ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੂੰ ਲੈ ਕੇ ਗੰਨਾ ਪਿੰਡ ਵੀ ਚਰਚਾ ਚ

ਜਲੰਧਰ-ਨਸ਼ੇ ਨਾਲ ਇਕ ਹੋਰ ਸਿਵਾ ਮਚਿਆ ਹੈ। ਜਲ਼ੰਧਰ ਜਿਲੇ ਦੇ ਗੰਨਾ ਪਿੰਡ ’ਚ 42 ਸਾਲਾ ਅੰਮ੍ਰਿਤਧਾਰੀ ਜਸਵੰਤ ਸਿੰਘ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਉਹ ਚੱਕ ਸਾਹਬੂ ਪਿੰਡ ਦਾ ਵਾਸੀ ਸੀ ਤੇ ਇਥੇ ਕਥਿਤ ਤੌਰ ਤੇ ਚਿੱਟਾ ਲੈਣ ਆਇਆ ਸੀ, ਇਥੇ ਹੀ ਉਸ ਨੇ ਚਿੱਟੇ ਦਾ ਟੀਕਾ ਲਾਇਆ, ਓਵਰਡੋਜ਼ ਨੇ ਉਸ ਦੀ ਜਾਨ ਲੈ ਲਈ। ਇਸੇ ਹੀ ਪਿੰਡ ਵਿੱਚ ਹਾਲੇ ਚਾਰ ਦਿਨ ਪਹਿਲਾਂ ਹੀ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਜਸਵੰਤ ਸਿੰਘ ਕੁਝ ਦਿਨ ਪਹਿਲਾਂ ਵੀ ਮੋਟਰਸਾਈਕਲ ’ਤੇ ਉਨ੍ਹਾਂ ਦੇ ਪਿੰਡ ਘੁੰਮ ਰਿਹਾ ਸੀ। ਉਹ ਅਕਸਰ ਉਹਨਾਂ ਦੇ ਪਿੰਡੋਂ ਚਿੱਟਾ ਖਰੀਦਣ ਆਉਂਦਾ ਸੀ, ਪਿੰਡ ਗੰਨਾ ’ਚ ਹੁਣ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਪਹਿਲਾਂ ਇਥੇ ਧੜੱਲੇ ਨਾਲ ਦੇਸੀ ਤੇ ਘਟੀਆ ਸ਼ਰਾਬ ਤਿਆਰ ਕਰ ਕੇ ਵੇਚੀ ਜਾਂਦੀ ਸੀ। ਹੁਣ ਚਿੱਟੇ ਦਾ ਕਾਲਾ ਕਾਰੋਬਾਰ ਚੱਲਦਾ ਹੈ।

ਇਥੇ ਐੱਸ. ਐੱਸ. ਪੀ. ਦਿਹਾਤੀ ਵੱਲੋਂ 600 ਪੁਲਸ ਮੁਲਾਜ਼ਮਾਂ ਨਾਲ 3 ਘੰਟੇ ਪਿੰਡ ਵਿਚ ਕੀਤਾ ਗਿਆ ਸਰਚ ਆਪਰੇਸ਼ਨ ਵੀ ਨਸ਼ਾ ਤਸਕਰਾਂ ’ਤੇ ਕੋਈ ਅਸਰ ਨਹੀਂ ਛੱਡ ਸਕਿਆ। ਸਾਢੇ 500 ਘਰਾਂ ਦੀ ਆਬਾਦੀ ਵਾਲੇ ਪਿੰਡ ਗੰਨਾ ਵਿਚ ਖ਼ੁਦ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਸਰਚ ਮੁਹਿੰਮ ਚਲਾਈ ਸੀ। ਪਰ ਕੁਝ ਵੀ ਹੱਥ ਨਹੀਂ ਸੀ ਲੱਗਿਆ, ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਚ ਮੁਹਿੰਮ ਬਾਰੇ ਨਸ਼ਾ ਤਸਕਰਾਂ ਨੂੰ ਪਹਿਲਾਂ ਹੀ ਭਿਣਕ ਪੈ ਜਾਂਦੀ ਹੈ, ਤੇ ਉਹ ਮਾਲ ਉਰਾਂ ਪਰਾ ਕਰ ਦਿੰਦੇ ਨੇ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੁਲਸ ਇਕ ਛੋਟੇ ਜਿਹੇ ਪਿੰਡ ਨੂੰ ਨਸ਼ਾ ਤਸਕਰਾਂ ਤੋਂ ਮੁਕਤ ਨਹੀਂ ਕਰਵਾ ਸਕਦੀ ਤਾਂ ਪੂਰੇ ਸੂਬੇ ਨੂੰ ਤਸਕਰਾਂ ਦੇ ਚੁੰਗਲ ’ਚੋਂ ਬਾਹਰ ਕੱਢਣਾ ਕਿਵੇਂ ਸੰਭਵ ਹੈ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਚੌਕਸੀ ਤੇ ਸਖਤੀ ਵਰਤ ਰਹੇ ਹਾਂ।

Comment here