ਨਵੀਂ ਦਿੱਲੀ-ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਰਕੋਟਿਕਸ ਨੂੰ ਲੈ ਕੇ ਬਣੇ ਕੌਮੀ ਤਾਲਮੇਲ ਸੈਂਟਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜਾਂ ਵਿੱਚ ਪੈਨ-ਇੰਡੀਆ ਪੋਰਟਲ ਤਿਆਰ ਕਰਨ, ਕੈਨਾਈਨ (ਕੁੱਤਿਆਂ ਦੀ) ਯੂਨਿਟ, ਫ਼੍ਰੀ ਕਾਲ ਸੈਂਟਰ ਤੇ ਵਿਸ਼ੇਸ਼ ਟਾਸਕ ਫੋਰਸਾਂ ਬਣਾਉਣ ਦੀ ਹਦਾਇਤ ਕੀਤੀ ਹੈ।
ਅਧਿਕਾਰਤ ਬਿਆਨ ਮੁਤਾਬਕ ਮੰਤਰੀ ਨੇ ਮੁਲਕ ਵਿੱਚ ਨਸ਼ਾ ਤਸਕਰੀ ਤੇ ਇਸ ਨਾਲ ਸਿੱਝਣ ਦੇ ਚੌਖਟੇ ’ਤੇ ਨਜ਼ਰਸਾਨੀ ਕੀਤੀ। ਨਾਰਕੋਟਿਕਸ ਤਾਲਮੇਲ ਚੌਖਟੇ ਐੱਨਕੋਰਡ ਦੇ ਸਿਖਰਲੇ ਅਧਿਕਾਰੀਆਂ ਦੀ ਇਹ ਤੀਜੀ ਮੀਟਿੰਗ ਸੀ। ਮੀਟਿੰਗ ਦਾ ਮੁੱਖ ਥੀਮ ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਆਸ਼ੇ ਨੂੰ ਪੂਰਾ ਕਰਨਾ ਸੀ। ਮੀਟਿੰਗ ਸੰਘੀ ਐਂਟੀ-ਨਾਰਕੋਟਿਕਸ ਏਜੰਸੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਰਵਾਈ ਗਈ ਸੀ ਤੇ ਇਸ ਵਿੱਚ ਕੇਂਦਰ ਅਤੇ ਵੱਖ ਵੱਖ ਰਾਜਾਂ ਦੇ ਸਕੱਤਰਾਂ ਤੇ ਪੁਲੀਸ ਮੁਖੀ ਵੀ ਸ਼ਾਮਲ ਸਨ। ਮੀਟਿੰਗ ਦੌਰਾਨ ਸ੍ਰੀ ਸ਼ਾਹ ਨੇ ਐੱਨਸੀਬੀ ਨੂੰ ਹਦਾਇਤ ਕੀਤੀ ਕਿ ਉਹ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਬਣੀਆਂ ਵੱਖ ਵੱਖ ਏਜੰਸੀਆਂ ਜਿਵੇਂ ਪੁਲੀਸ, ਨੀਮ ਫੌਜੀ ਬਲਾਂ, ਸਰਕਾਰੀ ਵਕੀਲਾਂ ਤੇ ਸਿਵਲ ਵਿਭਾਗ ਦੇ ਮੁਲਾਜ਼ਮਾਂ ਨੂੰ ਵਧੇਰੇ ਸਸ਼ੱਕਤ ਬਣਾਉਣ।
Comment here