ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੇ ਪੁੱਤ ਮਾਵਾਂ ਦੇ ਕਾਤਲ ਬਣਾ ਧਰੇ!!

ਵਿਸ਼ੇਸ਼ ਰਿਪੋਰਟ-ਜਸਪਾਲ

ਪੰਜਾਬ ਚ ਨਸ਼ੇ ਦੇ ਉਜਾੜੇ ਦੀ ਗੱਲ ਕਰਦੇ ਹਾਂ- ਬੀਤੇ ਦਿਨ ਹੁਸ਼ਿਆਰਪੁਰ ਚ ਇੱਕ ਨਸ਼ੇੜੀ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ, ਤੇ ਭਜਣ ਲੱਗਿਆ ਛੱਤ ਤੋਂ ਡਿੱਗ ਕੇ ਆਪਣੀ ਵੀ ਜਾਨ ਗਵਾ ਬੈਠਾ ਸੀ। ਅੱਜ ਬਰਨਾਲਾ ਜਿਲੇ ਦੇ ਹੰਡਿਆਇਆ ਤੋਂ ਅਜਿਹੀ ਦੁਖਦ ਖਬਰ ਆਈ ਹੈ, ਜਿੱਥੇ ਇਕ ਨਸ਼ੇੜੀ ਪੁੱਤ ਨੇ  ਆਪਣੀ ਮਾਂ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿਤਾ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮੁਲਜ਼ਮ ਸੁਖਚੈਨ ਸਿੰਘ ਦੀ ਆਪਣੇ ਪਰਿਵਾਰ ਨਾਲ ਨਸ਼ੇ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਸੀ, ਪਤਨੀ ਵੀ ਨਸ਼ੇ ਕਰਕੇ ਛੱਡ ਕੇ ਚਲੀ ਗਈ ਸੀ, ਮਾਂ ਉਸ ਨੂ ਨਸ਼ੇ ਤੋਂ ਵਰਜਦੀ ਰਹਿੰਦੀ,  ਰਾਤ ਕਰੀਬ 9 ਕੁ ਵਜੇ ਸਖਚੈਨ ਨੇ ਨਸ਼ੇ ਲਈ ਪੈਸੇ ਮੰਗੇ, ਪਰ ਮਾਂ ਨੇ ਪੈਸੇ ਦੇਣ ਤੋਂ ਮਨਾ ਕਰ ਦਿਤਾ ਤਾਂ ਸੁਖਚੈਨ ਨੇ ਮਾਂ ਦੇ ਮੱਥੇ ਵਿਚ ਹਥੌੜਾ ਮਾਰ ਦਿੱਤਾ। ਤੇ ਪਿਤਾ ਤੇ ਵੀ ਹਮਲਾ ਕੀਤਾ, ਬੱਚਿਆਂ ਨੇ ਕਿਸੇ ਦੇ ਘਰ ਭੱਜ ਕੇ ਜਾਨ ਬਚਾਈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਮਰਾਲਾ ਦੇ ਪਿੰਡ ਸਿਹਾਲਾ ਚ ਨਸ਼ੇੜੀ ਪੁੱਤ ਨੂੰ ਸੰਗਲਾਂ ਨਾਲ ਬੰਨ ਕੇ ਰੱਖਣ ਨੂੰ ਮਜਬੂਰ ਮਾਂ ਦਾ ਦਰਦ ਸਿਰਫ ਜਾਗਦੇ ਸਿਰ ਹੀ ਮਹਿਸੂਸ ਕਰ ਸਕਦੇ ਹਨ। ਵਿਧਵਾ ਚਰਨਜੀਤ ਕੌਰ ਦਾ ਇਕਲੌਤਾ ਪੁੱਤ ਭਾਗ ਸਿੰਘ ਨਸ਼ਿਆਂ ਦੀ ਦਲਦਲ ‘ਚ ਫਸ ਗਿਆ । ਲੋਕਾਂ ਦੇ ਘਰਾਂ ‘ਚ ਚੋਰੀਆਂ ਕਰਦਾ, ਲੁੱਟਾਂ ਖੋਹਾਂ ਕਰਦਾ, ਕਿਰਤੀ ਮਾਂ ਨੂੰ ਹਰ ਰੋਜ਼ ਉਲਾਂਭੇ ਆਉਣ ਲੱਗ ਗਏ। ਮਜਬੂਰ ਹੋਈ ਅਭਾਗਣ ਮਾਂ ਨੇ ਆਪਣੇ ਪੁੱਤ ਭਾਗ ਸਿੰਘ ਨੂੰ ਘਰ ਦੇ ਕੱਚੇ ਵਿਹੜੇ ਚ ਰੁੱਖ ਨਾਲ ਸੰਗਲਾਂ ਨਾਲ ਨੂੜ ਦਿੱਤਾ। 2-3 ਮਹੀਨੇ ਨਸ਼ਾ ਛੁਡਾਊ ਕੇਂਦਰ ‘ਚ ਵੀ ਮੁੰਡੇ ਨੂੰ ਭਰਤੀ ਕਰਾਈ ਰੱਖਿਆ, ਮਾਂ ਨੇ ਘਰ ਦਾ ਜੋ ਵੀ ਸਮਾਨ ਵਿਕ ਸਕਦਾ ਸੀ, ਵੇਚ ਕੇ ਮੁੰਡੇ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਰਕ ਨਹੀਂ ਪਿਆ,  ਨਸ਼ੇ ਦੀ ਤੋਟ ਚ ਮੁੰਡਾ ਅਰਧ ਪਾਗਲ ਹੋ ਗਿਆ, ਜਿਸ ਕਰਕੇ ਉਸ ਨੇ ਪੁੱਤ ਤੇ ਪੈਰਾਂ ਚ ਸੰਗਲ ਪਾ ਦਿੱਤੇ। ਚਰਨਜੀਤ ਕੌਰ ਲੋਕਾਂ ਦੇ ਘਰਾਂ ਚ ਕੰਮ ਕਰਕੇ ਰੋਟੀ ਦਾ ਓਹੜ ਪੋਹੜ ਕਰਦੀ ਹੈ, ਸਿਰ ਤੇ ਛੱਤ ਵੀ ਨਹੀਂ ਹੈ। ਮਾਂ ਹੁਬਕੀਂ ਰੋਂਦਿਆਂ ਆਖਦੀ ਹੈ ਕਿ ਉਹਨਾਂ ਦੇ ਪਿੰਡ ਚ ਭੰਗ ਤੋਂ ਲੈ ਕੇ ਚਿੱਟਾ ਆਮ ਹੈ, ਵੋਟਾਂ ਵਾਲੇ ਕੁਝ ਨਹੀਂ ਕਰਦੇ, ਸਾਡੇ ਦੁੱਖ ਕਿਸੇ ਨੂੰ ਨਹੀਂ ਦਿਸਦੇ। ਭੋਲੀ.. ਮਾਂ… ਨਹੀਂ ਜਾਣਦੀ ਕਿ ਕੱਚੇ ਢਾਰੇ ਸਿਸਵਾਂ ਫਾਰਮ ਹਾਊਸ ਦੀ ਪਹੁੰਚ ਤੋਂ ਬਹੁਤ ਦੂਰ ਨੇ।

ਦੁਆਬੇ ਚ ਨਸ਼ੇੜੀ ਪੁੱਤ ਨੇ ਮਾਂ ਦਾ ਕਤਲ ਕੀਤਾ, ਆਵਦੀ ਜਾਨ ਵੀ ਗਵਾ ਗਿਆ। ਮਾਲਵੇ ਚ ਨਸ਼ੇੜੀ ਪੁੱਤ ਨੇ ਮਾਂ ਦਾ ਕਤਲ ਕੀਤਾ, ਪਿਓ ਨੂੰ ਜ਼ਖਮੀ ਕੀਤਾ। ਮਾਝੇ ਵੀ ਖਬਰਾਂ ਦੀ ਉਂਗਲ ਫੜ ਗੇੜੀ ਲਾ ਆਈਏ.. ਕਸਬਾ ਸਰਹਾਲੀ ਕਲਾਂ ਵਿਚ ਨਸ਼ੇ ਨਾਲ ਇੱਕ ਹੋਰ ਨੌਵਾਨ ਦੀ ਮੌਤ ਹੋ ਗਈ। ਪਿੰਡ ਦੇ ਲੋਕ ਜੋ ਬੋਲਦੇ ਨੇ, ਉਹ ਬੋਲ ਵੀ ਸਿਸਵਾਂ ਫਾਰਮ ਹਾਊਸ ਦੀਆਂ ਕੰਧਾਂ ਤੋਂ ਪਾਰ ਨਹੀਂ ਹੁੰਦੇ। ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਕੁਝ ਨਹੀਂ ਕਰਦੀ, ਏਸੇ ਕਰਕੇ ਇਲਾਕੇ ਵਿਚ ਨਸ਼ੇ ਦੀ ਤਸਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਹਰ ਰੋਜ ਨੌਜਵਾਨ ਮੌਤ ਦੇ ਕਲਾਵੇ ਵਿਚ ਜਾ ਰਹੇ ਹਨ। ਜੇ ਪੁਲਿਸ ਨੇ ਸਖਤੀ ਨਾ ਕੀਤੀ ਤਾਂ ਧਾਰਮਿਕ ਪੱਖੋਂ ਮਸ਼ਹੂਰ ਕਸਬਾ ਨਸ਼ੇ ਦੇ ਗੜ੍ਹ ਵਜੋਂ ਜਾਣਿਆ ਜਾਣ ਲੱਗੇਗਾ। ਨਸ਼ੇ ਤੋਂ ਤੰਗ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਨਸ਼ੇ ਦੇ ਤਸਕਰਾਂ ਬਾਰੇ ਦੱਸਿਆ ਗਿਆ ਹੈ। ਪਰ ਪੁਲਿਸ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਨਸ਼ਾ ਤਸਕਰਾਂ ਦੇ ਨਾਂ ਵੀ ਦੱਸੇ ਗਏ ਪਰ ਪ੍ਰਸ਼ਾਸਨ ਨੇ ਕੋਈ ਛਾਪੇਮਾਰੀ ਨਹੀਂ ਕੀਤੀ। ਨਤੀਜਾ ਹਰ ਰੋਜ਼ ਨੌਜਵਾਨਾਂ ਦੇ ਨਸ਼ੇ ਕਾਰਨ ਸਿਵੇ ਬਲਦੇ ਨੇ। ਹੁਣ ਇਲਾਕੇ ਦੇ ਲੋਕ ਥਾਣਾ ਸਰਹਾਲੀ ਕਲਾਂ ਦੇ ਸਾਹਮਣੇ ਧਰਨਾ ਲਾਉਣ ਦੀ ਤਿਆਰ ਚ ਨੇ, ਦੂਜੇ ਪਾਸੇ ਥਾਣਾ ਸਰਹਾਲੀ ਕਲਾਂ ਦੇ ਮੁਖੀ ਹਰਸ਼ਾ ਸਿੰਘ ਨਾਲ ਪੱਤਰਕਾਰਾਂ ਨੇ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਪਿੰਡ ਸਰਹਾਲੀ ਕਲਾਂ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਪਿੰਡ ਵਾਸੀ ਸਾਥ ਦੇਣ ਤਾਂ ਨਸ਼ਾ ਤਸਕਰ ਜਲਦੀ ਹੀ ਪੁਲਿਸ ਦੀ ਹਿਰਾਸਤ ਵਿਚ ਹੋਣਗੇ।

Comment here