ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਨਸ਼ੇ ਨਾ ਰੁਕੇ ਤਾਂ ਪੰਜਾਬ ਬਿਲਕੁਲ ਬਰਬਾਦ ਹੋ ਜਾਣੈ

ਕਈ ਸਾਲਾਂ ਤਕ ਪੰਜਾਬੀਆਂ ਨੇ ਪੰਜਾਬ ਨੇ ਅੱਤਵਾਦ ਦਾ ਸੰਤਾਪ ਭੋਗਿਆ ਹੈ। ਉਦੋਂ ਦਿਲ ਦਹਿਲਾ ਦੇਣ ਵਾਲੇ ਭਿਆਨਕ ਸਮੇਂ ਤੋਂ ਮੁਕਤ ਹੋਇਆ ਤਾਂ ਇਕ ਆਸ ਬੱਝੀ ਸੀ ਕਿ ਹੁਣ ਇਹ ਦਿਨ-ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ। ਬਦਕਿਸਮਤੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਪੰਜਾਬ ਦੀ ਜਵਾਨੀ ਦਾ ਕੁਝ ਹਿੱਸਾ ਉਸ ਸੰਤਾਪ ਨੇ ਨਿਗਲ ਲਿਆ, ਕੁਝ ਵਿਦੇਸ਼ਾਂ ਨੂੰ ਚਾਲੇ ਪਾ ਗਏ ਤੇ ਹੁਣ ਲਗਪਗ 70% ਨੌਜਵਾਨ ਨਸ਼ਿਆਂ ਦੀ ਝੁੱਲਦੀ ਹਨੇਰੀ ਦੀ ਲਪੇਟ ’ਚ ਹਨ। ਘੋਖਿਆ ਜਾਵੇ ਤਾਂ ਬਾਹਰ ਜਾਣ ਵਾਲੇ ਚੰਗੇ ਰਹੇ ਅਤੇ ਇਕ ਸੋਚ ਲੋਕਾਂ ਦੀ ਆਵਾਜ਼ ਵੀ ਬਣੀ..
ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ ,
ਕਿੱਥੋਂ ਬਣਨੇ ਸੀ ਰੰਗਲੇ ਚੁਬਾਰੇ।
ਲੱਖ ਲਾਹਨਤਾਂ ਤੇਰੇ ’ਤੇ ਸਰਕਾਰੇ…
ਪੰਜਾਬ ਵਿਚ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨ ਸਭ ਕੁਝ ਗੁਆ ਕੇ ਉੱਜੜੇ ਪਰਿਵਾਰਾਂ ਦੀ ਤਬਾਹੀ ਦਾ ਮੰਜਰ ਵੇਖਦੇ ਹੋਏ ਮੌਤ ਦੀ ਬੁੱਕਲ ਵਿਚ ਸਮਾ ਰਹੇ ਹਨ। ਮੈਂ ਆਪਣੀ ਜ਼ਿੰਦਗੀ ਦੇ ਪਿਛਲੇ ਕਈ ਦਹਾਕਿਆਂ ਦੌਰਾਨ ਸਭ ਤੋਂ ਪਹਿਲਾਂ ਸ਼ਰਾਬ ਦੇ ਨਸ਼ੇ ਬਾਰੇ ਹੀ ਜਾਣਿਆ ਸੀ।ਫਿਰ ਭੰਗ, ਪੋਸਤ, ਤੰਬਾਕੂ ਆਦਿ ਵੱਖਰੇ ਕਿਸਮਾਂ ਦੇ ਨਸ਼ਿਆਂ ਦੀ ਆਮਦ ਹੋਈ। ਮਗਰੋਂ ਇਸ ਸੂਚੀ ਵਿਚ ਕਈ ਸਿੰਥੈਟਿਕ ਅਤੇ ਸਭ ਤੋਂ ਮਹਿੰਗਾ ਤੇ ਜਾਨਲੇਵਾ ਨਸ਼ਾ ਸਮੈਕ ਭਾਵ ਚਿੱਟਾ ਵੀ ਆਣ ਜੁੜਿਆ ਹੈ। ਨਸ਼ੇ ਦੀ ਸ਼ੁਰੂਆਤ ਜਾਣੇ-ਅਨਜਾਣੇ ਸ਼ਰਾਬ,-ਸਿਗਰਟ ਤੋਂ ਹੀ ਹੁੰਦੀ ਹੈ। ਜਦੋਂ ਸ਼ਰਾਬ ਦਾ ਨਸ਼ਾ ਮਨ-ਮਸਤਕ ਵਿਚ ਘਰ ਕਰ ਜਾਂਦਾ ਹੈ ਤਾਂ ਨਸ਼ਿਆਂ ਦੇ ਬਾਜ਼ਾਰ ਵਿਚ ਆਸਾਨੀ ਨਾਲ ਮਿਲਦੇ ਹੋਰ ਨਸ਼ਿਆਂ ਵੱਲ ਖਿੱਚੇ ਜਾਣਾ ਸੁਭਾਵਿਕ ਹੈ।
ਸਰਕਾਰਾਂ ਦਾ ਮੰਨਣਾ ਹੈ ਕਿ ਸ਼ਰਾਬ ਦੀ ਵੱਧ ਖਪਤ ਦੀ ਕਮਾਈ ਵਿਕਾਸ ਦੇ ਕੰਮਾਂ ’ਚ ਲੱਗਦੀ ਹੈ ਪਰ ਅਸੀਂ ਅਕਸਰ ਪੜ੍ਹਦੇ-ਸੁਣਦੇ ਤੇ ਵੇਖਦੇ ਹਾਂ ਕਿ ਕਿਵੇਂ ਨਸ਼ਿਆਂ ਦੀ ਜਿੱਲਣ ਵਿਚ ਫਸੇ ਲੋਕ ਨਰਕ ਭੋਗ ਰਹੇ ਹਨ। ਮੈਨੂੰ ਯਾਦ ਹੈ ਕਿ ਸਾਡੇ ਸੈਕਟਰ ਦੇ ਨਾਲ ਲੱਗਦੇ ਪਿੰਡ ’ਚ ਗਲੀ ਦੇ ਮੋੜ ’ਤੇ ਠੇਕਾ ਖੁੱਲ੍ਹਿਆ ਤਾਂ ਪਿੰਡ ਵਾਸੀਆਂ ਨੇ ਸੰਘਰਸ਼ ਦਾ ਬਿਗੁਲ ਵਜਾਇਆ। ਸਭ ਤੋਂ ਵੱਧ ਔਰਤਾਂ ਨੇ ਲਾਠੀਆਂ-ਸੋਟਿਆਂ ਨਾਲ ਅੱਗੇ ਆ ਕੇ ਭੰਨ-ਤੋੜ ਕੀਤੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਕਿਉਂਕਿ ਸਭ ਤੋਂ ਵੱਧ ਸੰਤਾਪ ਤਾਂ ਔਰਤਾਂ ਹੀ ਭੋਗਦੀਆਂ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਨਸ਼ੇ ਛੁਡਾਉਣਾ ਚਾਹੁੰਦੇ ਹਾਂ ਪਰ ਜਦੋਂ ਨਸ਼ਾ ਖ਼ੁਦ ਘਰ ਦੇ ਨੇੜੇ ਆ ਜਾਵੇ ਤਾਂ ਇਹ ਕਿੱਥੋਂ ਸੁਧਰ ਜਾਣਗੇ। ਇਸ ਦਾ ਤਾਂ ਮੁਸ਼ਕ ਵੀ ਨਸ਼ਈ ਬੰਦੇ ਦਾ ਦਿਮਾਗ ਖ਼ਰਾਬ ਕਰ ਦਿੰਦੈ। ਮੇਰੀ ਨੌਕਰੀ ਵੇਲੇ ਜਿਸ ਚੌਂਕ ਤੋਂ ਮੈਂ ਬੱਸ ਫੜਨੀ ਹੁੰਦੀ ਸੀ, ਉੱਥੇ ਇਕ ਪਾਸੇ ਠੇਕਾ ਤੇ ਮਨਜ਼ੂਰਸ਼ੁਦਾ ਅਹਾਤਾ ਵੀ ਸੀ। ਸਵੇਰੇ ਉੱਥੇ ਖੜ੍ਹੇ ਹੋਣਾ ਤਾਂ ਕਈ ਵਾਰ ਦਿਲ ਬੜਾ ਪਸੀਜਦਾ ਜਦੋਂ ਕਿਤੇ ਵੇਖਣਾ ਕਿ ਕਈ ਨਸ਼ੇੜੀ ਰਾਤ ਦੀਆਂ ਸੁੱਟੀਆ ਹੋਈਆਂ ਬੋਤਲਾਂ ਵਿਚੋਂ ਬਚੀ-ਖੁਚੀ ਸ਼ਰਾਬ ਹਲਕ ਵਿਚ ਉਤਾਰ ਰਹੇ ਨੇ। ਸ਼ਰਾਬੀ ਸਾਰਾ ਦਿਨ ਅਹਾਤੇ ਵਿਚ ਮਹਿਫਲਾਂ ਸਜਾਈ ਬੈਠੇ ਹੁੰਦੇ। ਕਈ ਸੜਕਾਂ ਦੇ ਕੰਢੇ ਡਿੱਗੇ ਹੋਏ ਦਿਸਦੇ। ਸਮਝ ਨਾ ਆਉਂਦੀ ਕਿ ਸਰਕਾਰ ਨਸ਼ੇ ਰੋਕ ਰਹੀ ਹੈ ਜਾਂ ਇਨ੍ਹਾਂ ਮਹਿਫਲਾਂ ਤੇ ਬਹਾਰਾਂ ਦਾ ਆਨੰਦ ਮਾਣ ਰਹੀ ਹੈ ਜਦੋਂਕਿ ਇਸ ਦੇ ਅੰਜਾਮ ਤੇ ਘਟਨਾਵਾਂ ਤੋਂ ਵੀ ਬੇਖ਼ਬਰ ਨਹੀਂ ਹੈ। ਨਸ਼ਾ ਮਨੁੱਖ ਨੂੰ ਜਿਸਮਾਨੀ, ਰੂਹਾਨੀ, ਇਖ਼ਲਾਕੀ ਤੇ ਮਾਨਸਿਕ ਪੱਖੋਂ ਖੋਖਲਾ ਕਰ ਦਿੰਦਾ ਹੈ।
ਉਹ ਸਾਮਾਜਿਕ ਕੁਰੀਤੀਆਂ ਤੇ ਜ਼ਲਾਲਤ ’ਚ ਫਸਦਾ ਜਾਂਦਾ ਹੈ। ਅਜਿਹੇ ਵਿਚ ਮਾਂ, ਧੀ-ਭੈਣ ਦੇ ਰਿਸ਼ਤੇ ਅੱਜ ਬੇ-ਪਛਾਣ ਹੋ ਰਹੇ ਹਨ। ਸਰਕਾਰਾਂ ਖ਼ੁਦ ਹੀ ਸੋਚਣ ਕਿ ਇਹ ਕਿਸ ਤਰ੍ਹਾਂ ਦਾ ਵਿਕਾਸ ਹੈ। ਮੇਰੇ ਕਿਸੇ ਲੇਖ ਦੇ ਪ੍ਰਤੀਕਰਮ ਵਿਚ ਪਾਠਕ ਫੋਨ ’ਤੇ ਹੱਡ-ਬੀਤੀਆਂ ਸੁਣਾ ਕੇ ਨਸ਼ਿਆਂ ਬਾਰੇ ਲਿਖਣ ਨੂੰ ਕਹਿੰਦੇ ਹਨ। ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਕਦਰਦਾਨ ਵਿਅਕਤੀਆਂ ਦੀ ਕਤਾਰ ਵਿਚ ਵੇਖਣਾ ਚਾਹੁੰਦੇ ਹਾਂ ਪਰ ਉਹ ਨਸ਼ਿਆਂ ਦੀ ਲਪੇਟ ਵਿਚ ਪਤਾ ਨਹੀਂ ਕਿਹੜੇ ਨਿਵੇਕਲੇ ਰਾਹਾਂ ’ਤੇ ਤੁਰ ਪੈਂਦੇ ਹਨ। ਮਾਂ ਆਪਣੀ ਹੀ ਕੁੱਖ ਨੂੰ ਉਲਾਂਭੇ ਦਿੰਦੀ ਹੈ ਕਿ ਨਿੱਜ ਜੰਮਦਾ ਮੇਰੇ ਘਰ। ਨਸ਼ੇੜੀ ਮੁੰਡੇ ਦੀ ਮੌਤ ਤੋਂ ਬਾਅਦ ਮਾਂ ਵਿਰੜੇ ਕਰਦੀ ਆਖਦੀ ਹੈ ,“ਚੰਗਾ! ਰੱਬ ਨੇ ਪਰਦਾ ਪਾ ’ਤਾ।
ਨਿੱਤ ਨਸ਼ਾ ਮੰਗਦਾ, ਹਾੜੇ ਕੱਢਦਾ ਤੇ ਜ਼ਲੀਲ ਹੁੰਦਾ ਵੀ ਜਰਿਆ ਨਹੀਂ ਸੀ ਜਾਂਦਾ।’’ ਮੇਰੇ ਪਿੱਛੋਂ ਤਾਂ ਗਲੀਆਂ ’ਚ ਰੁਲਦਾ ਫਿਰਦਾ। ਨਸ਼ੇੜੀ ਪੁੱਤ ਨੂੰ ਇਕ ਵਿਧਵਾ ਮਾਂ ਸੰਗਲਾਂ ਨਾਲ ਬੰਨ੍ਹਣ ਨੂੰ ਮਜਬੂਰ ਹੈ। ਅਸੀਂ ਦੁਨੀਆ ਦਾ ਸਭ ਤੋਂ ਜਵਾਨ ਮੁਲਕ ਹਾਂ, ਆਬਾਦੀ ਭਾਵੇਂ ਚੀਨ ਦੀ ਵੱਧ ਹੈ ਪਰ ਨੌਜਵਾਨ ਸਾਡੇ ਕੋਲ ਵੱਧ ਹਨ। ਅੱਜ ਨੌਜਵਾਨੀ ਨਸ਼ਿਆਂ ਦੀ ਜਿੱਲਣ ’ਚ ਫਸ ਕੇ ਬਰਬਾਦੀ ਦੀ ਕਗਾਰ ’ਤੇ ਖੜ੍ਹੀ ਹੈ ਜੋ ਦੇਸ਼ ਦਾ ਭਵਿੱਖ ਹੈ। ਯੋਧਿਆਂ ਦੇ ਵਾਰਿਸ ਅੱਜ ਆਪਣੇ ਪੈਰਾਂ ’ਤੇ ਖਲੋਣ ਜੋਗੇ ਵੀ ਨਹੀਂ। ਹਾਲਾਤ ਇਹ ਹਨ ਕਿ ਨੌਜਵਾਨ ਲੜਕੀਆਂ ਤੇ ਔਰਤਾਂ ਵੀ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੀਆਂ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਘਰ-ਪਰਿਵਾਰ ਤੇ ਸਮਾਜ ਨੂੰ ਸੁਧਾਰਨ ਦਾ ਜਿੰਮਾ ਲੈਣ ਵਾਲੀ ਔਰਤ ਜਾਤੀ ਦੇ ਪੈਰ ਕਾਹਤੋਂ ਥਿਰਕ ਗਏ? ਔਰਤਾਂ ਦਾ ਅਪਰਾਧ ਜਗਤ ’ਚ ਉਤਰਨਾ ਫ਼ਿਕਰਮੰਦ ਕਰਦਾ ਹੈ। ਇਸ ਨਸ਼ੇ ਦੇ ਵਹਿਣ ਦੇ ਡਰੋਂ ਹੀ ਮਾਪੇ ਮਹਿੰਗੇ ਕਰਜ਼ੇ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਆਏ ਦਿਨ ਨਸ਼ਿਆਂ ਕਾਰਨ ਬਲਦੇ ਸਿਵਿਆਂ ਨੂੰ ਵੇਖਦੇ ਹੋਏ ਹੀ ਸਰਕਾਰ ਤੇ ਪ੍ਰਸ਼ਾਸਨ ਦੀ ਝਾਕ ਛੱਡਦਿਆਂ ਕੁਝ ਮਹੀਨੇ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਕਾਲਝਰਾਣੀ ਤੇ ਕੁਝ ਹੋਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ।
ਜੇਕਰ ਜਨਤਾ ਜਾਗਰੂਕ ਹੈ ਤਾਂ ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਦੀ ਪੂਰਨ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁੱਦੇ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕਰੇ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸ ਕੇ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਦਾ ਨਸ਼ਾ ਛੁਡਾਊ ਕੇਂਦਰਾਂ ’ਚ ਮੁਫ਼ਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਮੁੱਖ-ਧਾਰਾ ਵਿਚ ਸ਼ਾਮਲ ਹੋਣ ਯੋਗ ਬਣਾਏ। ਹਰ ਤਰ੍ਹਾਂ ਦੇ ਨਸ਼ੇ ਦੇ ਉਤਪਾਦਨ, ਵਿਕਰੀ ’ਤੇ ਪੂਰਨ ਪਾਬੰਦੀ/ਰੋਕ ਲਗਾਏ। ਸਰਕਾਰੀ ਕਮਾਈ ਦੇ ਸਾਧਨਾਂ ਦਾ ਬਦਲ ਲੱਭੇ ਜਾਂ ਹੋਰ ਧੰਦਿਆਂ ਨੂੰ ਪ੍ਰਫੁੱਲਿਤ ਕਰੇ।
ਝੂਠੇ ਵਾਅਦਿਆਂ-ਲਾਰਿਆਂ ਤੋਂ ਅੱਕੀ-ਥੱਕੀ ਜਨਤਾ, ਪੰਜਾਬ ਨੂੰ ਉੱਪਰ ਉੱਠਦਾ ਵੇਖਣ ਲਈ ਵੱਡੀ ਸਿਆਸੀ ਤਬਦੀਲੀ ਲਿਆਉਣ ਵਿਚ ਕਾਮਯਾਬ ਹੋ ਸਕੀ ਹੈ। ਇਸ ਤਬਦੀਲੀ ਦੀ ਫਿਜ਼ਾ ਵਿਚ ਵਧੀਆ ਕਾਰਗੁਜ਼ਾਰੀ ਦਾ ਇਤਿਹਾਸ ਵੀ ਇਸ ਪਾਰਟੀ ਨੂੰ ਸਿਰਜਣਾ ਹੋਵੇਗਾ। ਨਸ਼ੇ ਦੀ ਭੇਟ ਚੜ੍ਹੇ ਪੁੱਤਰ ਦੀ ਮੌਤ ਤੋਂ ਬਾਅਦ ‘ਕਫਨ ਬੋਲ ਪਿਆ’ ਸੰਸਥਾ ਬਣਾਉਣ ਵਾਲਾ ਮੁਖਤਿਆਰ ਸਿੰਘ ਕਈ ਸਾਲਾਂ ਤੋਂ ਨਸ਼ਾ ਖ਼ਤਮ ਹੋਣ ਦੀ ਉਡੀਕ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਖ਼ੁਦ ਇਹ ਮਸਲਾ ਪਾਰਲੀਮੈਂਟ ਵਿਚ ਉਠਾ ਚੁੱਕੇ ਹਨ।
ਆਪ ਸਰਕਾਰ ਸੱਤਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ ਮਸਲੇ ਹੱਲ ਕਰਨ ਲਈ ਸਰਗਰਮੀ ਵਿਖਾ ਰਹੀ ਹੈ। ਪਰ ਨਸ਼ਿਆਂ ਦੇ ਮੁੱਦੇ ਜੋ ਪਹਿਲ ਦੇ ਆਧਾਰ ’ਤੇ ਵਿਚਾਰੇ ਜਾਣੇ ਚਾਹੀਦੇ ਹਨ, ਬਾਰੇ ਕੋਈ ਵਾਈ-ਧਾਈ ਨਹੀਂ। ਇਸ ਲਈ ਜਨਤਾ ਯਾਦ ਕਰਾ ਰਹੀ ਹੈ ਕਿ ਲੋਕ ਫ਼ਤਵੇ ਨਾਲ ਜਿੱਤ ਹਾਸਲ ਕਰ ਚੁੱਕੀ ਪਾਰਟੀ ਨੇ ‘ਉੜਤਾ ਪੰਜਾਬ’ ਦੀ ਥਾਂ ਉੱਠਦਾ ਪੰਜਾਬ ਬਣਾਉਣ ਦਾ ਦਾਅਵਾ ਵੀ ਕੀਤਾ ਸੀ। ਸਮੇਂ ਦੀ ਮੰਗ ਹੈ ਕਿ ਸਰਕਾਰ ਨਸ਼ੇ ਨੂੰ ਅਹਿਮ ਮੁੱਦਾ ਬਣਾ ਕੇ ਇਸ ਦਾ ਹਰ ਹੀਲੇ ਹੱਲ ਵੀ ਕਰੇ।
-ਕੁਲਮਿੰਦਰ ਕੌਰ

Comment here