ਮਖੂ – ਪੰਜਾਬ ਵਿੱਚ ਹਰ ਦਿਨ ਨਸ਼ਾ ਕਿਸੇ ਨਾ ਕਿਸੇ ਘਰ ਵਿੱਚ ਸੱਥਰ ਵਿਛਾਉਂਦਾ ਹੈ। ਹੁਣ ਬਲਾਕ ਮਖੂ ਦੇ ਪਿੰਡ ਸਰਹਾਲੀ ’ਚ ਤਿੰਨ ਛੋਟੇ-ਛੋਟੇ ਮਾਸੂਮ ਬੱਚਿਆਂ ਦਾ ਮਿਹਨਤ-ਮਜ਼ਦੂਰੀ ਕਰਨ ਵਾਲਾ 30 ਸਾਲਾ ਨਸ਼ੇ ਦਾ ਆਦੀ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਬਲਰਾਜ ਵਾਸੀ ਜੱਟਾਂ ਵਾਲੀ ਵੱਲੋਂ ਲਾਏ ਗਏ ਚਿੱਟੇ ਦੇ ਟੀਕੇ ਕਾਰਨ ਮੌਤ ਦੀ ਭੇਟ ਚੜ੍ਹ ਗਿਆ। ਉਸ ਦੀ ਮੌਤ ਨਾਲ ਪਿੰਡ ’ਚ ਗੁੱਸੇ ਦੀ ਲਹਿਰ ਫੈਲ ਗਈ। ਮਾਸੂਮ ਬੱਚਿਆਂ ਅਨੁਸਾਰ ਗੁਰਪ੍ਰੀਤ ਦੇ ਬਲਰਾਜ ਨੇ ਨਸ਼ੇ ਦਾ ਟੀਕਾ ਲਾਇਆ, ਜਿਸ ਕਾਰਨ ਉਹ ਮੌਕੇ ’ਤੇ ਹੀ ਡਿੱਗ ਪਿਆ। ਬੱਚਿਆਂ ਨੇ ਦੱਸਿਆ ਕਿ ਅੰਕਲ ਬਲਰਾਜ ਤੁਰੰਤ ਮੌਕੇ ਤੋਂ ਭੱਜ ਗਿਆ। ਗੁਰਪ੍ਰੀਤ ਨੂੰ ਗੰਭੀਰ ਹਾਲਤ ’ਚ ਮਖੂ ਦੇ ਨਿੱਜੀ ਹਸਪਤਾਲ ’ਚ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੋਹਤਬਰਾਂ ਨੇ ਦੱਸਿਆ ਕਿ ਥੋੜ੍ਹੇ ਹੀ ਸਮੇਂ ਦਰਮਿਆਨ ਪਿੰਡ ਦੇ ਅੱਧੀ ਦਰਜਨ ਨੌਜਵਾਨ ਨਸ਼ਿਆਂ ਦੇ ਦਰਿਆ ’ਚ ਰੁੜ੍ਹ ਚੁੱਕੇ ਹਨ ਪਰ ਸਰਕਾਰਾਂ ਦੀਆਂ ਗੁੰਝਲਦਾਰ ਕਾਨੂੰਨੀ ਪ੍ਰਕਿਰਿਆਵਾਂ ਕਾਰਨ ਬਦਕਿਸਮਤ ਵਾਰਿਸ ਹਮੇਸ਼ਾ ਚੁੱਪ ਵੱਟ ਜਾਂਦੇ ਸਨ। ਜ਼ਿਕਰਯੋਗ ਹੈ ਕਿ ਮਿਹਨਤ ਮਜ਼ਦੂਰੀ ਕਰਨ ਵਾਲੇ ਮ੍ਰਿਤਕ ਗੁਰਪ੍ਰੀਤ ਦੀ ਪਤਨੀ ਇਕ ਮਾਸੂਮ ਪੁੱਤਰ ਤੇ ਦੋ ਨਿੱਕੀਆਂ-ਨਿੱਕੀਆਂ ਬਾਲੜੀਆਂ ਨੂੰ ਛੱਡ ਕੇ ਦੋ ਸਾਲ ਪਹਿਲਾਂ ਹੀ ਘਰੋਂ ਜਾ ਚੁੱਕੀ ਹੈ। ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਧਾਰਾ 304 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਨਸ਼ੇ ਨੇ ਲਈ ਇੱਕ ਹੋਰ ਗੱਭਰੂ ਦੀ ਜਾਨ

Comment here