ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੂੰ ਲੈ ਕੇ ਪ੍ਰਸ਼ਾਸਨਕ ਕਾਰਵਾਈ, ਦਿੱਲੀ ਤੋਂ ਪੰਜਾਬ ਤੱਕ ਕਈ ਗ੍ਰਿਫਤਾਰੀਆਂ

ਦਿੱਲੀ/ਚੰਡੀਗੜ- ਦੇਸ਼ ਦੇ ਕਈ ਸੂਬਿਆਂ ਵਿੱਚ ਨਸ਼ੇ ਦਾ ਪ੍ਰਕੋਪ ਹੈ, ਪੰਜਾਬ ਦਾ ਤਾਂ ਨਾਮ ਹੀ ਉਡਤਾ ਪੰਜਾਬ ਪੈ ਗਿਆ ਤੇ ਇਸ ਮੁੱਦੇ ਤੇ ਇੱਕ ਫਿਲਮ ਵੀ ਬਣੀ ਸੀ, ਰਾਸ਼ਟਰੀ ਰਾਜਧਾਨੀ ਦਿੱਲੀ ਵੀ ਨਸ਼ੇ ਤੋਂ ਬਚੀ ਨਹੀਂ। ਪੁਲਸ ਪ੍ਰਸ਼ਾਸਨ, ਏਜੰਸੀਆਂ ਸਭ ਮਿਲ ਕੇ ਨਸ਼ੇ ਦੇ ਖਿਲਾਫ ਮੁਹਿੰਮ ਚਲਾ ਰਹੀਆਂ ਹਨ।

ਦਿੱਲੀ ਚੋਂ 434 ਕਰੋੜ ਦੀ ਹੈਰੋਇਨ ਬਰਾਮਦ

ਰਾਜਧਾਨੀ ਦਿੱਲੀ ਵਿੱਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੂੰ ਵੱਡੀ ਸਫਲਤਾ ਮਿਲੀ ਹੈ। ਡੀਆਰਆਈ ਨੇ ਦਿੱਲੀ ਤੋਂ 434 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਦੱਸਿਆ ਗਿਆ ਹੈ ਕਿ ਕਰੀਬ 62 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਸਾਰੀ ਖੇਪ ਇੱਕ ਏਅਰ ਕਾਰਗੋ ਦੁਆਰਾ ਫੜੀ ਗਈ ਸੀ। ਇਸ ਏਅਰਕਾਰਗੋ ਮਾਡਿਊਲ ਤੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਜ਼ਬਤੀ ਹੈ। ਦਰਅਸਲ, ਡੀਆਰਆਈ ਨੂੰ ਨਸ਼ਿਆਂ ਦੀ ਇਸ ਖੇਪ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ 10 ਮਈ ਨੂੰ ਇੱਕ ਆਪਰੇਸ਼ਨ ਕੀਤਾ ਗਿਆ, ਜਿਸ ਨੂੰ ਬਲੈਕ ਐਂਡ ਵ੍ਹਾਈਟ ਦਾ ਨਾਂ ਦਿੱਤਾ ਗਿਆ। ਆਪਰੇਸ਼ਨ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਇੱਥੇ ਇੱਕ ਮਾਲ ‘ਚੋਂ 55 ਕਿਲੋ ਹੈਰੋਇਨ ਬਰਾਮਦ ਕੀਤੀ। ਨਸ਼ਿਆਂ ਦੀ ਇਹ ਵੱਡੀ ਖੇਪ ਯੂਗਾਂਡਾ ਤੋਂ ਦੁਬਈ ਦੇ ਰਸਤੇ ਦਿੱਲੀ ਪਹੁੰਚਾਈ ਜਾਂਦੀ ਸੀ। ਏਅਰ ਕਾਰਗੋ ‘ਚੋਂ 55 ਕਿਲੋ ਹੈਰੋਇਨ ਦੀ ਇਸ ਖੇਪ ਨੂੰ ਫੜਨ ਤੋਂ ਬਾਅਦ ਡੀਆਰਆਈ ਦੀ ਟੀਮ ਨੇ ਇੱਕ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਇਸ ਵਿਅਕਤੀ ਤੋਂ ਪੁੱਛਗਿੱਛ ਦੇ ਆਧਾਰ ‘ਤੇ ਹਰਿਆਣਾ ਅਤੇ ਲੁਧਿਆਣਾ ‘ਚ ਵੀ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਵਿੱਚ 7 ਕਿਲੋ ਹੈਰੋਇਨ ਅਤੇ 50 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ਤੋਂ ਬਾਅਦ ਵੱਡੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਹੋ ਸਕਦਾ ਹੈ। ਜਿਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਚੋਂ ਇੱਕ ਨੂੰ ਦਿੱਲੀ ਅਤੇ ਦੋ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਚਿੱਟਾ ਵੇਚਣ ਵਾਲੀ ਔਰਤ ਨੇ ਦਿੱਤੀ ਸਿਸਟਮ ਨੂੰ ਚੁਣੌਤੀ

‘ਮੇਰੇ ਘਰ ਚਿੱਟਾ ਲੈਣ ਵਾਲੇ ਆਉਣਗੇ, ਗਾਂਜਾ ਪੀਣ ਵਾਲੇ ਵੀ ਆਉਣਗੇ, ਜਿਸ ਵਿਚ ਦਮ ਹੋਵੇ, ਰੋਕ ਕੇ ਦਿਖਾਵੇ, ਮੈਨੂੰ ਭਗਵੰਤ ਮਾਨ ਦਾ ਵੀ ਕੋਈ ਡਰ ਨਾ ਅੱਜ ਹੈ, ਨਾ ਕੱਲ੍ਹ ਹੈ।’ ਚਿੱਟਾ ਵੇਚਣ ਤੋਂ ਰੋਕਣ ਵਾਲਿਆਂ ਨੂੰ ਖੁੱਲ੍ਹੇਆਮ ਫੋਨ ‘ਤੇ ਧਮਕੀ ਦੇਣ ਵਾਲੀ ਔਰਤ ਦਾ ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ। ਗਿ੍ਫਤਾਰ ਕੀਤੀ ਗਈ ਔਰਤ ਦੀ ਪਛਾਣ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਦੀ ਵੀਰਪਾਲ ਕੌਰ ਉਰਫ ਵੀਰਾ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ‘ਤੇ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਮਾਰਚ ਮਹੀਨੇ ‘ਚ ਬਣਿਆ ਇਹ ਆਡੀਓ 10 ਮਈ ਤੋਂ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣਾ ਸ਼ੁਰੂ ਹੋਇਆ ਹੈ। ਇਸ ਆਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਕਤ ਔਰਤ ਦਾ ਪਤਾ ਲਗਾ ਕੇ ਉਸ ਨੂੰ ਗਿ੍ਫਤਾਰ ਕਰ ਲਿਆ। ਵਾਇਰਲ ਆਡੀਓ ਵਿਚ ਔਰਤ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹੈ ਕਿ ਉਸ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਉਹ ਸਭ ਦੀ ਪੋਲ ਖੋਲ੍ਹ ਦੇਵੇਗੀ। ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਲਈ ਜੋ ਕਮੇਟੀ ਬਣੀ ਹੈ, ਉਸ ਕਮੇਟੀ ਵਾਲਿਆਂ ਨੇ ਪੋਸਤ ਦੀ ਬਿਜਾਈ ਕੀਤੀ ਹੈ, ਨਸ਼ਾ ਤਾਂ ਨਸ਼ਾ ਹੈ, ਚਿੱਟੇ ਦਾ ਹੋਵੇ ਜਾਂ ਫਿਰ ਚੂਰਾ ਪੋਸਤ ਦਾ। ਇਸ ਸਬੰਧੀ ਥਾਣਾ ਬਾਘਾਪੁਰਾਣਾ ਦੇ ਇੰਚਾਰਜ ਸਬ ਇੰਸਪੈਕਟਰ ਨੇ ਦੱਸਿਆ ਕਿ ਔਰਤ ਆਡੀਓ ਵਿਚ ਪੋਸਤ ਦੀ ਬਿਜਾਈ ਨੂੰ ਲੈ ਕੇ ਜਿਸ ਵਿਅਕਤੀ ਦੀ ਗੱਲ ਕਰ ਰਹੀ ਹੈ, ਉਹ ਕੇਵਲ ਸਿੰਘ ਸੀ। ਉਸ ਦੇ ਘਰ ਪੁਲਿਸ ਨੇ ਜਾਂਚ ਕੀਤੀ ਪਰ ਉਥੋਂ ਚੂਰਾ ਪੋਸਤ ਵੇਚਣ ਵਰਗੀ ਕੋਈ ਗੱਲ ਨਹੀਂ ਨਿਕਲੀ। ਸੂਬੇ ਵਿਚ ਸੱਤਾ ਤਬਦੀਲੀ ਤੋਂ ਬਾਅਦ ਥਾਣਾ ਬਾਘਾਪੁਰਾਣਾ ਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਚ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਲੋਕਾਂ ਨੇ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਦਾ ਦਾਅਵਾ ਸੀ ਕਿ ਉਹ ਪਿੰਡ ਵਿਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦੇਵੇਗੀ ਜੋ ਵੇਚੇਗਾ, ਉਸ ਨੂੰ ਪੁਲਿਸ ਕੋਲ ਗਿ੍ਫਤਾਰ ਕਰਵਾ ਦਿੱਤਾ ਜਾਵੇਗਾ। ਇਸੇ ਕਮੇਟੀ ਨੂੰ ਔਰਤ ਨੇ ਚੁਣੌਤੀ ਦਿੱਤੀ ਸੀ ਜਿਸ ਦਾ ਆਡੀਓ ਵਾਇਰਲ ਹੋ ਗਿਆ। ਵੀਰਪਾਲ ਦਾ ਭਰਾ ਨਸ਼ਾ ਤਸਕਰੀ ਕਰਦਾ ਹੈ। ਪੁਲਿਸ ਉਸ ਦੀ ਗਿ੍ਫਤਾਰੀ ਲਈ ਲਗਾਤਾਰ ਯਤਨ ਕਰ ਰਹੀ ਹੈ।

ਪੁਲਸ ਅਕੈਡਮੀ ਚ ਨਸ਼ੇ ਦਾ ਕਾਰੋਬਾਰ!

ਫਿਲੌਰ ਸਥਿਤ ਪੰਜਾਬ ਪੁਲਸ ਅਕੈਡਮੀ ਵਿਚ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫ਼ਾਸ਼ ਹੋਇਆ ਹੈ। ਜਾਂਚ ਹੋਣ ਤੋਂ ਬਾਅਦ ਫਿਲੌਰ ਪੁਲਸ ਥਾਣੇ ਵਿਚ ਐੱਫ਼. ਆਈ. ਆਰ. ਦਰਜ ਕਰ ਲਈ ਗਈ ਹੈ।  ਪੁਲਸ ਨੇ ਮੁੱਖ ਮੁਲਜ਼ਮ ਅਕੈਡਮੀ ਵਿਚ ਤਾਇਨਾਤ ਇੰਸਟ੍ਰਕਟਰ ਸ਼ਕਤੀ ਕੁਮਾਰ ਅਤੇ ਦੂਜੇ ਮੁਲਾਜ਼ਮ ਜੈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਹਫ਼ਤਾ ਪਹਿਲਾਂ ਪੁਲਸ ਅਕੈਡਮੀ ਵਿਚ ਤਾਇਨਾਤ ਇਕ ਹੌਲਦਾਰ ਰੈਂਕ ਦਾ ਮੁਲਾਜ਼ਮ ਨਸ਼ੇ ਦੀ ਓਵਰਡੋਜ਼ ਨਾਲ ਕੋਮਾ ਵਿਚ ਚਲਾ ਗਿਆ ਸੀ, ਜਿਸ ਨੂੰ ਇਲਾਜ ਲਈ ਜਦੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਮੁਤਾਬਕ ਉਸ ਨੇ ਆਪਣੇ ਪੂਰੇ ਸਰੀਰ ’ਤੇ ਡਰੱਗਜ਼ ਦੇ ਇੰਜੈਕਸ਼ਨ ਲਾਏ ਹੋਏ ਸਨ, ਜਿਸ ਤੋਂ ਬਾਅਦ ਮੀਡੀਆਈ ਟੀਮ ਨੇ ਅਕੈਡਮੀ ਅੰਦਰ ਪਹੁੰਚ ਕੇ ਕੁਝ ਪੁਲਸ ਮੁਲਾਜ਼ਮਾਂ ਅਤੇ ਵੱਡੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਮਾਮਲੇ ਦਾ ਖ਼ੁਾਲਾਸਾ ਹੋਇਆ। ਅਕੈਡਮੀ ਦੇ ਅੰਦਰ ਹੀ ਪੁਲਸ ਮੁਲਾਜ਼ਮ ਦੂਜੇ ਮੁਲਾਜ਼ਮਾਂ ਨੂੰ ਨਸ਼ੇ ਦੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਬੈਂਕਾਂ ਤੋਂ ਕਰਜ਼ਾ ਦਿਵਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਉਕਤ ਮੁਲਾਜ਼ਮਾਂ ਦਾ ਪਤਾ ਲੱਗਣ ਤੋਂ ਬਾਅਦ ਪੂਰੀ ਘਟਨਾ ਨਾਲ ਸਬੰਧਤ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਿਚ ਹੰਗਾਮਾ ਮਚ ਗਿਆ। ਮੀਡੀਆ ਚ ਉਕਤ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੱਡੇ ਅਧਿਕਾਰੀਆਂ ਨੇ ਜਾਂਚ ਲਈ ਟੀਮਾਂ ਦਾ ਗਠਨ ਕਰ ਦਿੱਤਾ ਸੀ। ਜਿਵੇਂ ਹੀ ਜਾਂਚ ਸ਼ੁਰੂ ਹੋਈ ਤਾਂ ਟੀਮ ਕੋਲ ਇਕ ਸਿਪਾਹੀ ਰੈਂਕ ਦੇ ਪੁਲਸ ਮੁਲਾਜ਼ਮ ਨੇ ਪੇਸ਼ ਹੋ ਕੇ ਕਈ ਅਹਿਮ ਖ਼ੁਲਾਸੇ ਕੀਤੇ। ਉਸ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਅਕੈਡਮੀ ਵਿਚ ਤਾਇਨਾਤ ਇਕ ਸੀਨੀਅਰ ਇੰਸਟ੍ਰਕਟਰ ਸ਼ਕਤੀ ਕੁਮਾਰ ਕਿਵੇਂ ਪੁਲਸ ਮੁਲਾਜ਼ਮਾਂ ਨੂੰ ਪਹਿਲਾਂ ਨਸ਼ੇ ਦੀ ਲਤ ਲਾਉਂਦਾ ਹੈ ਅਤੇ ਫਿਰ ਉਨ੍ਹਾਂ ਤੋਂ ਰੁਪਏ ਲੈ ਕੇ ਉਨ੍ਹਾਂ ਨੂੰ ਨਸ਼ਾ ਵੇਚਦਾ ਹੈ। ਜਦੋਂ ਮੁਲਾਜ਼ਮ ਕੋਲ ਦੇਣ ਲਈ ਰੁਪਏ ਨਹੀਂ ਹੁੰਦੇ ਤਾਂ ਇਹ ਸ਼ਕਤੀ ਕੁਮਾਰ ਉਨ੍ਹਾਂ ਨੂੰ ਬੈਂਕਾਂ ਤੋਂ ਅਤੇ ਸਥਾਨਕ ਇਕ ਫਾਈਨਾਂਸ ਕੰਪਨੀ ਤੋਂ ਮੋਟੇ ਵਿਆਜ ’ਤੇ ਰੁਪਏ ਲੈ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਕਰਜ਼ੇ ਵਿਚ ਡੁਬੋ ਦਿੰਦਾ ਹੈ। ਉਕਤ ਮੁਲਾਜ਼ਮ ਨੇ ਦਾਅਵਾ ਕੀਤਾ ਸੀ ਕਿ ਇਕੱਲਾ ਉਹ ਹੀ ਹੁਣ ਤਕ ਸ਼ਕਤੀ ਕੁਮਾਰ ਕੋਲੋਂ 12 ਲੱਖ ਰੁਪਏ ਦਾ ਚਿੱਟਾ ਖ਼ਰੀਦ ਚੁੱਕਾ ਹੈ ਅਤੇ ਉਸ ਵਰਗੇ ਅਕੈਡਮੀ ਵਿਚ 8 ਤੋਂ 10 ਮੁਲਾਜ਼ਮ ਹੋਰ ਵੀ ਹਨ ਜੋ ਚਿੱਟੇ ਦੇ ਆਦੀ ਹਨ। ਪੰਜਾਬ ਪੁਲਸ ਅਕੈਡਮੀ ਫਿਲੌਰ ਦੇ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਸਨ ਕਿ ਇਥੇ ਤਾਇਨਾਤ ਕੁਝ ਪੁਲਸ ਮੁਲਾਜ਼ਮ ਇਸ ਲਤ ਦਾ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਆਪਣੀਆਂ ਅਤੇ ਆਪਣੇ ਪਰਿਵਾਰ ਵਾਲਿਆਂ ਦੀਆਂ ਜ਼ਿੰਦਗੀਆਂ ਖ਼ਰਾਬ ਕਰ ਚੁੱਕੇ ਸਨ। ਕੁਝ ਪੁਲਸ ਮੁਲਾਜ਼ਮਾਂ ਦੇ ਪਰਿਵਾਰ ਦੇ ਲੋਕ ਇਸ ਗੱਲ ਨੂੰ ਲੈ ਕੇ ਪਛਤਾ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਪੁਲਸ ਵਿਚ ਭਰਤੀ ਹੀ ਕਿਉਂ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਪੁਲਸ ਮੁਲਾਜ਼ਮ ਇਸ ਭੈੜੀ ਆਦਤ ਵਿਚ ਫਸ ਕੇ ਪੂਰੀ ਤਰ੍ਹਾਂ ਕਰਜ਼ੇ ਵਿਚ ਡੁੱਬ ਗਏ ਸਨ। ਪਰਿਵਾਰ ਵਾਲਿਆਂ ਦੇ ਜ਼ੋਰ ਦੇਣ ’ਤੇ ਉਹ ਪੁਲਸ ਮੁਲਾਜ਼ਮ ਨੌਕਰੀ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਅਕੈਡਮੀ ਛੱਡ ਕੇ ਆਪਣੇ ਘਰ ਚਲੇ ਗਏ, ਜਿੱਥੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦਾ ਇਲਾਜ ਕਰਵਾ ਰਹੇ ਹਨ।

ਨਸ਼ੇ ਦੀਆਂ ਗੋਲੀਆਂ ਤੇ ਹਥਿਆਰਾਂ ਸਣੇ ਚਾਰ ਕਾਬੂ

ਜਲੰਧਰ ਚ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਟੀਮ ਨੇ ਨਸ਼ੇ ਵਾਲੀਆਂ 3 ਹਜ਼ਾਰ ਗੋਲ਼ੀਆਂ, 32 ਬੋਰ ਦਾ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਸੀ. ਪੀ. ਇਨਵੈਸਟੀਗੇਸ਼ਨ ਨਿਰਮਲ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਐੱਸ. ਆਈ. ਅਸ਼ੋਕ ਕੁਮਾਰ ਸ਼ਰਮਾ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਕਾਬੂ ਕੀਤੇ ਗਏ ਉਕਤ ਮੁਲਜ਼ਮਾਂ ਦੀ ਪਛਾਣ ਤਰਨ ਕੁਮਾਰ ਵਾਸੀ ਜਲੰਧਰ ਕੈਂਟ, ਦਲੇਰ ਸਿੰਘ ਤੇ ਜਗਜੀਤ ਸਿੰਘ ਵਾਸੀ ਲੱਧੇਵਾਲੀ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਜਲੰਧਰ ਕੈਂਟ ਅਤੇ ਥਾਣਾ ਰਾਮਾ ਮੰਡੀ ’ਚ ਕੇਸ ਦਰਜ ਕੀਤੇ ਗਏ ਹਨ। ਚਾਰਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ’ਚ 29 ਸਾਲਾ ਤਰਨ ਕੁਮਾਰ ਨੇ ਦੱਸਿਆ ਕਿ ਉਸਨੇ ਬੀ. ਏ. ਤੱਕ ਦੀ ਪੜ੍ਹਾਈ ਕੀਤੀ ਹੈ। ਉਹ ਟਰੈਵਲ ਏਜੰਟ ਵਜੋਂ ਕੰਮ ਕਰਦਾ ਹੈ। ਉਸ ਦੇ ਦੋਸਤ ਸੁਮਿਤ ਫੌਜੀ ਦਾ ਝਗੜਾ ਜਲੰਧਰ ਕੈਂਟ ਦੇ ਨੌਜਵਾਨਾਂ ਨਾਲ ਹੋਇਆ ਸੀ, ਜਿਸ ਦਾ ਬਦਲਾ ਲੈਣ ਲਈ ਉਸਨੇ ਸੁਮਿਤ ਫੌਜੀ ਨੂੰ ਯਮਨਾਨਗਰ ਤੋਂ ਪਿਸਟਲ ਲਿਆ ਕੇ ਦਿੱਤਾ ਸੀ। 32 ਸਾਲਾ ਸੁਮਿਤ ਨੇ ਕਿਹਾ ਕਿ ਉਹ ਕੈਂਟ ਬੋਰਡ ’ਚ ਸਫਾਈ ਸੇਵਕ ਦਾ ਕੰਮ ਕਰਦਾ ਹੈ। 3 ਅਪ੍ਰੈਲ ਨੂੰ ਦੁਸਹਿਰਾ ਗਰਾਊਂਡ ’ਚ ਉਸ ਦੀ ਲੜਾਈ ਹੋਈ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਤਰਨ ਤੋਂ ਪਿਸਟਲ ਮੰਗਵਾਇਆ ਸੀ। ਇਸੇ ਤਰ੍ਹਾਂ ਨਸ਼ੇ ਦੀਆਂ ਗੋਲ਼ੀਆਂ ਸਮੇਤ ਫੜੇ ਗਏ 52 ਸਾਲਾ ਦਲੇਰ ਸਿੰਘ ਨੇ ਕਿਹਾ ਕਿ ਉਹ ਕਾਫ਼ੀ ਸਮਾਂ ਤੋਂ ਡਰਾਈਵਰੀ ਕਰ ਰਿਹਾ ਸੀ। ਡਰਾਈਵਰੀ ਦੇ ਕੰਮ ’ਚ ਮੰਦੀ ਆਉਣ ’ਤੇ ਉਸਨੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। 50 ਸਾਲਾ ਜਗਜੀਤ ਸਿੰਘ ਟੋਨਾ ਨੇ ਕਿਹਾ ਕਿ ਉਹ ਨਸ਼ਾ ਕਰਨ ਦਾ ਆਦੀ ਹੈ, ਜਿਸ ਦੀ ਪੂਰਤੀ ਲਈ ਨਸ਼ੇ ਦੀਆਂ ਜ਼ਿਆਦਾ ਗੋਲ਼ੀਆਂ ਲਿਆ ਕੇ ਕੁਝ ਖ਼ੁਦ ਖਾ ਲੈਂਦਾ ਸੀ ਅਤੇ ਬਾਕੀ ਵੇਚ ਕੇ ਅਪਣਾ ਖ਼ਰਚ ਚਲਾਉਂਦਾ ਸੀ।

ਦੋ ਔਰਤਾਂ ਸਮੇਤ ਚਾਰ ਜਣੇ ਨਸ਼ੇ ਨਾਲ ਕਾਬੂ

ਬਰਨਾਲਾ ਪੁਲਿਸ ਨੇ ਦੋ ਔਰਤਾਂ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 2500 ਨਸ਼ੀਲੀਆਂ ਗੋਲੀਆਂ, 45 ਨਸ਼ੀਲੀਆਂ ਬੋਤਲਾਂ, 10 ਗ੍ਰਾਮ ਹੈਰੋਇਨ 90,000 ਰੁਪਏ ਬਰਾਮਦ ਕੀਤੇ ਹਨ।ਇਸ ਦੇ ਨਾਲ ਹੀ ਬਰਨਾਲਾ ਦੇ ਇੱਕ ਡਰੇਨ ‘ਚੋਂ ਮਿਲੀ ਲਾਸ਼ ਦੇ ਮਾਮਲੇ ‘ਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਮ੍ਰਿਤਕ ਨੌਜਵਾਨ ਅਤੇ ਉਸਦਾ ਦੋਸਤ ਹੈਰੋਇਨ ਦਾ ਨਸ਼ਾ ਕਰਦੇ ਸਨ। ਮ੍ਰਿਤਕ ਨੌਜਵਾਨ ਦੀ  ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਮਹਿਲਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ 10 ਗ੍ਰਾਮ ਹੈਰੋਇਨ ਅਤੇ 90000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਨੇ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਹੈ।

10 ਕਿੱਲੋ ਅਫੀਮ ਸਮੇਤ ਦੋ ਕਾਬੂ

ਫਿ਼ਰੋਜ਼ਪੁਰ ਪੁਲਿਸ ਨੇ 2 ਤਸਕਰਾਂ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਅਫੀਮ ਦੀ ਤਸਕਰੀ ਕਰਦੇ ਕਾਬੂ ਕੀਤੇ ਦੋ ਮੁਲਜ਼ਮਾਂ ਦੀ ਪੁਸ਼ਟੀ ਕਰਦਿਆਂ ਨਾਰਕੋਟਿਕ ਸੈਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਉਕਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।  ਉਕਤ ਤਸਕਰ ਮੱਕੀ ਦੇ ਭਰੇ ਟਰੱਕ ਵਿਚ 10 ਕਿਲੋ ਅਫੀਮ ਲੁਕੋ ਕੇ ਲਿਆ ਰਹੇ ਸਨ, ਜਿਸ ਦੀ ਗੁਪਤ ਸੂਚਨਾ ਦੇ ਆਧਾਰ `ਤੇ ਤਲਾਸ਼਼ੀ ਲੈਂਦਿਆਂ ਅਫੀਮ ਬਰਾਮਦ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਗੁਹਾਟੀ ਸੂਬੇ ਵਿਚੋਂ ਅਫੀਮ ਲਿਆ ਕੇ ਇਥੇ ਗੈਰ ਕਾਨੂੰਨੀ ਢੰਗ ਨਾਲ ਵੇਚਣ ਦਾ ਧੰਦਾ ਕਰਦੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਦੇ ਸਾਥੀ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜੇਲ ਚ ਕੈਦੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ

ਲੁਧਿਆਣਾ ਸੈਂਟਰਲ ਜੇਲ ’ਚ ਗੁਪਤ ਸੂਚਨਾ ਦੇ ਆਧਾਰ ’ਤੇ ਚਲਾਈ ਗਈ ਤਲਾਸ਼ੀ ਮੁਹਿੰਮ ’ਚ ਜੇਲ੍ਹ ਸਟਾਫ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਇਕ ਕੈਦੀ ਤੋਂ ਸੰਤਰੀ ਰੰਗ ਦੀਆਂ 170 ਗੋਲੀਆਂ ਬਰਾਮਦ ਹੋਈਆਂ। ਇਸ ਦੀ ਸੂਚਨਾ ਤੁਰੰਤ ਸਹਾਇਕ ਸੁਪਰਡੈਂਟ ਸੁਖਪਾਲ ਸਿੰਘ ਨੂੰ ਦਿੱਤੀ ਗਈ, ਜਿਸ ’ਤੇ ਮੁਲਜ਼ਮ ਕੈਦੀ ’ਤੇ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਕਰਵਾਇਆ ਗਿਆ ਹੈ।ਪੁਲਸ ਜਾਂਚ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਨਸ਼ੇ ਵਾਲੀਆਂ ਗੋਲੀਆਂ ਨਾਲ ਫੜੇ ਗਏ ਮੁਲਜ਼ਮ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਨਿਵਾਸੀ ਹਵਾਲਾਤੀ ਸੰਦੀਪ ਸਿੰਘ ਦੇ ਰੂਪ ’ਚ ਹੋਈ ਹੈ, ਜਿਸ ’ਤੇ ਥਾਣਾ ਟਿੱਬਾ ‘ਚ ਧਾਰਾ 363,366-ਏ ਅਤੇ ਪੋਸਕੋ ਐਕਟ ਤਹਿਤ ਪਰਚਾ ਦਰਜ ਹੋਣ ਕਾਰਨ ਜੇਲ੍ਹ ‘ਚ ਬੰਦ ਹੈ। ਉਕਤ ਮੁਲਜ਼ਮ ’ਤੇ ਨਸ਼ੇ ਦਾ ਕੇਸ ਦਰਜ ਹੋਇਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਇਸੇ ਮੁਲਜ਼ਮ ’ਤੇ ਨਸ਼ੇ ਵਾਲੀਆਂ ਗੋਲੀਆਂ ਮਿਲਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਉਸ ’ਤੇ ਪਹਿਲਾਂ ਵੀ ਥਾਣਾ ਡਵੀਜ਼ਨ ਨੰ. 7 ‘ਚ 653 ਨਸ਼ੇ ਵਾਲੀਆਂ ਗੋਲੀਆਂ ਮਿਲਣ ਦਾ ਪਰਚਾ ਦਰਜ ਹੈ, ਜਿਸ ਤੋਂ ਚਰਚਾ ਛਿੜੀ ਹੈ ਕਿ ਜੇਲ੍ਹ ’ਚ ਇਨ੍ਹਾਂ ਕੈਦੀਆਂ ਤੱਕ ਇੰਨੀ ਭਾਰੀ ਮਾਤਰਾ ’ਚ ਨਸ਼ਾ ਕਿਵੇਂ ਸਪਲਾਈ ਹੋ ਰਿਹਾ ਹੈ ਕਿਉਂਕਿ ਜੇਲ੍ਹ ਦੇ ਮੁੱਖ ਦਰਵਾਜ਼ੇ ਸਮੇਤ ਜੇਲ੍ਹ ਦੀ ਕੰਧ ਦੇ ਆਸ-ਪਾਸ ਸਖ਼ਤ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ।

Comment here