ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਦੇ ਖਿਲਾਫ ਡਟਣ ਲੱਗੇ ਪੰਜਾਬ ਦੇ ਲੋਕ

ਕਿਤੇ ਚੁੱਕੀਆਂ ਡਾਂਗਾਂ ਤੇ ਕਿਤੇ ਪੁਲਸ ਚੌਕੀ ਨੂੰ ਜੜੇ ਤਾਲੇ

ਵਿਸ਼ੇਸ਼ ਰਿਪੋਰਟ-ਜਸਪਾਲ
  ਅੱਜ ਪੰਜਾਬ ਦਾ ਕੋਈ ਪਿੰਡ, ਸ਼ਹਿਰ ਅਜਿਹਾ ਨਹੀਂ ਜਿਸ ਵਿਚ ਨਸ਼ਿਆਂ ਨੇ ਨੌਜਵਾਨੀ ਨੂੰ ਬੇੜੀਆਂ ਨਾ ਪਾਈਆਂ ਹੋਣ।  ਪਿੰਡ ਰਛੀਨ ਲੁਧਿਆਣਾ ਦੇ ਲੋਕਾਂ ਨੇ ਆਪਣੀ ਸੋਚ ਅਤੇ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਦੀ ਲਪੇਟ ’ਵਿਚ ਗਰਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਜੋ ਬੀੜਾ ਚੁੱਕਿਆ ਹੈ ਉਹ ਆਪਣੇ ਆਪ ’ਵਿਚ ਇਹ ਮਿਸਾਲ ਹੈ। ਪਿੰਡ ਰਛੀਨ ਦੇ ਲੋਕ ਨਸ਼ਿਆਂ ਦੇ ਮਕੜ ਜਾਲ ਵਿਚ ਫਸੀ ਪਿੰਡ ਦੀ ਨੌਜਵਾਨੀ ਨੂੰ ਬਚਾਉਣ ਲਈ ਪਹਿਲਾਂ ਇੱਕਮੰਚ ’ਤੇ ਇਕੱਠੇ ਹੋਏ ਅਤੇ ਨਸ਼ਿਆਂ ਨੂੰ ਸਖਤੀ ਨਾਲ ਰੋਕਣ ਦਾ ਤਹੱਈਆ ਕੀਤਾ। ਇਸ ਤੋਂ ਬਾਅਦ ਪਿੰਡ ‘ਵਿਚ ਨਸ਼ੇ ਦੇ ਕੁਝ ਸੌਦਾਗਰਾਂ ਨੂੰ ਦਬਾਅ ਪਾ ਕੇ ਪਿੰਡ ’ਵਿਚ ਨਸ਼ੇ ਵੇਚਣ ਤੋਂ ਤੋਬਾ ਕਰਵਾਈ ਅਤੇ ਨਾਲ ਹੀ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰੇ ਲਈ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨ ਦਾ ਵੀ ਫੈਸਲਾ ਕੀਤਾ।
ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਦੀ ‘ਨੋ ਐਂਟਰੀ’ ਲਈ ਨਾਕਾਬੰਦੀ ਮੁਹਿੰਮ ਸ਼ੁਰੂ ਕੀਤੀ ਗਈ। ਪਿੰਡ ਵਿਚ ਕੁੱਲ 9 ਵਾਰਡ ਹਨ। ਯੋਜਨਾ ਬਣਾਈ ਗਈ ਕਿ ਹਰ ਇਕ ਵਾਰਡ ਵਿਚ ਦਿਨ ਰਾਤ 2-2 ਨੌਜਵਾਨ 24 ਘੰਟੇ ਵਾਰੋ ਵਾਰੀ ਠੀਕਰੀ ਪਹਿਰਾ ਦੇਣਗੇ। ਇਸ ਠੀਕਰੀ ਪਹਿਰੇ ਦੌਰਾਨ ਪਿੰਡ ਵਿਚ ਕੋਈ ਬਾਹਰੀ ਵਿਅਕਤੀ ਨਸ਼ਾ ਨਾ ਵੇਚ ਸਕੇ ਅਤੇ ਪਿੰਡ ਨੂੰ ਹਰ ਪਾਸਿਓਂ ਸੁਰੱਖਿਅਤ ਕਰਨ ਲਈ ਆਪਸੀ ਤਾਲਮੇਲ ਦੀ ਰਣਨੀਤੀ ਘੜੀ ਗਈ। 9 ਵਾਰਡਾਂ ਵਿਚੋਂ ਕਿਸੇ ਵਾਰਡ ਵਿਚ ਵੀ ਕੋਈ ਅਣਪਛਾਤਾ ਵਾਹਨ, ਵਿਅਕਤੀ ਘੁੰਮਦਾ ਮਿਲੇ ਤਾਂ ਸਾਰੀਆਂ ਟੀਮਾਂ ਨੂੰ ਤਤਕਾਲ ਮੋਬਾਈਲ ’ਤੇ ਚੌਕੰਨਾ ਕਰਕੇ ਇਸ ਦੀ ਛਾਣਬੀਣ ਅਤੇ ਜਾਂਚ ਲਈ ਇਕੱਠੇ ਹੋਣ ਦਾ ਫੈਸਲਾ ਕੀਤਾ ਗਿਆ।
ਪੁਲਿਸ ਵੀ ਪਿੰਡ ਵਾਸੀਆਂ ਦਾ ਕਰ ਰਹੀ ਸਹਿਯੋਗ
ਰਾਏਕੋਟ ਦੇ ਲੋਹਟਬੱਦੀ ਪੁਲਿਸ ਚੌਂਕੀ ਦੇ ਮੁਖੀ ਅਮਰਜੀਤ ਸਿੰਘ ਨੇ ਵੀ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ’ਚ ਯੋਗਦਾਨ ਪਾਉਂਦਿਆਂ ਰੋਜਾਨਾ ਨੌਜਵਾਨਾਂ ਦੇ ਠੀਕਰੀ ਪਹਿਰੇ ‘ਵਿਚ ਸ਼ਮੂਲੀਅਤ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਨੌਜਵਾਨਾਂ ਦੀ ਹੌਂਸਲਾਅਫਜਾਈ ਦੇ ਨਾਲ ਨਾਲ ਸ਼ੱਕੀ ਵਿਅਕਤੀਆਂ ’ਤੇ ਕਿਸ ਤਰ੍ਹਾਂ ਨਜ਼ਰ ਰੱਖਣੀ ਹੈ ਅਤੇ ਕਿਸ ਤਰ੍ਹਾਂ ਰੋਕਥਾਮ ‘ਤੇ ਨਸ਼ੇੜੀਆਂ ਨੂੰ ਫੜਨਾ ਹੈ ਇਸ ਗੁਰ ਵੀ ਸਿਖਾਏ। ਉਨ੍ਹਾਂ ਕਿਹਾ ਕਿ ਪਿੰਡ ਰਛੀਨ ਦੇ ਲੋਕਾਂ ਵੱਲੋਂ ਇਕਜੁਟ ਹੋ ਕੇ ਛੇੜੀ ਇਸ ਮੁਹਿੰਮ ਦੇ ਨਾਲ ਇਹ ਪਿੰਡ ਸ਼ੁਰੂਆਤ ‘ਵਿਚ ਹੀ ਨਸ਼ਾ ਮੁਕਤ ਹੋ ਗਿਆ ਹੈ।

ਫਗਵਾੜੇ ਕੋਲ ਪੁਲਸ ਚੌਕੀ ਨੂੰ ਲਾਏ ਤਾਲੇ

ਜਲੰਧਰ ਦੇ ਕਸਬਾ ਗੁਰਾਇਆ ਕੋਲ ਪੈਂਦੇ ਪਿੰਡ ਧੁਲੇਤਾ ਵਿਖੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਧਲੇਤਾ ਦੀ ਪੁਲਸ ਚੌਕੀ ਦੇ ਤਿੰਨਾਂ ਗੇਟਾਂ ਨੂੰ ਤਾਲਾ ਜੜ ਦਿੱਤਾ ਗਿਆ ।  ਪਿਛਲੇ ਦਿਨੀਂ ਪਿੰਡ ਧਲੇਤਾ ‘ਚ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਈ ਸੀ । ਜਿਸ ਕਾਰਨ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਪੁਲਸ ਚੌਕੀ ਧੁਲੇਤਾ ਵਿਖੇ ਧਰਨਾ ਦਿੱਤਾ ਗਿਆ ਸੀ । ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਕਿ ਪਿੰਡ ਧਲੇਤਾ ‘ਚ ਪੁਲਿਸ ਮੁਲਾਜ਼ਮਾਂ ਦੇ ਮਿਲੀ ਭਗਤੀ ਨਾਲ ਹੀ ਨਸ਼ਾ ਵਿਕ ਰਿਹਾ ਹੈ ਅਤੇ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਸ਼ਰ੍ਹੇਆਮ ਪੁਲੀਸ ਮੁਲਾਜ਼ਮਾਂ ਅਤੇ ਨਸ਼ੇ ਦੇ ਵਪਾਰੀਆਂ ਦੇ ਨਾਮ ਵੀ ਉਜਾਗਰ ਕੀਤੇ ਗਏ ਸਨ । ਜਿਸ ‘ਤੇ ਡੀਐੱਸਪੀ ਫਿਲੌਰ ਹਰਲੀਨ ਸਿੰਘ ਵੱਲੋਂ ਇਕ ਮਹੀਨੇ ਦੇ ਅੰਦਰ ਪਿੰਡ ‘ਚੋਂ ਨਸ਼ਾ ਖਤਮ ਕਰਨ ਦਾ ਭਰੋਸਾ ਦੇਣ ਅਤੇ ਨਸ਼ੇ ਦੇ ਵਪਾਰੀਆਂ ਦੇ ਵਿਰੁੱਧ ਬਣਦੀ ਕਾਰਵਾਈ ਕਰੇ ਭਰੋਸਾ ਦੇ ਕੇ ਧਰਨਾ ਚੁਕਵਾਇਆ ਗਿਆ ਸੀ । ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਾ ਚੁੱਕਣ ਚੁੱਕੇ ਜਾਣ ‘ਤੇ ਪਿੰਡ ਵਾਸੀਆਂ ਵੱਲੋਂ ਪਿੰਡ ਧਲੇਤਾ ਦੀ ਪੁਲਿਸ ਚੌਕੀ ਦੇ ਤਿੰਨੇ ਗੇਟਾਂ ਨੂੰ ਤਾਲੇ ਜੜ ਦਿੱਤੇ ਗਏ । ਇਸ ਸਬੰਧੀ ਪਿੰਡ ਦੇ ਸਰਪੰਚ ਹਰਜੀਤ ਸਿੰਘ ਅਤੇ ਪੰਚ ਸੁਖਵੀਰ ਸਿੰਘ ਸੁੱਖੀ ਨੇ ਕਿਹਾ ਕਿ ਨਸ਼ੇ ਨਾਲ ਪਿੰਡ ਦੇ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ । ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਨਸ਼ੇ ਵਿਰੁੱਧ ਲਾਮਬੰਦੀ ਕਰਦੇ ਹੋਏ ਨਸ਼ਾ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ । ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਵਪਾਰੀਆਂ ਦੇ ਖ਼ਿਲਾਫ਼ ਠੋਸ ਕਾਰਵਾਈ ਨਾ ਕਰਨ ‘ਤੇ ਅੱਜ ਪਿੰਡ ਵਾਸੀਆਂ ਵੱਲੋਂ ਪਿੰਡ ਧੁਲੇਤਾ ਦੀ ਪੁਲਿਸ ਚੌਕੀ ਨੂੰ ਤਾਲੇ ਲਾ ਕੇ ਪੁਲਿਸ ਚੌਕੀ ਅੱਗੇ ਇਕ ਲੰਮਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜਦ ਤਕ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆ ਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਨਹੀਂ ਕਰਦੇ ਤਦ ਤਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ । ਉਨ੍ਹਾਂ ਕਿਹਾ ਕਿ ਪਿੰਡ ਦੇ ਨਸ਼ਾ ਵਪਾਰੀਆਂ ਨੇ ਪਿੰਡ ਧਲੇਤਾ ‘ਚ ਇਕ ਵੱਡੀ ਨਸ਼ੇ ਦੀ ਮੰਡੀ ਬਣਾਈ ਹੋਈ ਹੈ ਅਤੇ ਪਿੰਡ ਧਲੇਤਾ ਤੋਂ ਹੀ ਆਸ ਪਾਸ ਦੇ ਕਈ ਪਿੰਡਾਂ ਦੇ ਵਿਚ ਨਸ਼ੇ ਦੀ ਸਪਲਾਈ ਦਿੱਤੀ ਜਾਂਦੀ ਹੈ । ਉਨ੍ਹਾਂ ਪੁਲਿਸ ਪ੍ਰਸ਼ਾਸਨ ‘ਤੇ ਦੋਸ਼ ਮੜ੍ਹਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਕਾ-ਦੁੱਕਾ ਨਸ਼ਾ ਵੇਚਣ ਵਾਲਿਆਂ ਤੇ ਛੋਟੇ ਮੋਟੇ ਪਰਚੇ ਦੇ ਕੇ ਖਾਨਾਪੂਰਤੀ ਕੀਤੀ ਗਈ ਹੈ । ਜਦ ਕਿ ਪੁਲਸ ਪ੍ਰਸ਼ਾਸਨ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੇ ਵਿਚ ਨਾਕਾਮਯਾਬ ਰਿਹਾ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦ ਤਕ ਪੁਲਿਸ ਨਸ਼ੇ ਦੇ ਵੱਡੇ ਮਗਰਮੱਛਾਂ ਕਾਰਵਾਈ ਨਹੀਂ ਕਰਦੀ ਤਦ ਤਕ ਇਹ ਇਹ ਧਰਨਾ ਨਿਰੰਤਰ ਜਾਰੀ ਰਹੇਗਾ । ਇਸ ਸਬੰਧੀ ਧੁਲੇਤਾ ਚੌਂਕੀ ਇੰਚਾਰਜ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਜਿਨ੍ਹਾਂ ਸੱਤ ਬੰਦਿਆਂ ਦੇ ਨਾਮ ਲਿਖ ਕੇ ਦਿੱਤੇ ਗਏ ਸਨ। ਪੁਲਿਸ ਵੱਲੋਂ ਉਨ੍ਹਾਂ ਵਿਚੋਂ ਚਾਰ ਨਸ਼ਾ ਤਸਕਰਾਂ ਤੇ ਪਰਚੇ ਦੇ ਕੇ ਉਨ੍ਹਾਂ ਨੂੰ ਅੰਦਰ ਕਰ ਦਿੱਤਾ ਗਿਆ ਹੈ ਅਤੇ ਬਾਕੀ ਤਿੰਨ ਨਸ਼ਾ ਤਸਕਰਾਂ ਦੀ ਭਾਲ ਕਰ ਕੇ ਜਲਦੀ ਅੰਦਰ ਕਰ ਦਿੱਤੇ ਜਾਣਗੇ ਉਨ੍ਹਾਂ ਅਤੇ ਉਨ੍ਹਾਂ ਦੀ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਸਬੰਧੀ ਡੀਐੱਸਪੀ ਫਿਲੌਰ ਹਰਲੀਨ ਸਿੰਘ ਨੇ ਕਿਹਾ ਕਿ ਪੁਲਿਸ ਆਪਣੇ ਵੱਲੋਂ ਮੁਸਤੈਦੀ ਨਾਲ ਕੰਮ ਕਰ ਰਹੀ ਹੈ । ਪਿੰਡ ‘ਚੋਂ ਨਸ਼ਾ ਖਤਮ ਕਰਨ ਲਈ ਪਿੰਡ ਵਾਸੀਆਂ ਤੋੰ ਦੋ ਜੁਲਾਈ ਤੱਕ ਦਾ ਸਮਾਂ ਲਿਆ ਗਿਆ ਸੀ । ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ ਕਿ ਦੋ ਜੁਲਾਈ ਤੋਂ ਪਹਿਲਾਂ ਪਹਿਲਾਂ ਪਿੰਡ ਧੁਲੇਤਾ ਦੇ ਵਿਚ ਕਿਸੇ ਕਿਸਮ ਦਾ ਵੀ ਨਸ਼ਾ ਦੇਖਣ ਨੂੰ ਨਹੀਂ ਮਿਲੇਗਾ । ਖ਼ਬਰ ਲਿਖੇ ਜਾਣ ਤੱਕ ਪੁਲਸ ਚੌਂਕੀ ਧੁਲੇਤਾ ਅੱਗੇ ਪਿੰਡ ਵਾਸੀਆਂ ਅਤੇ ਪੰਚਾਇਤ ਦਾ ਧਰਨਾ ਨਿਰੰਤਰ ਜਾਰੀ ਸੀ । ਇਸ ਮੌਕੇ ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਣ ਵੱਲੋਂ ਪਿੰਡ ਦੀ ਪੰਚਾਇਤ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ ।

ਇੱਥੇ ਜਦੋਂ ਪਿੰਡ ਧੁਲੇਤਾ ਦੇ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਧੁਲੇਤਾ ਦੀ ਪੁਲਸ ਚੌਕੀ ਦੇ ਤਿੰਨੇ ਗੇਟਾਂ ਨੂੰ ਤਾਲੇ ਲਗਾ ਲਗਾ ਕੇ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਡੱਕ ਦਿੱਤਾ ਤਾਂ ਪੁਲੀਸ ਮੁਲਾਜ਼ਮਾਂ  ਨੂੰ ਚੌਕੀ ਦੀਆਂ ਕੰਧਾਂ ਟੱਪ ਕੇ ਆਰ ਪਾਰ ਆਉਣਾ ਜਾਣਾ ਪਿਆ।

ਚੋਹਲਾ ਸਾਹਿਬ ਵਾਸੀ ਵੀ ਨਿੱਤਰੇ ਸੜਕਾਂ ‘ਤੇ

ਨਸ਼ਾ ਰੋਕਣ ਦੀ ਗੱਲ ਆਖ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵੀ ਨਸ਼ਾ ਰੋਕਣ ਵਿਚ ਬੇਵਸ ਨਜ਼ਰ ਆ ਰਹੀ ਹੈ। ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਸਬਾ ਚੋਹਲਾ ਸਾਹਿਬ ਦੇ ਪਾਰਕ ਵਿੱਚ ਨਸ਼ਾ ਕਰ ਰਹੇ ਨੋਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇ ਨਹੀਂ ਤਾਂ ਉਨ੍ਹਾਂ ਦੇ ਨੌਜਵਾਨ ਬੱਚੇ ਇਸੇ ਤਰ੍ਹਾਂ ਹੀ ਮਰਦੇ ਰਹਿਣਗੇ। ਇਸ ਦੌਰਾਨ ਪਿੰਡਵਾਸੀਆਂ ਨੇ ਨਸ਼ਾ ਕਰਨ ਤੋਂ ਬਾਅਦ ਸੁੱਟੀਆਂ ਸਰਿੰਜਾਂ ਵੀ ਦਿਖਾਈਆਂ।

Comment here