ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੇ ਨਿਗਲਿਆ ਇੱਕ ਹੋਰ ਗੱਭਰੂ

ਸਿਰਸਾ- ਪੰਜਾਬ ਨਾਲ ਲਗਦੇ ਹਰਿਆਣਾ ਦੇ ਇਸ ਜ਼ਿਲੇ ਦੇ ਪਿੰਡ ਪੱਕਾ ਸ਼ਹੀਦਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹੀ ਰਾਮ (30) ਵਜੋਂ ਹੋਈ ਹੈ। ਮ੍ਰਿਤਕ ਦੇ ਚਾਚਾ ਗੁਰਜੰਟ ਸਿੰਘ ਨੇ ਪੁਲੀਸ ਕੋਲ ਪਿੰਡ ਦੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਜੰਟ ਸਿੰਘ ਨੇ ਦੱਸਿਆ ਕਿ ਰੋਹੀ ਰਾਮ ਨਸ਼ੇ ਕਰਨ ਦਾ ਆਦੀ ਸੀ ਤੇ ਪਰਿਵਾਰ ਵੱਲੋਂ ਰੋਕੇ ਜਾਣ ’ਤੇ ਉਸ ਨੇ ਦੱਸਿਆ ਸੀ ਕਿ ਪਿੰਡ ਦੇ ਹੀ ਸਤਬੀਰ ਸਿੰਘ, ਗਾਮਾ ਸਿੰਘ, ਤਾਰ ਸਿੰਘ ਅਤੇ ਰਾਜਾ ਸਿੰਘ ਸਾਰੇ ਨਸ਼ੇੜੀਆਂ ਨੂੰ ਸਰਿੰਜ ਨਾਲ ਨਸ਼ੇ ਦੀ ਡੋਜ਼ ਦਿੰਦੇ ਹਨ ਤੇ ਉਸ ਨੇ ਵੀ ਕਈ ਵਾਰ ਇਹ ਡੋਜ਼ ਲਗਵਾਈ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰੋਹੀ ਰਾਮ ਦੇ ਪਰਿਵਾਰ ਵੱਲੋਂ ਉਕਤ ਵਿਅਕਤੀਆਂ ਦੇ ਘਰ ਜਾ ਕੇ ਰੋਹੀ ਰਾਮ ਨੂੰ ਨਸ਼ਾ ਨਾ ਦੇਣ ਦੀ ਗੱਲ ਵੀ ਆਖੀ ਗਈ ਸੀ। ਬੀਤੀ ਸ਼ਾਮ ਰੋਹੀ ਰਾਮ ਦਵਾਈ ਲੈਣ ਲਈ ਪਿੰਡ ਵਿੱਚ ਗਿਆ ਸੀ, ਪਰ ਜਦੋਂ ਉਹ ਲੰਮਾ ਸਮਾਂ ਘਰੇ ਨਾ ਪਰਤਿਆ ਤਾਂ ਉਸ ਦੀ ਭਾਲ ਕੀਤੀ ਗਈ। ਰੋਹੀ ਰਾਮ ਉਨ੍ਹਾਂ ਨੂੰ ਗਲੀ ਵਿੱਚ ਪਿਆ ਮਿਲਿਆ ਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰੋਹੀ ਰਾਮ ਸ਼ਾਦੀਸ਼ੁਦਾ ਸੀ ਤੇ ਉਸ ਦੇ ਦੋ ਬੱਚੇ ਹਨ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

Comment here