ਅਪਰਾਧਸਿਆਸਤਖਬਰਾਂ

ਨਸ਼ੇੜੀ ਵਿਅਕਤੀ ਨੇ ਪੁਜਾਰੀ ਦਾ ਕੀਤਾ ਕਤਲ

ਕਲਾਨੌਰ –20 ਫਰਵਰੀ ਚੋਣਾਂ ਵਾਲੇ ਦਿਨ ਪਿੰਡ ਭੋਜਰਾਜ ’ਚ ਇੱਕ ਨਸ਼ੇੜੀ ਵਿਅਕਤੀ ਵੱਲੋਂ ਲੋਹੇ ਦੀ ਰਾਡ ਨਾਲ ਇਕ ਪੁਜਾਰੀ ਦਾ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸਦੇ ਰੋਸ ਵਜੋਂ ਪੀੜਤ ਪਰਿਵਾਰ ਨੇ ਲਗਭਗ ਇਕ ਘੰਟਾ ਸੜਕ ’ਤੇ ਧਰਨਾ ਦੇ ਕੇ ਲੋਕਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਜਾਣਕਾਰੀ ਅਨੁਸਾਰ ਸੰਤੋਸ਼ ਕੁਮਾਰੀ ਪਤਨੀ ਮਹਿੰਦਰ ਪਾਲ ਵਾਸੀ ਪਿੰਡ ਭੋਜਰਾਜ ਨੇ ਪੁਲਸ ਨੂੰ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਅੱਜ ਸਵੇਰੇ ਕਰੀਬ 6:35 ਵਜੇ ਪਿੰਡ ’ਚ ਸਥਿਤ ਭਗਤ ਰਵਿਦਾਸ ਮੰਦਰ ’ਚ ਮੱਥਾ ਟੇਕਣ ਲਈ ਗਈ ਸੀ। ਮੰਦਰ ਦਾ ਪੁਜਾਰੀ ਬੁੜਾ ਰਾਮ ਪੁੱਤਰ ਕੇਸਰ ਦਾਸ ਵਾਸੀ ਭੋਜਰਾਜ ਅੰਦਰ ਬੈਠ ਕੇ ਪਾਠ ਕਰ ਰਿਹਾ ਸੀ। ਇਸ ਦੌਰਾਨ ਪਿੰਡ ਦਾ ਹੀ ਬਲਵਿੰਦਰ ਸਿੰਘ ਲੋਹੇ ਦੀ ਰਾਡ ਲੈ ਕੇ ਮੰਦਰ ’ਚ ਆਇਆ, ਜਿਸ ਨੇ ਪੁਜਾਰੀ ਬੁੜਾ ਰਾਮ ’ਤੇ ਹਮਲਾ ਕਰਨਾ ਕਰ ਦਿੱਤਾ। ਉਸਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਬਲਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਸਤੋਂ ਬਾਅਦ ਪੁਜਾਰੀ ਨੂੰ ਜ਼ਖ਼ਮੀ ਹਾਲਤ ’ਚ ਭਾਵੇਂ ਹਸਪਤਾਲ ਲੈ ਜਾਇਆ ਗਿਆ ਪਰ ਉਸਦੀ ਰਸਤੇ ’ਚ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਪੁਜਾਰੀ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੀ ਸੜਕ ’ਤੇ ਧਰਨਾ ਦੇ ਕੇ ਇਨਸਾਫ ਦੀ ਮੰਗ ਕਰਦਿਆਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟ ਨਾ ਪਾਉਣ, ਜਿਸ ਕਾਰਨ ਪੋਲਿੰਗ ਬੰਦ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਅਤੇ ਜ਼ਿਲ੍ਹਾ ਪੁਲਸ ਮੁਖੀ ਨਾਨਕ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਧਰਨਾਕਾਰੀਆਂ ਨੂੰ ਬਣਦਾ ਇਨਸਾਫ ਦੇਣ ਦਾ ਵਿਸ਼ਵਾਸ ਦਿੱਤਾ ਅਤੇ ਪੀੜਤ ਪਰਿਵਾਰ ਨੂੰ ਮੌਕੇ ’ਤੇ ਇਕ ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਿਆ ਅਤੇ ਲਗਭਗ ਇਕ ਘੰਟੇ ਬਾਅਦ ਪੋਲਿੰਗ ਸ਼ੁਰੂ ਹੋ ਗਈ। ਥਾਣਾ ਘੁੰਮਣ ਕਲਾਂ ਦੀ ਪੁਲਸ ਨੇ ਸੰਤੋਸ਼ ਕੁਮਾਰੀ ਦੇ ਬਿਆਨਾਂ ਅਨੁਸਾਰ ਬਲਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਲਾਸ਼ ਨੂੰ ਸਿਵਲ ਹਸਪਤਾਲ ’ਚ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

Comment here