ਗੁਸਤਾਖੀਆਂ..
-ਅਮਨਦੀਪ ਹਾਂਸ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਐਮ ਐਲ ਏ ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਐਕਸ਼ਨ ਮੋਡ ਚ ਹਨ, ਛਾਪਾਮਾਰੀ ਕਰਨ ਲੱਗੇ ਹਨ। ਹਲਕਾ ਟਾਂਡਾ ਉੜਮੁੜ ਵਿਚ ਬੀ. ਡੀ. ਪੀ. ਓ. ਦਫ਼ਤਰ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਲ ਸਵੇਰੇ ਅਚਣਚੇਤ ਸਵੇਰੇ ਰੇਡ ਕੀਤੀ। ਬੀ. ਡੀ. ਪੀ. ਓ. ਗੈਰ ਹਾਜ਼ਰ ਪਾਏ ਗਏ। ਐਮ ਐਲ ਏ ਸਾਹਿਬ ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਡਿਊਟੀ ਦੌਰਾਨ ਕੋਤਾਹੀ ਵਰਤਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਸਾਰੇ ਸਮੇਂ ਸਿਰ ਡਿਊਟੀ ਤੇ ਪੁੱਜਣ।
ਲੁਧਿਆਣਾ ਸੈਂਟਰਲ ਦੇ ਪੱਪੀ ਪਰਾਸ਼ਰ ਨੇ ਸਿਵਲ ਹਸਪਤਾਲ ‘ਚ ਅਚਨਚੇਤ ਚੈਕਿੰਗ ਕੀਤੀ। ਅਮਰਜੈਂਸੀ ਵਾਰਡ, ਮਹਿਲਾ ਵਾਰਡ, ਪੁਰਸ਼ ਵਾਰਡ ਅਤੇ ਮਦਰ ਐਂਡ ਚਾਈਲਡ ਵਾਰਡ ‘ਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਪੱਪੀ ਪਰਾਸ਼ਰ ਨੇ ਸਿਵਲ ਹਸਪਤਾਲ ‘ਚ ਕਈ ਕਮੀਆਂ ਪਾਈਆਂ। ਸਿਵਲ ਹਸਪਤਾਲ ਅੰਦਰ ਲੱਗੇ ਸਾਰੇ ਵਾਟਰ ਕੂਲਰ ਬੰਦ ਪਏ ਮਿਲੇ। ਹਸਪਤਾਲ ‘ਚ ਕਈ ਥਾਵਾਂ ‘ਤੇ ਗੰਦਗੀ ਪਈ ਹੋਈ ਸੀ। ਜਨਾਬ ਜੀ ਹਸਪਤਾਲ ਦੇ ਅਮਲੇ ਨੂੰ ਸਭ ਠੀਕ ਕਰਨ ਦੀਆਂ ਹਦਾਇਤਾਂ ਦੇ ਕੇ ਗਏ।
ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਵਨਾ ਨੇ ਵੀ ਸਿਵਲ ਹਸਪਤਾਲ ’ਚ ਛਾਪਾ ਮਾਰਿਆ। ਕਈ ਡਾਕਟਰ ਗੈਰ ਹਾਜ਼ਰ ਮਿਲੇ। ਸਵਨਾ ਨੇ ਕਿਹਾ ਕਿ ਅਸੀਂ ਹਸਪਤਾਲ ਦੇ ਸਟਾਫ਼ ਨੂੰ ਸਮੇਂ ਸਿਰ ਹਸਪਤਾਲ ’ਚ ਆਉਣ ਅਤੇ ਸਹੀ ਢੰਗ ਨਾਲ ਆਪਣੀ ਡਿਊਟੀ ਕਰਨ ਦੀ ਅਪੀਲ ਕਰਕੇ ਜਾ ਰਹੇ ਹਾਂ ਅਤੇ ਆਉਣ ਵਾਲੇ ਸਮੇਂ ’ਚ ਜੇਕਰ ਕੋਈ ਡਾਕਟਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਜਾਂ ਲੇਟ ਆਉਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਜੰਡਿਆਲਾ ਗੁਰੂ ਦੇ ਹਰਭਜਨ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਦਾ ਦੌਰਾ ਕੀਤਾ। ਸਟਾਫ਼ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕੁਝ ਮੁਸ਼ਕਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਤੇ ਹੋਰਨਾਂ ਦੇ ਹੱਲ ਲਈ ਵਿਧਾਇਕ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸਰਕਾਰੀ ਹਸਪਤਾਲ ਪਾਤੜਾਂ ਵਿਖੇ ਛਾਪਾ ਮਾਰਿਆ, ਐੱਸ. ਐੱਮ. ਓ. ਨੂੰ ਸ਼ਰਾਬੀ ਹਾਲਤ ‘ਚ ਫੜਿਆ, ਖੂਬ ਹੰਗਾਮਾ ਹੋ ਗਿਆ , ਲੋਕਾਂ ਨੇ ਐਮ ਐਲ ਏ ਸਾਹਿਬ ਨੂੰ ਮੌਕੇ ‘ਤੇ ਪਈਆਂ ਸ਼ਰਾਬ ਦੀਆਂ ਬੋਤਲਾਂ ਦਿਖਾਈਆਂ। ਵਿਧਾਇਕ ਕੁਲਵੰਤ ਸਿੰਘ ਨੇ ਇਥੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਡਿਊਟੀ ਦੌਰਾਨ ਕੋਤਾਹੀ ਵਰਤਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਮੋਗਾ ਜ਼ਿਲ੍ਹੇ ਦੇ ਚਾਰੇ ਆਪ ਵਿਧਾਇਕ ਐਕਸ਼ਨ ਮੋਡ ਚ ਦਿਸੇ- ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮੰਜੀਤ ਸਿੰਘ ਬਿਲਾਸਪੁਰ, ਧਰਮਕੋਟ ਦੇ ਦਵਿੰਦਰਜੀਤ ਸਿੰਘ ਢੋਸ, ਬਾਘਾਪੁਰਾਨਾ ਦੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਤੇ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਮੋਗੇ ਦੇ ਸਿਵਲ ਹਸਪਤਾਲ ਦੇ ਸਾਰੇ ਡਾਕਟਰਾਂ ਨਾਲ ਮੀਟਿੰਗ ਕੀਤੀ। ਇਹਨਾਂ ਨੇ ਕਿਹਾ ਹੈ ਕਿ ਦੇਰੀ ਨਾਲ ਆਉਣ ਵਾਲੇ ਤੇ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਰਿਸ਼ਵਤਖੋਰੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਕ ਹੀ ਸੀਟ ਜਾਂ ਇੱਕ ਹੀ ਦਫ਼ਤਰ ਵਿੱਚ ਲੰਬੇ ਸਮੇਂ ਤੋਂ ਬੈਠੇ ਕਰਮਚਾਰੀਆਂ ਦਾ ਤਬਾਦਲਾ ਕੀਤਾ ਜਾਵੇ। ਸਿਵਲ ਹਸਪਤਾਲ ਵਿੱਚ ਹਰ ਤਰ੍ਹਾਂ ਵਲੋਂ ਮੁੱਢਲੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ।
ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਾਰੇ ਉਮੀਦਵਾਰ ਦੀਪ ਕੰਬੋਜ ਨੇ ਟਰਾਂਸਪੋਰਟ ਦਫ਼ਤਰ ਵਿੱਚ ਛਾਪਾ ਮਾਰਿਆ,ਦੀਪ ਕੰਬੋਜ ਨੇ ਕਿਹਾ ਕਿ ਅੱਜ ਤੋਂ ਬਾਅਦ ਅਬੋਹਰ ਦੇ ਟਰਾਂਸਪੋਰਟ ਦਫ਼ਤਰ ਵਿੱਚ ਰਿਸ਼ਵਤਖੋਰੀ ਬੰਦ ਹੈ। ਰਿਸ਼ਵਤ ਦੇ ਕੇ ਟੈਸਟ ਪਾਸ ਨਹੀਂ ਹੋਏਗਾ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਦੋ-ਟੁਕ ਕਿਹਾ ਕਿ ਅੱਜ ਤੋਂ ਬਾਅਦ ਰਿਸ਼ਵਤਖੋਰੀ ਦੀ ਆਵਾਜ਼ ਵੀ ਆਈ ਤਾਂ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
… ਤੇ ਏਧਰ ਘੀਲਾ ਢਿੱਡ ਫੜੀ ਬੈਠਾ.. ਆਂਹਦਾ- ਹਿਕਮਤ ਕਰਨ ਵਾਲਿਓ ਥੋਨੂੰ ਈ ਨੀ, ਸਾਰੇ ਜਹਾਨ ਨੂੰ ਇਹ ਤਾਂ ਕਦੋੰ ਦਾ ਪਤੈ ਬਈ ਮੇਰਾ ਢਿੱਡ ਦੁੱਖਦੈ, ਮਸਲਾ ਤਾਂ ਇਹ ਐ ਕਿ ਕਿਹੜਾ ਤੇ ਕਦੋਂ ਦਰਦ ਨਿਵਾਰਕ ਚੂਰਨ ਜਾਂ ਫੱਕੀ ਦਿਓਂਗੇ?
Comment here