ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ਾ ਲਈ ਘਰ ਦਾ ਸਾਰਾ ਸਾਮਾਨ ਵੇਚਤਾ…

ਲੁਧਿਆਣਾ : ਜਿਸ ਪੰਜਾਬ ਨੂੰ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਉਥੇ ਹੁਣ ਪੰਜ ਦਰਿਆਵਾਂ ਨੂੰ ਪਿਛੇ ਛੱਡ ਛੇਵਾ ਦਰਿਆਂ ਬੜੀ ਤੇਜ਼ੀ ਨਾਲ ਵਗ ਰਿਹਾ ਹੈ, ਜੋ ਹੈ ਨਸ਼ਿਆਂ ਦਾ। ਇਸ ਦਰਿਆ ਨੇ ਪੰਜਾਬ ਨੂੰ ਬਹੁਤ ਪਿੱਛੇ ਲਿਆ ਕਿ ਖੜ੍ਹਾ ਕਰ ਦਿੱਤਾ ਹੈ। ਇੱਥੇ ਤਸਕਰਾਂ ਨੇ ਨੌਜਵਾਨਾਂ ਨੂੰ ਨਸ਼ੇ ’ਤੇ ਲਾਇਆ, ਪਹਿਲਾਂ ਘਰ ਦਾ ਸਾਮਾਨ ਸਸਤੀਆਂ ਕੀਮਤਾਂ ’ਤੇ ਖ਼ਰੀਦਿਆ ਤੇ ਉਸੇ ਦਾ ਨਸ਼ਾ ਵੇਚ ਦਿੱਤਾ। ਹੁਣ ਘਰਾਂ ਦੇ ਘਰ ਖ਼ਾਲੀ ਹੋ ਗਏ ਹਨ ਤੇ ਉਨ੍ਹਾਂ ਖ਼ਾਲੀ ਘਰਾਂ ’ਚ ਮ੍ਰਿਤਕਾਂ ਦੀਆਂ ਬਸ ਫੋਟੋਆਂ ਹੀ ਲਟਕਦੀਆਂ ਮਿਲਦੀਆਂ ਹਨ। ਅਜਿਹੀ ਹੀ ਇਕ ਤਸਵੀਰ ਲੁਧਿਆਣਾ ਦੇ ਸੈਂਸੀ ਮੁਹੱਲੇ ਦੀ ਹੈ। ਇੱਥੋਂ ਦੀ ਭੀਡ਼ੀ ਜਿਹੀ ਗਲ਼ੀ ’ਚ ਟੁੱਟਾ-ਭੱਜਾ ਘਰ ਹੈ, ਇੱਥੋਂ ਦੇ ਨਿਵਾਸੀ ਅਜੇ ਕੁਮਾਰ ਦੀ ਜੁਲਾਈ 2021 ’ਚ ਮੌਤ ਹੋ ਚੁੱਕੀ ਹੈ। ਉਸ ਦੀ ਫੋਟੋ ਸ਼ੈਲਫ ’ਤੇ ਪਈ ਹੈ ਤੇ ਛੇ ਫੁੱਟ ਦੀ ਇਹ ਸ਼ੈਲਫ ਖ਼ਾਲੀ ਪਈ ਹੈ। ਕਾਰਨ ਇਹ ਹੈ ਕਿ ਜਿਸ ਸ਼ੈਲਫ ’ਤੇ ਫੋਟੋ ਪਈ ਹੈ, ਉਸ ’ਤੇ ਪਿਆ ਸਾਮਾਨ ਅਜੇ ਕੁਮਾਰ ਨੇ ਵੇਚ ਦਿੱਤਾ ਤੇ ਮਰਨ ਤੋਂ ਬਾਅਦ ਉਸ ਦੀ ਫੋਟੋ ਉਸ ਖ਼ਾਲੀ ਸ਼ੈਲਫ ’ਤੇ ਰੱਖ ਦਿੱਤੀ ਗਈ। ਹੁਣ ਉਸਦਾ ਛੋਟਾ ਭਰਾ ਵੀ ਨਸ਼ੇ ਕਰਨ ਲੱਗਾ ਹੈ ਤੇ ਘਰ ਦਾ ਸਾਮਾਨ ਚੋਰੀ ਕਰ ਲੈਂਦਾ ਹੈ। ਹੁਣ ਉਹ ਚੋਰੀ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹੈ ਤੇ ਪਰਿਵਾਰ ਦੇ ਲੋਕ ਉਸ ਦੀ ਜ਼ਮਾਨਤ ਤਕ ਨਹੀਂ ਕਰਵਾ ਰਹੇ ਹਨ। ਜਾਣਕਾਰੀ ਦੌਰਾਨ ਪਤਾ ਲੱਗਾ ਕਿ ਇਸੇ ਮੁਹੱਲੇ ’ਚ ਪਿਛਲੇ ਦੋ ਸਾਲ ’ਚ 9 ਲੋਕਾਂ ਦੀ ਮੌਤ ਸਿਰਫ਼ ਨਸ਼ੇ ਕਾਰਨ ਹੀ ਹੋਈ ਹੈ, ਉਨ੍ਹਾਂ ’ਚ ਅਜੇ ਤੋਂ ਇਲਾਵਾ ਰਾਕੇਸ਼ ਸ਼ਰਮਾ ਵੀ ਸ਼ਾਮਲ ਹੈ, ਉਹ ਚਾਰ ਬੱਚਿਆਂ ਦਾ ਬਾਪ ਸੀ, ਮੁਹੱਲੇ ’ਚ ਹੀ ਨਸ਼ਾ ਵੇਚਣ ਵਾਲੇ ਤਸਕਰ ਨੇ ਉਸ ਨੂੰ ਨਸ਼ੇ ’ਤੇ ਲਾ ਦਿੱਤਾ ਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਹੁਣ ਪਤਨੀ ਗੱਡੀਆਂ ’ਚ ਸਾਮਾਨ ਵੇਚਦੀ ਹੈ ਤੇ ਬੱਚੇ ਵੀ ਮਜ਼ਦੂਰੀ ਕਰਨ ਬਾਹਰ ਜਾਂਦੇ ਹਨ। ਉਸ ਦਾ ਇਕ ਪੁੱਤਰ ਪਵਨ ਘਰ ਰਹਿ ਕੇ ਘਰ ਦੀ ਰਖਵਾਲੀ ਕਰਦਾ ਹੈ ਤਾਂਕਿ ਕੋਈ ਸਾਮਾਨ ਹੀ ਨਾ ਚੁੱਕ ਕੇ ਲੈ ਜਾਵੇ। ਇਸੇ ਮੁਹੱਲੇ ’ਚ ਰੱਜੋ ਰਹਿੰਦੀ ਹੈ, ਉਸਦੇ ਪਤੀ ਰਾਜੂ ਦੀ ਮੌਤ 2019 ’ਚ ਹੋ ਗਈ ਸੀ। ਮੁਹੱਲੇ ’ਚ ਹੋ ਰਹੀਆਂ ਮੌਤਾਂ ਦਾ ਮੁੱਦਾ ਉਸ ਨੇ ਹੀ ਹੋਰ ਲੋਕਾਂ ਨਾਲ ਮਿਲ ਕੇ ਉਠਾਇਆ ਸੀ। ਘਰ ਦਾ ਸਾਮਾਨ ਰਾਜੂ ਨੇ ਨਸ਼ੇ ਲਈ ਚੋਰੀ ਕਰ ਕੇ ਵੇਚ ਦਿੱਤਾ। ਹੁਣ ਘਰ ’ਚ ਓਨੇ ਹੀ ਭਾਂਡੇ ਹਨ, ਜਿਸ ’ਚ ਉਹ ਖਾਣਾ ਖਾ ਸਕਣ, ਕੱਪਡ਼ੇ ਵੀ ਪੂਰੇ ਹੀ ਹਨ। ਅਗਸਤ 2021 ’ਚ ਮੁਹੱਲੇ ਦੇ ਲੋਕਾਂ ਨੇ ਨਸ਼ੇ ਖ਼ਿਲਾਫ਼ ਆਵਾਜ਼ ਉਠਾਈ ਸੀ ਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਹੁਣ ਰੱਜੋ ਦਾ ਹੌਸਲਾ ਟੁੱਟ ਗਿਆ ਹੈ। ਉਹ ਕਹਿੰਦੀ ਹੈ ਕਿ ਹੋਣਾ ਤਾਂ ਕੁਝ ਨਹੀਂ ਹੈ, ਨਸ਼ਾ ਇਸੇ ਤਰ੍ਹਾਂ ਵਿਕਦਾ ਰਹਿਣਾ ਹੈ, ਗ਼ਰੀਬਾਂ ਦੇ ਘਰ ਖ਼ਾਲੀ ਹੁੰਦੇ ਰਹਿਣਗੇ ਤੇ ਪੁਲਿਸ ਤੇ ਆਗੂਆਂ ਦੇ ਘਰ ਭਰਦੇ ਰਹਿਣਗੇ। ਇੱਕ ਹੋਰ ਘਟਨਾਂ ਸ਼ਹਿਰ ਦੇ ਸੰਗਲਾਂ ਵਾਲਾ ਸ਼ਿਵਾਲਾ ਦੇ ਇਲਾਕੇ ਦੀ ਹੈ। ਜਿਥੇ ਇਕ ਹੌਜ਼ਰੀ ਕਾਰੋਬਾਰੀ ਨੇ ਆਪਣੇ ਪੁੱਤਰ ਨੂੰ ਖਾਤੇ ’ਚ ਜਮ੍ਹਾਂ ਕਰਵਾਉਣ ਲਈ 30 ਲੱਖ ਰੁਪਏ ਦੇ ਦਿੱਤੇ ਤਾਂਕਿ ਵਿਆਹ ਵੇਲੇ ਕੰਮ ਆ ਸਕਣ। ਕੋਰੋਨਾ ਮਹਾਮਾਰੀ ਆਉਣ ਤੋਂ ਬਾਅਦ ਕੰਮ ’ਚ ਕੁਝ ਕਮੀ ਆਈ ਤਾਂ ਉਸ ਨੇ ਪੁੱਤਰ ਨੂੰ ਕਿਹਾ ਕਿ ਖਾਤੇ ’ਚੋਂ ਕੁਝ ਪੈਸੇ ਕਢਵਾ ਦੇਵੇ ਤਾਂਕਿ ਕੰਮ ਆ ਸਕਣ। ਪੁੱਤਰ ਪੈਸੇ ਖਾਤੇ ’ਚੋਂ ਕਢਵਾਉਣ ਲਈ ਬਹਾਨੇਬਾਜ਼ੀ ਕਰਨ ਲੱਗਾ। ਬਾਅਦ ’ਚ ਸ਼ੱਕ ਹੋਇਆ ਤਾਂ ਪੁੱਤਰ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਪਤਾ ਲੱਗਾ ਕਿ ਪੁੱਤਰ ਨੇ ਨਸ਼ੇ ’ਤੇ ਹੀ 28 ਲੱਖ ਰੁਪਏ ਉਡਾ ਦਿੱਤੇ ਹਨ। ਉਸਦੇ ਸਾਥੀ ਵੀ ਉਸੇ ਤੋਂ ਨਸ਼ਾ ਲੈ ਕੇ ਕਰਦੇ ਸਨ। ਇਸੇ ਗੱਲ ਦਾ ਸਦਮਾ ਪਿਤਾ ਨੂੰ ਲੱਗਾ ਤੇ ਉਨ੍ਹਾਂ ਦੀ ਮੌਤ ਹੋ ਗਈ। ਹੁਣ ਹੌਜ਼ਰੀ ਦਾ ਕੰਮ ਵੀ ਬੰਦ ਹੋ ਗਿਆ ਹੈ ਤੇ ਪੁੱਤਰ ਚਿਕਨ ਦੀ ਦੁਕਾਨ ’ਤੇ ਕੰਮ ਕਰਦਾ ਹੈ। ਪੀਰੂਬੰਦਾ ਸ਼ਹਿਰ ’ਚ ਨਸ਼ੇ ਦਾ ਗਡ਼੍ਹ ਹੈ, ਇੱਥੋਂ ਦੇ ਨਿਵਾਸੀ ਰਾਮ ਚੰਦਰ ਹਲਵਾਈ ਦਾ ਕੰਮ ਕਰਦੇ ਹਨ। ਮਠਿਆਈ ਦੇ ਵਪਾਰੀ ਰਾਮ ਚੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਾ ਕਿ ਨਸ਼ਾ ਪਰਿਵਾਰਾਂ ’ਚ ਕਡ਼ਵਾਹਟ ਪੈਦਾ ਕਰ ਰਿਹਾ ਹੈ। ਇਸ ਲਈ ਹੀ ਉਸ ਨੇ ਨਸ਼ੇ ਖ਼ਿਲਾਫ਼ ਆਵਾਜ਼ ਉਠਾਉਣੀ ਸ਼ੁਰੂ ਕੀਤੀ ਤਾਂ ਤਸਕਰਾਂ ਨੇ ਉਸਦੇ ਬੇਟੇ ਨੂੰ ਹੀ ਨਸ਼ੇ ’ਤੇ ਲਾ ਦਿੱਤਾ। ਬੇਟੇ ਦੀ ਪਿਛਲੇ ਸਾਲ 3 ਅਕਤੂਬਰ ਨੂੰ ਮੌਤ ਹੋ ਚੁੱਕੀ ਹੈ। ਉਹ ਨਸ਼ੇ ਦੀ ਜ਼ਿਆਦਾ ਡੋਜ਼ ਲੈਣ ਲੱਗਾ ਤਾਂ ਸਰੀਰ ’ਚ ਕਈ ਰੋਗ ਲੱਗ ਗਏ ਸਨ। ਰਾਮਚੰਦਰ ਕਹਿੰਦੇ ਹਨ ਕਿ ਉਨ੍ਹਾਂ ਦੀ ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਰਹੇਗੀ।

Comment here