ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇੜੀ ਨੇ ਲਈ ਪਿਓ ਦੀ ਜਾਨ

ਲੁਧਿਆਣਾ-ਨਸ਼ੇ ਨਾਲ ਪੰਜਾਬ ਦੀ ਜਵਾਨੀ ਦਾ ਉਜਾੜਾ ਵੀ ਜਾਰੀ ਹੈ ਤੇ ਕਰਾਈਮ ਵੀ। ਲੁਧਿਆਣਾ ਦੇ ਪਿੰਡ ਲੱਖਾ ’ਚ ਇਕ ਨਸ਼ੇੜੀ ਨੌਜਵਾਨ ਵੱਲੋਂ ਮਿਰਚਾਂ ਵਾਲਾ ਘੋਟਣਾ ਮਾਰ ਕੇ ਆਪਣੇ ਹੀ ਪਿਤਾ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਨੂੰ ਕਰਮ ਸਿੰਘ ਉਰਫ ਨਿੱਕਾ ਘਰ ’ਚ ਉੱਚੀ ਆਵਾਜ਼ ਵਿਚ ਬੂਫਰ ਲਾ ਕੇ ਗਾਣੇ ਸੁਣ ਰਿਹਾ ਸੀ, ਤਾਂ ਉਸ ਦੇ ਪਿਤਾ ਜਗਰੂਪ ਸਿੰਘ (55) ਨੇ ਸਪੀਕਰ ਦੀ ਆਵਾਜ਼ ਬੰਦ ਕਰ ਕੇ ਸੌਂ ਜਾਣ ਲਈ ਕਿਹਾ ਪਰ ਉਹ ਨਾ ਮੰਨਿਆ ਅਤੇ ਪਿਓ-ਪੁੱਤਰ ’ਚ ਤਕਰਾਰ ਹੋ ਗਿਆ, ਜਿਸ ’ਤੇ ਕਰਮ ਸਿੰਘ ਨੇ ਗੁੱਸੇ ਵਿਚ ਆ ਕੇ ਆਪਣੇ ਪਿਤਾ ਜਗਰੂਪ ਸਿੰਘ ਦੇ ਸਿਰ ’ਚ ਮਿਰਚਾਂ ਕੁੱਟਣ ਵਾਲੇ ਘੋਟਣੇ ਨਾਲ ਵਾਰ ਕਰ ਦਿੱਤੇ, ਜਿਸ ਨਾਲ ਜਗਰੂਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵੱਡੇ ਪੁੱਤਰ ਦਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਤਲ ਕਰਮ ਸਿੰਘ ਉਰਫ ਨਿੱਕਾ ਪੁੱਤਰ ਜਗਰੂਪ ਸਿੰਘ ਵਾਸੀ ਲੱਖਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕ ਜਗਰੂਪ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਐੱਸ. ਐੱਚ. ਓ. ਹਰਦੀਪ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਉਰਫ ਨਿੱਕਾ ਪਿਛਲੇ ਸਾਲ ਆਪਣੀ ਮਾਤਾ ਪਰਮਜੀਤ ਕੌਰ ਦਾ ਵੀ ਕਤਲ ਕਰ ਚੁੱਕਾ ਹੈ ਤੇ ਜੇਲ੍ਹ ’ਚੋਂ ਬਰੀ ਹੋ ਕੇ ਬਾਹਰ ਆਉਣ ਤੋਂ ਬਾਅਦ ਉਸ ਨੇ ਹੁਣ ਆਪਣੇ ਪਿਤਾ ਨੂੰ ਵੀ ਮਾਰ-ਮੁਕਾਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਕਿਹਾ ਹੈ ਕਿ ਜੇ ਸਰਕਾਰ ਤੇ ਪੁਲਸ ਨਸ਼ੇ ਨੂੰ ਠੱਲ ਪਾਵੇ ਤਾਂ ਕਰਾਈਮ ਵੀ ਨਾ ਹੋਣ, ਤੇ ਨਸ਼ੇੜੀ ਵੀ ਬਰਬਾਦ ਹੋਣੋ ਬਚ ਜਾਣ।

Comment here