ਮੋਗਾ-ਪਿਛਲੇ 5-6 ਸਾਲਾਂ ਤੋਂ ਨਸ਼ਾ ਦੇ ਲਪੇਟ ‘ਚ ਆਇਆ 23 ਸਾਲਾ ਦਾ ਨੌਜਵਾਨ ਜਗਦੇਵ ਸਿੰਘ, ਜਿਸ ਦੀ ਨਸ਼ਾ ਕਰਨ ਦੀ ਆਦਤ ਨੂੰ ਦੇਖਦੇ ਹੋਏ ਪਰਿਵਾਰ ਵਾਲਿਆਂ ਨੇ ਉਸ ਨੂੰ 8 ਦਿਨਾਂ ਤੋਂ ਸੰਗਲ ਨਾਲ ਬੰਨਿ੍ਹਆ ਹੋਇਆ ਹੈ। ਇਹ ਨੌਜਵਾਨ ਮਜ਼ਦੂਰੀ ਕਰਨ ਵਾਲੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਸੰਗਲ ਨਾਲ ਇਸ ਕਾਰਨ ਬੰਨਿ੍ਹਆ ਹੈ ਤਾਂ ਜੋ ਉਹ ਘਰੋ ਬਾਹਰ ਨਾ ਜਾ ਸਕੇ ਅਤੇ ਆਪਣੀ ਨਸ਼ਾ ਕਰਨ ਦੀ ਆਦਤ ਨੂੰ ਕਾਬੂ ਕਰ ਸਕੇ। ਇਸ ਸਬੰਧੀ ਗੱਲ ਕਰਦਿਆਂ ਪਿੰਡ ਦੀ ਪੰਚਾਇਤ ਦੇ ਸਾਬਕਾ ਮੈਂਬਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਮੁੰਡੇ ਦੇ ਚਾਚੇ ਨੇ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕਰਵਾਇਆ ਹੈ ਤਾਂ ਜੋ ਨੌਜਵਾਨ ਇਸ ਨਸ਼ੇ ਦੀ ਦਲ-ਦਲ ‘ਚੋਂ ਬਾਹਰ ਆ ਸਕੇ।
ਜਾਣਕਾਰੀ ਦਿੰਦਿਆਂ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਹ ਕਦੀ-ਕਦੀ ਆਪਣੇ ਮੁੰਡੇ ਦਾ ਸੰਗਲ ਖੋਲ੍ਹ ਕੇ ਉਸ ਨੂੰ ਛੱਡ ਵੀ ਦਿੰਦੀ ਹੈ ਅਤੇ ਆਪਣੇ ਨਾਲ ਕੰਮ ਕਰਨ ਲਈ ਲੈ ਵੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨੌਜਵਾਨ ਨਸ਼ੇ ਦਾ ਇੰਨਾ ਆਦੀ ਹੈ ਕਿ ਉਹ ਰੋਜ਼ਾਨਾ 800 ਰੁਪਏ ਦੇ ਨਸ਼ੇ ਦੇ ਟੀਕੇ ਲਗਾ ਲੈਂਦਾ ਹੈ ਅਤੇ ਉਹ ਪਿਛਲੇ 5-6 ਸਾਲਾਂ ਤੋਂ ਨਸ਼ਾ ਕਰ ਰਿਹਾ ਹੈ। ਨੌਜਵਾਨ ਦੀ ਮਾਂ ਨੇ ਦੱਸਿਆ ਕਿ ਨਸ਼ੇ ਦੀ ਲਪੇਟ ‘ਚ ਆਉਣ ਤੋਂ ਪਹਿਲਾਂ ਉਹ ਵੀ ਮਜ਼ਦੂਰੀ ਕਰਦਾ ਸੀ ਅਤੇ ਜੋ ਪੈਸੇ ਮਿਲਦੇ ਸਨ ਉਹ ਸਾਰੇ ਨਸ਼ੇ ‘ਤੇ ਬਰਬਾਦ ਕਰ ਦਿੰਦਾ ਸੀ। ਇੰਨਾ ਹੀ ਨਹੀਂ ਕਈ ਵਾਰ ਤਾਂ ਉਹ ਨਸ਼ਾ ਕਰਨ ਲਈ ਘਰ ਦਾ ਸਾਮਾਨ ਚੋਰੀ ਕਰਕੇ ਵੇਚ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਪਿਤਾ ਅਤੇ ਭਰਾ ਦੋਵੇਂ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਸਹਾਰੇ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਮੁੰਡੇ ਦੇ ਵਿਗੜਦੇ ਹਾਲਾਤ ਨੂੰ ਦੇਖ ਕੇ ਉਸ ਨੂੰ 8 ਦਿਨਾਂ ਤੋਂ ਸੰਗਲ ਨਾਲ ਬੰਨ ਕੇ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਉਸ ਨੂੰ ਨਸ਼ਾ ਕਰਨ ਲਈ ਘਰੋਂ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਉਹ ਪਰਿਵਾਰ ਵਾਲਿਆਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਆਪਣੇ ਮੁੰਡੇ ਤੋਂ ਤੰਗ ਹੋ ਕੇ ਉਹ ਕਈ ਵਾਰ ਸਾਰੇ ਘਰ ਨੂੰ ਜਿੰਦੇ ਲਾ ਦਿੰਦੇ ਹਨ ਪਰ ਨੌਜਵਾਨ ਵੱਲੋਂ ਪਰਿਵਾਰ ਵਾਲਿਆਂ ਨੂੰ ਉਸੇ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਸ ਨੂੰ ਰਾਤ ਨੂੰ ਵੀ ਸੰਗਲ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਤਾਂ ਜੋ ਉਹ ਰਾਤ ਨੂੰ ਕਿਤੇ ਬਾਹਰ ਨਾ ਚਲਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਠੀਕ ਹੋ ਜਾਵੇਗਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਉਹ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਸਰਕਾਰ ਇਨ੍ਹਾਂ ਨਸ਼ਾ ਤਸਕਰਾਂ iਖ਼ਲਾਫ਼ ਸਖ਼ਤ ਕਦਮ ਚੁੱਕੇ ਤਾਂ ਜੋ ਨੌਜਵਾਨਾਂ ਨੂੰ ਬਚਾਇਆ ਜਾ ਸਕੇ।
Comment here