ਇਸਲਾਮਾਬਾਦ-ਜੀਓ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਆਪਣੇ ਲੰਬਿਤ ਅਦਾਲਤੀ ਮਾਮਲਿਆਂ ਦਾ ਸਾਹਮਣਾ ਕਰਨ ਅਤੇ ਆਮ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰਨ ਲਈ ਪਾਕਿਸਤਾਨ ਪਰਤਣਗੇ। ਨਵਾਜ਼ ਸ਼ਰੀਫ (73) ਨਵੰਬਰ 2019 ਤੋਂ ਬ੍ਰਿਟੇਨ ਵਿੱਚ ਸਵੈ-ਜਲਾਵਤ ਵਿੱਚ ਰਹਿ ਰਹੇ ਹਨ। ਉਸ ਨੂੰ 2018 ਵਿੱਚ ਅਲ-ਅਜ਼ੀਜ਼ੀਆ ਮਿੱਲਜ਼ ਅਤੇ ਐਵੇਨਫੀਲਡ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਹ ਅਲ-ਅਜ਼ੀਜ਼ੀਆ ਮਿਲਜ਼ ਕੇਸ ਵਿੱਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਸੱਤ ਸਾਲ ਦੀ ਸਜ਼ਾ ਕੱਟ ਰਿਹਾ ਸੀ, ਜਿਸ ਦੌਰਾਨ ਉਸਨੂੰ “ਮੈਡੀਕਲ ਆਧਾਰਾਂ” ‘ਤੇ 2019 ਵਿੱਚ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।
ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਦੇਸ਼ ‘ਚ ਨਿਗਰਾਨ ਸਰਕਾਰ ਬਣਦੇ ਹੀ ਉਹ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ ਨੂੰ ਮਿਲਣ ਲਈ ਲੰਡਨ ਜਾਣਗੇ। ਸ਼ਹਿਬਾਜ਼ ਸ਼ਰੀਫ ਨੇ ਦੁਹਰਾਇਆ ਕਿ ਜੇਕਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਚੋਣਾਂ ਜਿੱਤਦੀ ਹੈ ਤਾਂ ਉਨ੍ਹਾਂ ਦੇ ਵੱਡੇ ਭਰਾ ਚੌਥੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਜਾਣਗੇ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਨਿਰਧਾਰਿਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਬੁੱਧਵਾਰ ਨੂੰ ਨੈਸ਼ਨਲ ਅਸੈਂਬਲੀ ਦੇ ਭੰਗ ਹੋਣ ਦੇ ਨਾਲ ਇੱਕ ਕਾਰਜਕਾਰੀ ਸਰਕਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਰਸਮੀ ਤੌਰ ‘ਤੇ ਸ਼ੁਰੂ ਹੋ ਗਈ। ਕੇਅਰਟੇਕਰ ਪ੍ਰਧਾਨ ਮੰਤਰੀ ਦੀ ਨਿਯੁਕਤੀ ਤੱਕ ਸ਼ਹਿਬਾਜ਼ ਸ਼ਰੀਫ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਪਣੇ ਫਰਜ਼ ਨਿਭਾਉਂਦੇ ਰਹਿਣਗੇ।
ਨਵਾਜ਼ ਸ਼ਰੀਫ ਦੀ ਵਾਪਸੀ ਦੀ ਸਹੀ ਤਰੀਕ ਦੱਸੇ ਬਿਨਾਂ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ”ਨਵਾਜ਼ ਸ਼ਰੀਫ ਅਗਲੇ ਮਹੀਨੇ ਪਾਕਿਸਤਾਨ ਪਰਤਣਗੇ ਅਤੇ ਕਾਨੂੰਨ ਦਾ ਸਾਹਮਣਾ ਕਰਨਗੇ ਅਤੇ ਚੋਣ ਮੁਹਿੰਮ ਦੀ ਅਗਵਾਈ ਕਰਨਗੇ।” ਸੰਪੱਤੀ ਛੁਪਾਉਣ ਦੇ ਦੋਸ਼ ‘ਚ 2016 ‘ਚ ਸੁਪਰੀਮ ਕੋਰਟ ਵੱਲੋਂ ਉਮਰ ਭਰ ਲਈ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦਿੱਤਾ। ਦੋਸ਼ੀ ਠਹਿਰਾਏ ਜਾਣ ਵਿਰੁੱਧ ਉਸ ਦੀਆਂ ਅਪੀਲਾਂ ਫਿਲਹਾਲ ਸਬੰਧਤ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ। ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖਾਨ ‘ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ”ਨਵਾਜ਼ ਸ਼ਰੀਫ ਨਾ ਤਾਂ ਟੋਪੀ ਪਹਿਨਣਗੇ ਅਤੇ ਨਾ ਹੀ ਬਾਲਟੀ।” ਜਿਸ ਤਰ੍ਹਾਂ ਇਮਰਾਨ ਖਾਨ ਨੂੰ ਅਦਾਲਤ ‘ਚ ਸੁਣਵਾਈ ਦੌਰਾਨ ਬੁਲੇਟਪਰੂਫ ਹੈਲਮੇਟ ਪਹਿਨਿਆ ਸੀ। ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਪਾਰਟੀ ਅਗਲੀਆਂ ਆਮ ਚੋਣਾਂ ਜਿੱਤੇਗੀ ਅਤੇ ਉਹ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ‘ਚ ਪਾਰਟੀ ਦੇ ਵਰਕਰ ਵਜੋਂ ਕੰਮ ਕਰਨਗੇ।
ਨਵਾਜ਼ ਸ਼ਰੀਫ ਅਗਲੇ ਮਹੀਨੇ ਪਰਤਣਗੇ ਵਤਨ-ਸ਼ਹਿਬਾਜ਼ ਸ਼ਰੀਫ

Comment here