ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਮਹੀਨੇ ਸੁਤੰਤਰਤਾ ਦਿਵਸ ਮੌਕੇ ਐਲਾਨ ਕੀਤਾ ਸੀ ਕਿ ਇਸ ਸਾਲ ਪੰਜਾਬ ਨਸ਼ਿਆਂ ਖਿਲਾਫ਼ ਵੱਡੀ ਮੁਹਿੰਮ ਸ਼ੁਰੂ ਕਰੇਗਾ। ਹੁਣ ਮੁੱਖ ਮੰਤਰੀ ਦੇ ਇਸ ਹੁਕਮ ਲਈ ਪੰਜਾਬ ਪੁਲਿਸ ਵੀ ਸਹਿਯੋਗ ਕਰ ਰਹੀ ਹੈ। ਪੰਜਾਬ ਪੁਲਿਸ ਜਗ੍ਹਾਂ-ਜਗਾਂ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਹੁਣ ਪੰਜਾਬ ਪੁਲਿਸ ਅਤੇ ਸਰਕਾਰ ਦੀ ਇਸ ਮੁਹਿੰਮਨਾਲ ਦਿੱਗਜ ਅਦਾਕਾਰ ਗੁੱਗੂ ਗਿੱਲ ਦਾ ਵੀ ਨਾਂ ਜੁੜ ਗਿਆ ਹੈ।
ਜੀ ਹਾਂ… ਤੁਸੀ ਪੜ੍ਹਿਆ ਹੈ, ਹਾਲ ਹੀ ਵਿੱਚ ਅਦਾਕਾਰ ਗੁੱਗੂ ਗਿੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇਹ ਵੀਡੀਓ ਸ੍ਰੀ ਮੁਕਤਸਰ ਸਾਹਿਬ ਪੰਜਾਬ ਦੇ ਅਧੀਕਾਰਤ ਐਕਸ ਅਕਾਉਂਟ ਤੋਂ ਸਾਂਝੀ ਕੀਤੀ ਗਈ ਹੈ, ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ‘ਪ੍ਰੇਰਨਾਦਾਇਕ ਸੰਦੇਸ਼ ਲਈ ਕੁਲਵਿੰਦਰ ਸਿੰਘ ਗਿੱਲ ਦਾ ਬਹੁਤ ਬਹੁਤ ਧੰਨਵਾਦ #ਪੰਜਾਬਪੁਲਿਸ ਨਸ਼ਿਆਂ ਵਿਰੁੱਧ ਆਪਣੀ ਲੜਾਈ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਮੁੱਖ ਮੰਤਰੀ ਦੇ ਸੁਪਨੇ ‘ਤੇ ਚੱਲਦਿਆਂ ਅਸੀਂ ਜ਼ਮੀਨੀ ਪੱਧਰ ਤੋਂ ਇਸ ਖਤਰੇ ਨੂੰ ਖ਼ਤਮ ਕਰਨ ਦੇ ਰਾਹ ‘ਤੇ ਹਾਂ।’
ਇਸ ਵੀਡੀਓ ਵਿੱਚ ਅਦਾਕਾਰ ਕਹਿ ਰਹੇ ਹਨ ਕਿ ‘ਦੋਸਤੋ ਅੱਜ ਕੱਲ੍ਹ ਸੀਐੱਮ ਸਾਹਿਬ ਸ੍ਰੀ ਭਗਵੰਤ ਮਾਨ ਅਤੇ ਡੀਜੀਪੀ ਸਾਹਿਬ…ਇਹਨਾਂ ਨੇ ਮਿਲ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜੋ ਕਿ ਨਸ਼ਿਆਂ ਖਿਲਾਫ਼ ਹੈ। ਜਿਹੜੀ ਕਿ ਬਹੁਤ ਹੀ ਚੰਗੀ ਗੱਲ਼ ਹੈ। ਕੋਈ ਵੀ ਨਸ਼ਾ ਕਿਉਂ ਨਾ ਹੋਵੇ, ਆਪਾਂ ਉਸ ਨੂੰ ਮਾੜਾ ਹੀ ਆਖਾਂਗੇ, ਪਰ ਚਿੱਟੇ ਦਾ ਨਸ਼ਾ ਅਜਿਹਾ ਨਸ਼ਾ ਹੈ, ਜਿਸ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਧੀਆਂ ਭੈਣਾਂ ਦੀ ਚਿੱਟੀਆਂ ਚੁੰਨੀਆਂ ਰੰਗਲੀਆਂ ਕਰ ਦਿੱਤੀਆਂ। ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ, ਕੋਈ ਵੀ ਸਰਕਾਰ ਜਾਂ ਪੁਲਿਸ ਇੱਕਲਿਆਂ ਇਸ ਤਰ੍ਹਾਂ ਦੀ ਲੜਾਈ ਨਹੀਂ ਲੜ ਸਕਦੀ, ਜਿਹਨਾਂ ਚਿਰ ਲੋਕਾਂ ਦਾ ਸਾਥ ਨਾ ਹੋਵੇ। ਤਾਂ ਆਓ ਫਿਰ ਆਪਾਂ ਸਾਰੇ ਉਹਨਾਂ ਦਾ ਸਾਥ ਦਈਏ। ਤਾਂ ਜੋ ਇਸ ਤਰ੍ਹਾਂ ਦੇ ਨਸ਼ੇ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।’
ਅਦਾਕਾਰ ਨੇ ਅੱਗੇ ਕਿਹਾ ਹੈ ਕਿ ‘ਹਰ ਸਰਕਾਰੀ ਹਸਪਤਾਲ ਵਿੱਚ ਇਲਾਜ ਮੁਫ਼ਤ ਹੈ, ਕੋਈ ਵੀ ਆਪਣਾ ਜਾਂ ਆਪਣੇ ਰਿਸ਼ਤੇਦਾਰ ਦਾ ਇਲਾਜ ਉਥੇ ਜਾ ਕੇ ਕਰਵਾ ਸਕਦਾ ਹੈ।’ਗੁੱਗੂ ਗਿੱਲ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ 1981 ਵਿੱਚ ਆਈ ਫਿਲਮ ‘ਪੁੱਤ ਜੱਟਾਂ ਦੇ’ ਤੋਂ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਉਹਨਾਂ ਨੇ ‘ਜਿਊਣਾ ਮੌੜ’, ‘ਮਿਰਜ਼ਾ ਸਾਹਿਬਾ’, ‘ਸ਼ਰੀਕ’ ਅਤੇ ‘ਸਰਦਾਰੀ’ ਵਰਗੀਆਂ ਫਿਲਮਾਂ ਕਰਕੇ ਪਾਲੀਵੁੱਡ ਵਿੱਚ ਵੱਖਰੀ ਥਾਂ ਸਥਾਪਿਤ ਕੀਤੀ ਹੈ।
Comment here