ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੇ ਲਈਆਂ ਤਿੰਨ ਜਾਨਾਂ

ਵਿਸ਼ੇਸ਼ ਰਿਪੋਰਟ-ਰੋਹਿਨੀ

ਪੰਜਾਬ ਵਿੱਚ ਨਸ਼ੇ ਨਾਲ ਜਵਾਨੀ ਦਾ ਉਜਾੜਾ ਜਾਰੀ ਹੈ, ਕੋਈ ਦਿਨ ਅਜਿਹਾ ਨਹੀਂ ਹੁੰਦਾ ਕਿ ਨਸ਼ੇ ਨਾਲ ਕਿਸੇ ਗੱਭਰੂ ਦੀ ਜਾਨ ਨਾ ਗਈ ਹੋਵੇ, ਹਰ ਥਾਂ ਤੋਂ ਲੋਕ ਇਕ ਅਵਾਜ਼ ਨਾਲ ਬੋਲਦੇ ਹਨ ਕਿ ਨਸ਼ਾ ਸ਼ਰੇਆਮ ਵਿਕਦਾ ਹੈ, ਪੁਲਸ ਕੋਈ ਕਾਰਵਾਈ ਨਹੀਂ ਕਰਦੀ, ਅੱਜ ਵੀ ਨਸ਼ੇ ਨੇ ਤਿਂਨ ਨੌਜਵਾਨਾਂ ਨੂੰ ਨਿਗਲ ਲਿਆ।

 ਸਿਵਲ ਹਸਪਤਾਲ ਰਾਮਪੁਰਾ ਫੂਲ ਨਸ਼ੇੜੀਆਂ ਲਈ ਜੰਨਤ ਦਾ ਅੱਡਾ ਬਣਿਆ ਹੋਇਆ ਹੈ ਅਤੇ ਇਸ ਹਸਪਤਾਲ ਦੇ ਬਾਥਰੂਮਾਂ ਦਾ ਇਸਤੇਮਾਲ ਅਕਸਰ ਮਰੀਜ਼ਾਂ ਤੋਂ ਵੱਧ ਨਸ਼ੇੜੀ ਨਸ਼ਿਆਂ ਦੇ ਟੀਕੇ ਲਾਉਣ ਲਈ ਕਰਦੇ ਹਨ। ਅੱਜ ਸਵੇਰੇ ਸਥਾਨਕ ਸਿਵਲ ਹਸਪਤਾਲ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਹਸਪਤਾਲ ਦੇ ਬਾਥਰੂਮ ਵਿੱਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਜਿਸ ਪਾਸ ਨਸ਼ੇ ਦਾ ਟੀਕਾ ਪਿਆ ਹੋਇਆ ਸੀ। ਮਿ੍ਤਕ ਦੀ ਪਹਿਚਾਣ ਪਾਲੀ ਸਿੰਘ (25) ਵਾਸੀ ਪਿੰਡ ਬੀਹਲਾ ਹਾਲ ਅਬਾਦ ਰਾਮਪੁਰਾ ਫੂਲ ਵਜੋਂ ਹੋਈ ਹੈ ਜੋ ਆਪਣੇ ਪਿਤਾ ਨਾਲ ਟਰੱਕ ‘ਤੇ ਹੈਲਪਰ ਦਾ ਕੰਮ ਕਰਦਾ ਸੀ। ਸਿਵਲ ਹਸਪਤਾਲ ਦੇ ਕਰਮਚਾਰੀਆਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਐਮਰਜੈਂਸੀ ਵਾਰਡ ਦੀ ਪਹਿਲੀ ਮੰਜ਼ਿਲ ਤੇ ਬਣੇ ਬਾਥਰੂਮ ਵਿੱਚ ਡਿੱਗਿਆ ਪਿਆ ਹੈ ਤੇ ਦਰਵਾਜ਼ਾ ਵੀ ਅੰਦਰੋਂ ਬੰਦ ਹੈਂ ਤਾਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹ ਕੇ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਜਿਥੇ ਡਾਕਟਰਾਂ ਵੱਲੋਂ ਚੈੱਕ ਅੱਪ ਕਰਨ ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਮਓ ਅੰਜੂ ਕਾਂਸਲ ਨੇ ਦੱਸਿਆ ਕਿ ਬਾਥਰੂਮ ਵਿੱਚ ਇਕ ਸਰਿੰਜ ਵੀ ਬਰਾਮਦ ਹੋਈ ਜਿਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋਈ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਜਨਤਕ ਥਾਂ ਹੋਣ ਕਾਰਨ ਇਥੇ ਬਹੁਤ ਵਾਰ ਨਸ਼ੇੜੀ ਆਉਂਦੇ ਰਹਿੰਦੇ ਹਨ ਜਿਸ ਲਈ ਉਨ੍ਹਾਂ ਪ੍ਰਸ਼ਾਸਨ ਪਾਸੋਂ 3-4 ਸਕਿਉਰਿਟੀ ਗਾਰਡਾਂ ਦੀ ਮੰਗ ਕੀਤੀ ਹੈ। ਉਨ੍ਹਾਂ ਪੁਲਿਸ ਨੂੰ ਵੀ ਹਸਪਤਾਲ ਦੀ ਗਸ਼ਤ ਕਰਦੇ ਰਹਿਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਥਾਣਾ ਸਿਟੀ ਰਾਮਪੁਰਾ ਫੂਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਰੱਜੋ ਕੌਰ ਨੇ ਬਿਆਨ ਦਿੱਤਾ ਹੈ ਕਿ ਉਸ ਦਾ ਪਤੀ ਪਾਲੀ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਕੁਝ ਨਾਮਾਲੂਮ ਵਿਅਕਤੀਆਂ ਵੱਲੋਂ ਉਸ ਨੂੰ ਜ਼ਿਆਦਾ ਨਸ਼ਾ ਦੇ ਕੇ ਮਾਰਿਆ ਗਿਆ ਹੈ। ਪੁਲਿਸ ਵੱਲੋਂ ਇਸ ਸਬੰਧੀ ਧਾਰਾ 304 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਲੁਧਿਆਣਾ ਜ਼ਿਲੇ ਦੇ ਕਸਬਾ ਮੁੱਲਾਂਪੁਰ ਦਾਖਾ ਵਿੱਚ ਬਿਜਲੀ ਬੋਰਡ ਦਾ ਇਕ ਮੁਲਾਜ਼ਮ ਟੀਕੇ ਦੀ ਵੱਧ ਡੋਜ਼ ਲਾਉਣ ਕਾਰਨ ਚਿੱਟੇ ਦੀ ਭੇਂਟ ਚੜ੍ਹ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਪਵਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦਾਖਾ ਬਿਜਲੀ ਬੋਰਡ ‘ਚ ਸਬ ਸਟੇਸ਼ਨ ਅਸਿਸਟੈਂਟ ਦਾਖਾ ਗਰਿੱਡ ਵਿਖੇ ਤਾਇਨਾਤ ਸੀ। ਇਸ ਸਬੰਧੀ ਥਾਣਾ ਦਾਖਾ ਦੀ ਪੁਲਸ ਨੇ ਵਿਭਾਗੀ ਕਾਰਵਾਈ ਅਮਲ ‘ਚ ਲਿਆਂਦੀ ਹੈ।

ਮਾਛੀਵਾੜਾ ਸਾਹਿਬ ਕੋਲ ਪੈਂਦੇ ਪਿੰਡ ਮਾਣੇਵਾਲ ਦੇ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਹੈਪਾ (21) ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਜਾਨ ਚਲੀ ਗਈ। ਮਾਛੀਵਾੜਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਦੀ ਲਾਸ਼ ਪਿੰਡ ਮਾਣੇਵਾਲ ਦੇ ਖੇਤਾਂ ‘ਚ ਪਈ ਹੈ, ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਹੈਪਾ ਵਜੋਂ ਹੋਈ, ਉਸ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਪਿੰਡ ਦੇ ਨਸ਼ਾ ਤਸਕਰ ਭੈਣ ਭਰਾ ਤੇ ਕੁਝ ਹੋਰ ਲੋਕਾਂ ਨੇ ਹੈਪਾ ਨੂੰ ਨਸ਼ੇ ਦੀ ਵੱਧ ਡੋਜ਼ ਦਾ ਟੀਕਾ ਲਾ ਕੇ ਜਾਨ ਲੈ ਲਈ, ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ, ਮਾਮਲੇ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਮਨਪ੍ਰੀਤ ਸਿੰਘ ਨੇ ਕੱਲ੍ਹ ਦੁਪਹਿਰ ਪਹਿਲਾਂ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਪਿੰਡ ਦੇ ਬਾਹਰ ਖੇਤਾਂ ‘ਚ ਬਣੇ ਘਰ ‘ਚ ਰਹਿੰਦੀ ਔਰਤ ਜੋ ਚਿੱਟਾ ਵੇਚਣ ਦਾ ਕੰਮ ਕਰਦੀ ਹੈ, ਦੇ ਘਰ ਚਲਾ ਗਿਆ। ਮ੍ਰਿਤਕ ਮਨਪ੍ਰੀਤ ਸਿੰਘ ਦੀ ਜੇਬ ’ਚ 5000 ਰੁਪਏ ਸਨ ਤੇ ਉਸ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ। ਔਰਤ ਨੇ ਆਪਣੇ ਭਰਾ ਸਰਵਣ ਸਿੰਘ, ਗੁਰਲਾਲ ਸਿੰਘ ਤੇ ਹੋਰਨਾਂ ਨਾਲ ਮਿਲ ਕੇ ਮਨਪ੍ਰੀਤ ਨੂੰ ਨਸ਼ੇ ਦਾ ਟੀਕਾ ਲਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਨਸ਼ੇ ਦੇ ਟੀਕਾ ਲਾ ਕੇ ਮਨਪ੍ਰੀਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਉਸ ਦੀ ਲਾਸ਼ ਨੂੰ ਨੇੜੇ ਹੀ ਖੇਤਾਂ ਵਿੱਚ ਸੁੱਟ ਦਿੱਤਾ ਤਾਂ ਜੋ ਉਨ੍ਹਾਂ ’ਤੇ ਇਸ ਵਾਰਦਾਤ ਦਾ ਸ਼ੱਕ ਨਾ ਪਵੇ। ਅਜੇ ਤੱਕ ਇਸ ਮਾਮਲੇ ਸਬੰਧੀ ਕਿਸੇ ਵੀ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ। ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ’ਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿਉਂਕਿ ਉਸ ਦੇ ਰਿਸ਼ਤੇ ਦੀ ਗੱਲ ਤੈਅ ਹੋ ਚੁੱਕੀ ਸੀ ਤੇ ਐਤਵਾਰ ਨੂੰ ਸਾਦੇ ਢੰਗ ਨਾਲ ਵਿਆਹ ਕੀਤਾ ਜਾਣਾ ਸੀ ਪਰ ਉਸ ਦਾ ਪਹਿਲਾਂ ਹੀ ਕਤਲ ਹੋ ਗਿਆ। ਕਿੱਤੇ ਵਜੋਂ ਮਜ਼ਦੂਰੀ ਕਰਦੇ ਮਨਪ੍ਰੀਤ ਸਿੰਘ ਨੂੰ ਪੰਜਾਬ ‘ਚ ਫੈਲੇ ਨਸ਼ਿਆਂ ਦੇ ਦੈਂਤ ਨੇ ਨਿਗਲ ਲਿਆ। ਜਿੱਥੇ ਉਸ ਨੇ ਵਿਆਹ ਵਾਲੀ ਘੋੜੀ ਚੜ੍ਹਨਾ ਸੀ, ਉੱਥੇ ਹੁਣ ਉਸ ਦੀ ਲਾਸ਼ ਅਰਥੀ ’ਤੇ ਪਈ ਸੀ। ਨੌਜਵਾਨ ਮਨਪ੍ਰੀਤ ਸਿੰਘ ਦੇ ਕਤਲ ਮਾਮਲੇ ‘ਚ ਕਥਿਤ ਮੁੱਖ ਦੋਸ਼ੀ ਬੇਅੰਤ ਕੌਰ ਅਪਰਾਧਿਕ ਕਿਸਮ ਦੀ ਔਰਤ ਹੈ, ਜਿਸ ’ਤੇ ਪਹਿਲਾਂ ਵੀ ਮਾਛੀਵਾੜਾ ਥਾਣਾ ‘ਚ ਨਸ਼ਾ ਤਸਕਰੀ ਦੇ 4 ਮਾਮਲੇ ਦਰਜ ਹਨ ਅਤੇ ਉਹ ਜ਼ਮਾਨਤ ’ਤੇ ਆਈ ਹੋਈ ਹੈ। ਪਿੰਡ ਮਾਣੇਵਾਲ ਦੇ ਵਾਸੀਆਂ ਨੇ ਦੱਸਿਆ ਕਿ ਬੇਸ਼ੱਕ ਪੁਲਸ ਵੱਲੋਂ ਬੇਅੰਤ ਕੌਰ ਦੇ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਕਈ ਵਾਰ ਕਾਬੂ ਕੀਤਾ ਪਰ ਉਹ ਹਰ ਵਾਰ ਜ਼ਮਾਨਤ ’ਤੇ ਆ ਕੇ ਮੁੜ ਇਸ ਧੰਦੇ ਵਿੱਚ ਲੱਗ ਜਾਂਦੀ ਹੈ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਕੁਰਾਹੇ ਪਾਉਂਦੀ ਹੈ। ਪੁਲਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਬੇਅੰਤ ਕੌਰ ਆਪਣੇ ਘਰ ‘ਚ ਨਸ਼ਾ ਵੇਚਣ ਤੋਂ ਇਲਾਵਾ ਹੋਰ ਵੀ ਗੈਰ-ਕਾਨੂੰਨੀ ਧੰਦੇ ਕਰਦੀ ਹੈ। ਪੁਲਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੀ ਹੈ ਤਾਂ ਜੋ ਉਨ੍ਹਾਂ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਜਾ ਸਕੇ।

Comment here