ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਬਾਰੇ ਪੁਲਸ ਤੇ ਸਵਾਲ ਚੁੱਕਦਿਆਂ ਐਮ ਪੀ ਔਜਲਾ ਨੇ ਲਿਖੀ ਡੀਜੀਪੀ ਨੂੰ ਚਿੱਠੀ

ਅੰਮ੍ਰਿਤਸਰ-ਸੂਬੇ ਵਿਚ ਲਗਾਤਾਰ ਵੱਧ ਰਹੀ ਨਸ਼ੇ ਦੀ ਵਿਕਰੀ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਪੁਲਿਸ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਸ ਸਬੰਧੀ ਔਜਲਾ ਨੇ ਪੰਜਾਬ ਦੇ ਡੀਜੀਪੀ ਵੀਕੇ ਭਾਵੜਾ ਨੂੰ ਇਕ ਚਿੱਠੀ ਲਿਖ ਕੇ ਤਰਥੱਲੀ ਮਚਾ ਦਿੱਤੀ ਹੈ। ਉਨ੍ਹਾਂ ਸਾਫ਼ ਲਿਖਿਆ ਕਿ ਪੁਲਿਸ ਨਸ਼ੇ ਦੀ ਤਸਕਰੀ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੀ ਹੈ। ਸਮੇਂ-ਸਮੇਂ ’ਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਵੀ ਕੋਈ ਪੁਖ਼ਤਾ ਕਾਰਵਾਈ ਨਹੀਂ ਹੁੰਦੀ।

ਪੱਤਰ ਵਿੱਚ ਲਿਖਿਆ,ਮੈਂ ਮੁੜ ਦੁਹਰਾਉਂਦਾ ਹਾਂ ਕਿ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਲਈ ਨਸ਼ਾ ਵਿਰੋਧੀ ਪ੍ਰਭਾਵੀ ਅਭਿਆਨ ਉਲੀਕਣ ਅਤੇ ਲਾਗੂ ਕਰਨ ਦਾ ਸਮਾਂ ਆ ਗਿਆ ਹੈ ਨਹੀਂ ਤਾਂ ਮੈਂ ਅਤੇ ਪਵਿੱਤਰ ਨਗਰੀ ਦੇ ਵਸਨੀਕ ਪੁਲਿਸ ਦੀ ਅਣਗਹਿਲੀ ਵਿਰੁੱਧ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਲਈ ਮਜ਼ਬੂਰ ਹੋਵਾਂਗੇ।”

ਔਜਲਾ ਵੱਲੋਂ ਇਸ ਤਰ੍ਹਾਂ ਦੀ ਚਿੱਠੀ ਲਿਖਣਾ, ਕਿਤੇ ਨਾ ਕਿਤੇ ਉਨ੍ਹਾਂ ਦੀ ਖ਼ੁਦ ਦੀ ਕਾਂਗਰਸ ਸਰਕਾਰ ’ਤੇ ਵੀ ਸਵਾਲੀਆ ਨਿਸ਼ਾਨ ਹਨ ਕਿਉਂਕਿ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੀ ਸਰਕਾਰ ਰਹੀ ਹੈ ਅਤੇ ਇਸ ਦਾ ਪੂਰਾ ਜ਼ਿੰਮਾ ਸਰਕਾਰ ’ਤੇ ਵੀ ਜਾਂਦਾ ਹੈ।ਔਜਲਾ ਨੇ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਅੰਮ੍ਰਿਤਸਰ ਸਿੱਖਾਂ ਦਾ ਸਭ ਤੋਂ ਪਵਿੱਤਰ ਸ਼ਹਿਰ ਹੈ। ਇੱਥੇ ਹਰ ਦਿਨ ਲੱਖਾਂ ਤੀਰਥ ਯਾਤਰੀ ਆਉਂਦੇ ਹਨ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਆਪਣੀ ਬੁੱਧੀ ਅਤੇ ਬਹਾਦਰੀ ਲਈ ਜਾਣੇ ਜਾਂਦੇ ਸਨ, ਉਨ੍ਹਾਂ ਨੂੰ ਹੁਣ ਕੌਮਾਂਤਰੀ ਮੰਚਾਂ ’ਤੇ ਨਸ਼ੇੜੀ ਕਿਹਾ ਜਾਂਦਾ ਹੈ। ਪੰਜਾਬ ਵਿਚ ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਮੌਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਦੀ ਜ਼ਿੰਮੇਦਾਰੀ ਪੁਲਿਸ ਪ੍ਰਸ਼ਾਸਨ ’ਤੇ ਆਉਂਦੀ ਹੈ। ਮੈਂ ਲੰਬੇ ਸਮੇਂ ਤੋਂ ਨਸ਼ੀਲੀਆਂ ਦਵਾਈਆਂ ਦੇ ਖ਼ਤਰੇ ਦੇ ਖ਼ਿਲਾਫ਼ ਕੰਮ ਕਰ ਰਿਹਾ ਹਾਂ ਅਤੇ ਕਈ ਮੌਕਿਆਂ ’ਤੇ ਜ਼ਿਲ੍ਹਾ ਪੁਲਿਸ ਨੂੰ ਕਾਰਵਾਈ ਕਰਨ ਲਈ ਚੌਕਸ ਕੀਤਾ ਹੈ ਪਰ ਸਥਾਨਕ ਪੁਲਿਸ ਦੇ ‘ਚੁੱਪ ਰਹਿਣ’ ਦੇ ਵਿਵਹਾਰ ਨੇ ਜ਼ਿਲ੍ਹੇ ਦੇ ਨਿਵਾਸੀਆਂ ਵਿਚ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਪੂਰੀ ਤਰ੍ਹਾਂ ਗਵਾ ਦਿੱਤਾ ਹੈ। ਹਾਲ ਹੀ ਵਿਚ ਕਈ ਇਲਾਕਿਆਂ ਵਿਚ ਪ੍ਰਚਲਿਤ ਖੁੱਲ੍ਹੀਆਂ ਦਵਾਈਆਂ ਆਦਿ ਕਾਰਨ ਮੈਨੂੰ ਪਵਿੱਤਰ ਸ਼ਹਿਰ ਦੇ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀਆਂ ਕੁਝ ਕਾਲੀਆਂ ਭੇਡਾਂ ਜ਼ਿੰਮੇਦਾਰ ਹਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿਚ ਕਈ ਸੀਨੀਅਰ ਅਧਿਕਾਰੀਆਂ ਤੇ ਨੇਤਾਵਾਂ ਦੇ ਨਾਂ ਕਈ ਮੌਕਿਆਂ ’ਤੇ ਸਾਹਮਣੇ ਆਏ ਹਨ, ਪਰ ਉਹ ਕਾਰਵਾਈ ਦੀ ਬਜਾਏ ਸੀਲਬੰਦ ਲਿਫ਼ਾਫ਼ੇ ਵਿਚ ਪਏ ਹਨ। ਸਖ਼ਤ ਕਾਰਵਾਈ ਕਰਨ ਲਈ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਪੁਲਿਸ ਅਧਿਕਾਰੀਆਂ ਨੂੰ ਲਗਾਤਾਰ ਚਿੱਠੀਆਂ ਲਿਖ ਰਹੇ ਹਾਂ। ਪੁਲਿਸ ਅਧਿਕਾਰੀਆਂ ਦਾ ‘ਇਗਨੋਰ ਇੱਟ’ ਰਵੱਈਆ ਇਸ ਧੰਦੇ ਵਿਚ ਉਨ੍ਹਾਂ ਦੇ ਸ਼ਾਮਲ ਹੋਣ ਵੱਲ ਸੰਕੇਤ ਕਰਦਾ ਹੈ। ਥਾਣਾ ਪੱਧਰ ’ਤੇ ਕੀਤੀ ਗਈ ਛੋਟੀ-ਛੋਟੀ ਬਰਾਮਦਗੀ ਕਦੀ ਵੀ ਉਸ ਦੀਆਂ ਮੂਲ ਜੜ੍ਹਾਂ ਤਕ ਨਹੀਂ ਜਾਂਦੀ ਹੈ, ਜਿਸ ਕਾਰਨ ਗਿ੍ਰਫ਼ਤਾਰ ਕੀਤੇ ਗਏ ਲੋਕਾਂ ਛੇਤੀ ਬਰੀ ਹੋ ਜਾਂਦੇ ਹਨ।

Comment here