ਤਰਨਤਾਰਨ/ ਲੁਧਿਆਣਾ-ਨਸ਼ੇ ਦੇ ਮਾਮਲੇ ਚ ਪੁਲਸ ਨੇ ਖੇਤ ਦੀ ਵਾੜ ਕਨੂੰਨੀ ਸ਼ਿਕੰਜੇ ਚ ਲਪੇਟੀ। ਤਰਨਤਾਰਨ ਜ਼ਿਲ੍ਹੇ ਦੀ ਥਾਣਾ ਕੱਚਾ ਪੱਕਾ ਪੁਲਸ ਨੇ ਇਕ ਫ਼ੌਜੀ ਜਵਾਨ ਅਤੇ ਉਸ ਦੇ ਸਾਥੀ ਨੂੰ 2900 ਨਸ਼ੇ ਵਾਲੀਆਂ ਟਰਾਮਾਡੋਲ ਗੋਲ਼ੀਆਂ, ਇਕ ਪਿਸਤੌਲ, 5 ਰੌਂਦ ਅਤੇ ਸਕਾਰਪੀਓ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਇਹ ਫ਼ੌਜੀ ਆਪਣੀ ਸਕਾਰਪੀਓ ਗੱਡੀ ਉੱਪਰ ਪੰਜਾਬ ਪੁਲਸ ਦਾ ਸਟਿੱਕਰ ਲਗਾ ਕੇ ਨਸ਼ੇ ਵਾਲੀਆਂ ਗੋਲ਼ੀਆਂ ਦੀ ਸਪਲਾਈ ਕਰਦਾ ਸੀ। ਮੁਲਜ਼ਮ ਫੌਜੀ ਦਾ ਪਿਤਾ ਵੀ ਫ਼ੌਜ ਤੋਂ ਸੇਵਾ ਮੁਕਤ ਹੋਇਆ ਹੈ ਤੇ ਅੱਜਕਲ ਕਪੂਰਥਲਾ ਜ਼ਿਲ੍ਹੇ ਚ ਪੰਜਾਬ ਪੁਲਸ ’ਚ ਤਾਇਨਾਤ ਹੈ। ਪੁਲਸ ਨੇ ਮੁਲਜ਼ਮ ਦੇ ਪੁਲਸ ਮੁਲਾਜ਼ਮ ਪਿਤਾ ਬਾਰੇ ਵੀ ਪੜਤਾਲ ਆਰੰਭ ਦਿੱਤੀ ਹੈ। ਗ੍ਰਿਫਤਾਰ ਫੌਜੀ ਦੀ ਸ਼੍ਰੀਨਗਰ ਸਥਿਤ ਬਟਾਲੀਅਨ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ।ਓਧਰ ਲੁਧਿਆਣਾ ਚ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਪੰਜਾਬ ਪੁਲਸ ਦੇ ਇਕ ਸਹਾਇਕ ਥਾਣੇਦਾਰ ਨੂੰ 25 ਲੱਖ ਦੀ ਭੁੱਕੀ ਸਮੇਤ ਕਾਬੂ ਕੀਤਾ, ਉਸ ਦੇ ਦੋ ਹੋਰ ਸਾਥੀ ਵੀ ਪੁਲਸ ਦੀ ਗ੍ਰਿਫਤ ਚ ਹਨ।ਪੁਲਸ ਨੂੰ ਇਕ ਮੁਖਬਿਰ ਨੇ ਸੂਚਨਾ ਦਿੱਤੀ ਸੀ ਕਿ ਸਕਾਰਪੀਓ ਗੱਡੀ ‘ਚ ਸਮਰਾਲਾ ਵੱਲੋਂ ਕੁੱਝ ਨਸ਼ਾ ਤਸਕਰ ਭੁੱਕੀ ਦੀ ਵੱਡੀ ਖੇਪ ਲੈ ਕੇ ਲੁਧਿਆਣਾ ਵੱਲ ਜਾ ਰਹੇ ਹਨ। ਇਸ ਤਹਿਤ ਕਾਰਵਾਈ ਕਰਦੇ ਹੋਏ ਨਾਕੇਬੰਦੀ ਦੌਰਾਨ ਇਕ ਗੱਡੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਗੱਡੀ ‘ਚ ਇਕ ਵਿਅਕਤੀ ਥਾਣੇਦਾਰ ਦੀ ਵਰਦੀ ਚ ਬੈਠਾ ਸੀ। ਜਦੋਂ ਪੁਲਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ‘ਚੋਂ ਸਾਢੇ 3 ਕੁਇੰਟਲ ਭੁੱਕੀ ਬਰਾਮਦ ਹੋਈ। ਥਾਣੇਦਾਰ ਦੇ ਨਾਲ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭੁੱਕੀ ਨਾਲ ਕਾਬੂ ਆਇਆ ਥਾਣੇਦਾਰ ਲੁਧਿਆਣਾ ਦੇ ਥਾਣਾ ਡਾਬਾ ‘ਚ ਤਾਇਨਾਤ ਹੈ। ਉਹ ਕਦ ਤੋਂ ਇਸ ਧੰਦੇ ਨਾਲ ਜੁੜਿਆ ਸੀ ਤੇ ਹੋਰ ਸਾਥੀਆਂ ਬਾਰੇ ਵੀ ਹੁਣ ਪੜਤਾਲ ਹੋ ਰਹੀ ਹੈ।
ਨਸ਼ਾ ਸਪਲਾਈ ਦੇ ਦੋਸ਼ ਚ ਫੌਜੀ ਤੇ ਥਾਣੇਦਾਰ ਕਾਬੂ

Comment here