ ਕਿ ਗੁਰਲਾਲ ਸਿੰਘ ਨੂੰ ਬੁੱਧਵਾਰ ਰਾਤ ਸੀਆਈਏ ਸਟਾਫ ਅੰਮ੍ਰਿਤਸਰ ਦਿਹਾਤੀ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੇ ਪੁਲਿਸ ਪਾਰਟੀ ’ਤੇ ਆਪਣੇ ਪਿਸਤੌਲ ’ਚੋਂ ਚਾਰ ਗੋਲ਼ੀਆਂ ਚਲਾਈਆਂ ਅਤੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ।
ਨਸ਼ਿਆਂ ਦਾ ਹੱਬ ਬਣਿਆ ਗੁਜਰਾਤ; ਪੰਜਾਬ ‘ਚ 66 ਲੱਖ ਤੋਂ ਜ਼ਿਆਦਾ ਲੋਕ ਨਸ਼ੇ ਦੇ ਆਦੀ

Comment here