ਅਪਰਾਧਖਬਰਾਂ

ਨਸ਼ੇ ਦਾ ਅੱਡਾ ਬਣਾ ਲਿਆ ਧਾਰਮਿਕ ਅਸਥਾਨ ਨੂੰ

ਸਿਆਸੀ ਸ਼ਹਿ ਤੇ ਗੰਦਾ ਧੰਦਾ ਚੱਲਣ ਦੇ ਸਰਪੰਚ ਨੇ ਲਾਏ ਦੋਸ਼

ਲਾਲੜੂ– ਧਰਮ ਓਹਲੇ ਕੁਕਰਮ ਦਾ ਇਕ ਮਾਮਲਾ ਲਾਲੜੂ ਦੇ ਪਿੰਡ ਖੇਲਣ ਚ ਵਾਪਰਿਆ , ਜਿੱਥੇ  ਠਾਕੁਰਦੁਆਰਾ ਮੰਦਿਰ ਦੇ ਪੁਜਾਰੀ ਨੇ ਕਥਤਿ ਤੌਰ ਤੇ ਮੰਦਿਰ ਵਿਚ ਆਈ ਇਕ ਮਹਿਲਾ ਨਾਲ ਜਬਰ-ਜ਼ਿਨਾਹ ਕੀਤਾ। ਜਾਣਕਾਰੀ ਅਨੁਸਾਰ ਮੰਦਿਰ ਵਿਚ ਕੁਰੂਕਸ਼ੇਤਰ ਦੀ ਇਕ ਮਹਿਲਾ ਆਪਣੇ ਮੁੰਡੇ ’ਤੇ ਭੂਤ ਦਾ ਸਾਇਆ ਹੋਣ ਕਾਰਨ ਪੁਜਾਰੀ ਤੋਂ ਇਲਾਜ ਕਰਾਉਣ ਆਈ ਸੀ, ਜਿਸ ’ਤੇ ਪੁਜਾਰੀ ਮੁੰਡੇ ਦੇ ਇਲਾਜ ਦੇ ਬਹਾਨੇ ਮੰਦਿਰ ਕੰਪਲੈਕਸ ਵਿਚ ਮਹਿਲਾ ਨੂੰ ਇਕ ਕਮਰੇ ਚ  ਲੈ ਗਿਆ ਤੇ ਉਸ ਨਾਲ ਕਥਿਤ  ਜਬਰ-ਜ਼ਿਨਾਹ ਕੀਤਾ। ਮਹਿਲਾ ਵਲੋੰ ਰੌਲਾ ਪਾਉਣ ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੁਜਾਰੀ ਰਾਮਜੀ ਦਾਸ ਨੂੰ ਪੁਲਸ ਹਵਾਲੇ ਕਰ ਦਿੱਤਾ । ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਲਿਆ। ਪੁਜਾਰੀ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ , ਜਿਸ ਵਿਚ ਉਹ ਗੁਨਾਹ ਕਬੂਲਦਾ ਹੋਇਆ ਕਈ ਖ਼ੁਲਾਸੇ ਕਰ ਰਿਹਾ ਹੈ। ਪੁਜਾਰੀ ਨੇ ਵੀਡੀਓ ਵਿਚ ਦੱਸਿਆ ਕਿ ਉਹ 7-8 ਮਹੀਨਿਆਂ ਤੋਂ ਉਕਤ ਮੰਦਿਰ ਵਿਚ ਰਹਿ ਰਿਹਾ ਹੈ ਅਤੇ ਮੰਦਿਰ ਕੰਪਲੈਕਸ ਵਿਚ ਪਿੰਡ ਦੇ ਹੀ ਸਿਆਸੀ ਰਸੂਖ ਵਾਲੇ ਕਈ ਵਿਅਕਤੀ ਅਫੀਮ, ਗਾਂਜਾ , ਚਿੱਟਾ ਅਤੇ ਸੁਲਫਾ ਲੈ ਕੇ ਆਉਂਦੇ ਹਨ , ਮੰਦਰ ਚ ਹੀ ਬਹਿ ਕੇ  ਕਥਿਤ ਨਸ਼ਾ ਕਰਦੇ ਹਨ। ਪੁਜਾਰੀ ਵਲੋਂ ਲਾਏ ਦੋਸ਼ ਦੀ ਤਾਇਦ ਕਰਦਿਆਂ ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਠਾਕੁਰਦੁਆਰਾ ਮੰਦਿਰ ਨਸ਼ੇੜੀਆਂ ਦਾ ਅੱਡਾ ਬਣਾ ਹੋਇਆ ਹੈ। ਗਲਤ ਕੰਮਾਂ ਅਤੇ ਸ਼ਰਾਰਤੀ ਅਨਸਰਾਂ ਸਬੰਧੀ ਪ੍ਰਸ਼ਾਸਨ ਅਤੇ ਪੁਲਸ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਇਕ ਸਿਆਸੀ ਆਗੂ ਦੀ ਕਥਿਤ ਸਪੋਰਟ ਹੋਣ ਕਾਰਨ ਕਦੇ ਕੋਈ ਕਾਰਵਾਈ ਨਹੀਂ ਹੋਈ, ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਸਾਨੂੰ ਤਾਂ ਹੁਣੇ ਸ਼ਿਕਾਇਤ ਮਿਲੀ ਹੈ, ਜਾਂਚ ਕਰਕੇ ਕਾਰਵਾਈ ਕਰਾਂਗੇ।

Comment here