ਨਸ਼ਾਖੋਰੀ ਦਾ ਗੜ੍ਹ ਬਣੇ ਨਸ਼ਾ ਛੁਡਾਊ ਕੇਂਦਰ
ਲੰਘੇ ਪੰਜ ਵਰਿਆਂ ਚ 108 ਪੁਲਿਸ ਮੁਲਾਜ਼ਮ ਬਰਖ਼ਾਸਤ
ਚੰਡੀਗੜ੍ਹ : ‘‘ਸੂਬੇ ਵਿਚ ਨਸ਼ਾਖੋਰੀ ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਗਏ ਯਤਨ ਮਹਿਜ਼ ਕਾਗ਼ਜ਼ਾਂ ਤਕ ਸੀਮਤ ਰਹਿ ਗਏ ਹਨ। ਜਿਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ ਸਨ ਉਹ ਨਸ਼ਾਖੋਰੀ ਦਾ ਕੇਂਦਰ ਬਣ ਕੇ ਰਹਿ ਗਏ ਹਨ। ਉਥੇ ਆਉਣ ਵਾਲਿਆਂ ਬਾਰੇ ਕੋਈ ਰਿਕਾਰਡ ਨਹੀਂ ਰੱਖਿਆ ਜਾ ਰਿਹਾ। ਨਸ਼ਾ ਛੁਡਾਉਣ ਵਾਲੀਆਂ 6 ਕਰੋੜ ਗੋਲੀਆਂ ਗ਼ਾਇਬ ਹੋ ਚੁੱਕੀਆਂ ਹਨ’’।
ਇਹ ਜਾਣਕਾਰੀ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਡਰੱਗਜ਼ ਮਾਮਲੇ ਵਿਚ ਹੋਈ ਸੁਣਵਾਈ ਦੌਰਾਨ ਇਸ ਮਾਮਲੇ ਵਿਚ ਕੋਰਟ ਮਿੱਤਰ ਨਿਯੁਕਤ ਕੀਤੇ ਗਏ ਵਕੀਲ ਰਾਜੇਸ਼ ਗੁਪਤਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਕੇਂਦਰਾਂ ਵਿਚ ਆਉਣ ਵਾਲੇ ਨਸ਼ੇੜੀਆਂ ਤੇ ਹੋਰਨਾਂ ਬਾਰੇ ਰਿਕਾਰਡ ਰੱਖਣਾ ਚਾਹੀਦਾ ਹੈ। ਸਰਕਾਰ ਵੱਲੋਂ ਮਿਲੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਛੇ ਕਰੋੜ ਬਰੁਫੋਨੋਰਫਿਨ ਨਾਂ ਦੀਆਂ ਗੋਲੀਆਂ ਨਸ਼ਾ ਛੁਡਾਉਣ ਲਈ ਨਸ਼ਾ ਮੁਕਤੀ ਕੇਂਦਰਾਂ ਤੇ ਹੋਰਨਾਂ ਸਿਹਤ ਕੇਂਦਰਾਂ ਵਿਚ ਪਹੁੰਚ ਗਈਆਂ ਹਨ ਪਰ ਸਾਰੀਆਂ ਗੋਲੀਆਂ ‘ਕਿੱਥੇ’ ਗਈਆਂ ਬਾਰੇ ਕੋਈ ਰਿਕਾਰਡ ਨਹੀਂ ਹੈ। ਇਹ ਗੰਭੀਰ ਮੁੱਦਾ ਹੈ। ਅਦਾਲਤ ਵਿਚ ਕੋਰਟ ਮਿੱਤਰ ਵਕੀਲ ਰਾਜੇਸ਼ ਗੁਪਤਾ ਨੂੰ ਇਸ ਸਬੰਧ ਵਿਚ ਦਸਤਾਵੇਜ਼ ਲਿਆਉਣ ਲਈ ਆਖਿਆ ਗਿਆ ਹੈ। ਕੇਂਦਰ ਵੱਲੋਂ ਹਾਈ ਕੋਰਟ ਵਿਚ ਡਰੱਗਜ਼ ਮਾਮਲੇ ਨਾਲ ਸਬੰਧਤ 5 ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਸੀਲਬੰਦ ਹਨ। ਇਕ ਰਿਪੋਰਟ ਬੀਐੱਸਐੱਫ ਵੱਲੋਂ ਬਣਾਈ ਗਈ ਹੈ ਤੇ ਰਿਪੋਰਟ ਨਾਰਕੋਟਿਕ ਕੰਟ੍ਰੋਲ ਬਿਊਰੋ (ਐੱਨਸੀਬੀ) ਦੀ ਤਰਫ਼ੋਂ ਤਿਆਰ ਹੋਈ ਹੈ। ਸੂਬਾ ਸਰਕਾਰ ਨੇ ਹਾਈ ਕੋਰਟ ਵਿਚ ਦੱਸਿਆ ਹੈ ਕਿ ਉਹ ਨਸ਼ੇ ਦੇ ਕਾਰੋਬਾਰ ਵਿਰੁੱਧ ਸਖ਼ਤ ਕਦਮ ਚੁੱਕ ਰਹੀ ਹੈ। ਲੰਘੇ ਪੰਜ ਵਰਿਆਂ ਵਿਚ 2017 ਤੋਂ ਲੈ ਕੇ 2022 ਦਰਮਿਆਨ ਅਜਿਹੇ 108 ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਜਾ ਚੁੱਕਿਆ ਹੈ ਜੋ ਕਿ ਨਸ਼ੇ ਦੇ ਕਾਲੇ ਕਾਰੋਬਾਰ ਵਿਚ ਸ਼ਾਮਲ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਕਿ 2019 ਤੋਂ ਲੈ ਕੇ 2022 ਤਕ ਨਸ਼ੇ ਦੇ ਸਮੱਗਲਰਾਂ ਦੀ 270 ਕਰੋੜ ਦੀ ਜਾਇਦਾਦ ਜ਼ਬਤ ਹੋ ਚੁੱਕੀ ਹੈ। 2017 ਤੋਂ ਲੈ ਕੇ 2022 ਤਕ 559 ਘਾਗ ਸਮੱਗਲਰ ਕਾਬੂ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਕੋਲ 2 ਕਿਲੋ ਜਾਂ ਉਸ ਤੋਂ ਵੱਧ ਦੀ ਹੈਰੋਇਨ ਜ਼ਬਤ ਕੀਤੀ ਗਈ ਸੀ।
Comment here