ਸਿਆਸਤਖਬਰਾਂ

ਨਵਜੋਤ ਸਿੱਧੂ ਨੇ ਕੈਪਟਨ, ਜਾਖੜ, ਰਾਵਤ ਦੀ ਮੌਜੂਦਗੀ ਚ ਸੰਭਾਲੀ ਪ੍ਰਧਾਨਗੀ

ਹੱਥ ਮਿਲੇ, ਪਰ ਦਿਲ ਨਹੀਂ ਮਿਲੇ

ਜਾਖੜ ਦਾ ਦਰਦ ਮੰਚ ਤੋਂ ਉਭਰਿਆ

ਬੇਅਦਬੀ, ਨਸ਼ਾ, ਬੇਰੁਜ਼ਗਾਰੀ ਮਾਮਲੇ ਦੀ ਸਿੱਧੂ ਨੇ ਕੀਤੀ ਚਰਚਾ

ਚੰਡੀਗੜ- ਨਵਜੋਤ ਸਿੰਘ ਸਿੱਧੂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ,ਹਰੀਸ਼ ਰਾਵਤ, ਸੁਨੀਲ ਜਾਖੜ ਤੇ ਸਮੁੱਚੀ ਪੰਜਾਬ ਕਾਂਗਰਸ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਪਹਿਲਾਂ ਪੰਜਾਬ ਭਵਨ ਵਿਖੇ 126 ਦਿਨਾਂ ਬਾਅਦ  ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ। ਪੰਜਾਬ ਭਵਨ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਨੇ ਪਹਿਲਾਂ ਕੈਪਟਨ ਨੂੰ ਵੇਖਦਿਆਂ ਅੱਖਾਂ ਫੇਰ ਲਈਆਂ ਤੇ ਅੱਗੇ ਹੋ ਗਏ। ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਵਾਪਸ ਬੁਲਾਇਆ ਤੇ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਕਿਹਾ। ਪ੍ਰੋਗਰਾਮ ਵਿਚ ਸਾਰਿਆਂ ਨੇ ਅਮਰਿੰਦਰ ਦੇ ਪੈਰ ਛੂਹ ਲਏ, ਪਰ ਸਿੱਧੂ ਨੇ ਉਨ੍ਹਾਂ ਦੇ ਪੈਰੀਂ ਹੱਥ ਨਹੀਂ ਲਾਇਆ। ਪੰਜਾਬ ਕਾਂਗਰਸ ਭਵਨ ਪੁੱਜ ਕੈਪਟਨ ਸਟੇਜ ਉੱਤੇ ਨਵਜੋਤ ਸਿੱਧੂ ਲਾਗਲੀ ਸੀਟ ਉੱਤੇ ਬੈਠੇ। ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੀ ਇੰਚਾਰਜ ਹਰੀਸ਼ ਰਾਵਤ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਪਟਨ ਦੀ ਪਤਨੀ ਪ੍ਰਨੀਤ ਕੌਰ ਵੀ ਇਥੇ ਸਟੇਜ ‘ਤੇ ਸਨ। ਸਿੱਧੂ ਤੇ ਕੈਪਟਨ ਇਕੱਠੇ ਬੈਠੇ ਹਨ, ਪਰ ਉਨ੍ਹਾਂ ਗੱਲ ਨਹੀਂ ਕੀਤੀ। ਨਵਜੋਤ ਸਿੱਧੂ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਹਰੇਕ ਵਿਅਕਤੀ ਬੇਅਦਬੀ ਮਾਮਲੇ ‘ਚ ਨਿਆਂ ਚਾਹੁੰਦਾ ਹੈ, ਨਸ਼ਾ ਸਮੱਗਲਰਾਂ ਉੱਪਰ ਕਾਰਵਾਈ ਚਾਹੁੰਦਾ ਹੈ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਤੋਂ ਮਿਲਣ ਦਾ ਸਮਾਂ ਮੰਗਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਸਿੱਧੂ ਨੇ ਕਿਹਾ ਕਿ 15 ਅਗਸਤ ਤੋਂ ਉਨ੍ਹਾਂ ਦਾ ਬੈੱਡ ਕਾਂਗਰਸ ਭਵਨ ‘ਚ ਲੱਗੇਗਾ ਤੇ ਪੰਜਾਬ ਮਾਡਲ ਦਿੱਲੀ ਮਾਡਲ ਦੇ ਪਰਖੱਚੇ ਉਡਾ ਦੇਵੇਗਾ।ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਲਈ ਕੋਈ ਅਹੁਦਾ ਮਸਲਾ ਨਹੀਂ ਰੱਖਦਾ। ਕੈਬਨਿਟ ਅਹੁਦੇ ਤਾਂ ਉਨ੍ਹਾਂ ਵਗਾਹ-ਵਗਾਹ ਮਾਰੇ ਹਨ ਪਰ ਮਸਲਾ ਪੰਜਾਬ ਦਾ ਹੈ। ਪੰਜਾਬ ਦਾ ਕਿਸਾਨ ਅੱਜ ਦਿੱਲੀ ਦੀਆਂ ਸੜਕਾਂ ’ਤੇ ਰੁੱਲ ਰਿਹਾ ਹੈ। ਮਸਲਾ ਈ. ਟੀ. ਟੀ. ਅਧਿਆਪਕਾਂ, ਨਰਸਾਂ ਦਾ ਹੈ, ਜਿਹੜੇ ਅੱਜ ਸੜਕਾਂ ’ਤੇ ਰੁੱਲ ਰਹੇ ਹਨ। ਮਸਲਾ ਟਰੱਕ ਡਰਾਈਵਰਾਂ ਤੇ ਕੰਡਕਟਰਾਂ ਦਾ ਹੈ, ਮਸਲਾ ਮੇਲੇ ਗੁਰੂ ਦਾ ਹੈ। ਸਿੱਧੂ ਨੇ ਕਿਹਾ ਕਿ ਇਹੀ ਮਸਲੇ ਹੱਲ ਕਰਨ ਲਈ ਉਹ ਪ੍ਰਧਾਨ ਬਣੇ ਹਨ ਅਤੇ ਜੇਕਰ ਇਹ ਮਸਲੇ ਹੱਲ ਨਾ ਹੋਏ ਤਾਂ ਇਹ ਪ੍ਰਧਾਨਗੀ ਕਿਸ ਕੰਮ ਦੀ। ਸਿੱਧੂ ਨੇ ਮੰਚ ਤੋਂ ਆਪਣੇ ਪਿਤਾ ਨੂੰ ਵੀ ਯਾਦ ਕੀਤਾ। ਹਰੀਸ਼ ਰਾਵਤ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਸਮਾਗਮ ’ਚ ਪਹੁੰਚਣ ਲਈ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਸਮੇਤ ਸਾਰੀ ਕਾਂਗਰਸੀ ਲੀਡਰਸ਼ਿਪ ਨੂੰ ਵਧਾਈ ਦਿੱਤੀ। ਹਰੀਸ਼ ਰਾਵਤ ਨੇ ਨਵੇਂ ਨਿਯੁਕਤ ਕੀਤੇ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਪਰੰਪਰਾ ਨੂੰ ਅੱਗੇ ਵਧਾ ਕੇ ਚੱਲਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜਵਾਨ ਮੋਢਿਆਂ ’ਤੇ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਸਿੱਧੂ ਸਾਬ੍ਹ ਬਾਖ਼ੂਬੀ ਨਾਲ ਨਿਭਾਉਣਗੇ। ਸਿੱਧੂ ਪੰਜਾਬ ’ਚ ਪੂਰੀ ਤਰ੍ਹਾਂ ਸਮਰਪਿਤ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੇਰ-ਸ਼ੇਰ ਹੀ ਰਹਿੰਦਾ ਹੈ ਅਤੇ ਕਦੇ ਘੋੜਾ ਨਹੀਂ ਹੁੰਦਾ। ਮੈਂ ਇਕ ਗੱਲ ਇਹ ਵੀ ਜਾਣਦਾ ਹਾਂ ਕਿ ਸ਼ੇਰ ਮਨ ਦਾ ਵੀ ਰਾਜਾ ਹੁੰਦਾ ਹੈ, ਇਸ ਕਰਕੇ ਉਸ ਨੂੰ ਰਾਜਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਰਿਵਾਇਤ ਰਹੀ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 2022 ’ਚ ਸਿੱਧੂ ਨਾਲ ਰਲ ਕੇ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ। ਤਾਜਪੋਸ਼ੀ ਸਮਾਗਮ ਵਿਚ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੰਬੋਧਨ ਦੌਰਾਨ ਵੱਡੀਆਂ ਗੱਲਾਂ ਆਖੀਆਂ। ਭਰੇ ਮੰਚ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਵਿਚ ਰੈੱਡ ਕਾਰਪੇਰਟ ਨੇ ਮਾਰ ਲਿਆ ਜਦਕਿ ਸਾਡੀ ਕਾਂਗਰਸ ਨੂੰ ਰੈੱਡ ਟੇਪ ਬਿਊਰੋਕਰੇਸੀ ਨੇ ਮਾਰਿਆ ਹੈ। ਜਾਖੜ ਨੇ ਕਿਹਾ ਕਿ ਸਾਡੇ ਤੋਂ ਸਾਡੀਆਂ ਗੱਲਾਂ ਲੋਕਾਂ ਤਕ ਨਹੀਂ ਪਹੁੰਚਾਈਆਂ ਗਈਆਂ ਅਤੇ ਜਦੋਂ ਤਕ ਵਰਕਰਾਂ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਪੰਜਾਬ ਵਿਚ ਬਾਬੂਆਂ ਦੀ ਨਹੀਂ ਸਗੋਂ ਸਾਡੀ ਸਰਕਾਰ ਹੈ ਉਦੋਂ ਤਕ ਗੱਲ ਨਹੀਂ ਬਣਨੀ। ਜਾਖੜ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕਿਹਾ ਕਿ ਮੇਰਾ ਸਨੇਹਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਲੈ ਕੇ ਜਾਓ ਅਤੇ ਉਨ੍ਹਾਂ ਆਖੋ ਕਿ ਜੇਕਰ ਕਾਂਗਰਸ ਨੇ ਦੁਬਾਰਾ ਉੱਠਣਾ ਹੈ ਤਾਂ ਉਸ ਦਾ ਰਸਤਾ ਪੰਜਾਬ ’ਚੋਂ ਹੋ ਕੇ ਜਾਂਦਾ ਹੈ ਅਤੇ ਪੰਜਾਬ ਦੇ ਕੋਟਕਪੂਰਾ, ਬਹਿਬਲ ਕਲਾਂ ਰਾਹੀਂ ਹੀ ਕਾਂਗਰਸ ਮੁੜ ਦੇਸ਼ ਦੀ ਸੱਤਾ ’ਤੇ ਕਾਬਜ਼ ਹੋ ਸਕਦੀ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਵਿਚ ਰੁੱਸਣ ਦੀ ਰਿਵਾਇਤ ਬਣ ਗਈ ਹੈ। ਰੰਧਾਵਾ ਨਾਲ ਮਲਾਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਸਾਰਿਆਂ ਨੂੰ ਮਨਾਉਂਦੇ ਹੋ ਪਰ ਤੁਹਾਨੂੰ ਜਾਖੜ ਨਹੀਂ ਯਾਦ ਆਇਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਰੁੱਸ ਜਾਂਦੇ ਤੁਸੀਂ ਉਨ੍ਹਾਂ ਨੂੰ ਮਨਾ ਕੇ ਲੈ ਆਉਂਦੇ ਹੋਏ ਅਤੇ ਉਹ ਫਿਰ ਰੁੱਸ ਜਾਂਦੇ ਹਨ। ਇਨ੍ਹਾਂ ਨੇ ਕਾਂਗਰਸ ਦਾ ਤਮਾਸ਼ਾ ਬਣਾ ਦਿੱਤਾ ਹੈ। ਜਾਖੜ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਕਿਸ ਕਿਸ ਨੇ ਅਮਿਤ ਸ਼ਾਹ ਅਤੇ ਕਿਸ ਨੇ ਕੇਜਰੀਵਾਲ ਨਾਲ ਤਾਰਾਂ ਜੋੜ ਕੇ ਰੱਖੀਆਂ ਸਨ ਕਿ ਜਦੋਂ ਲੋੜ ਪਈ ਟਪੂਸੀ ਮਾਰ ਕੇ ਜਾ ਵੜਾਂਗੇ। ਮੰਚ ਤੋਂ ਕੈਪਟਨ ਨੇ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਦੀ ਪਾਕਿਸਾਤਨ ਨਾਲ ਤਾਰ ਜੁੜੀ ਹੋਣ ਦੀ ਗੱਲ ਆਖੀ।

ਸਿਧੂ ਨੂੰ ਪ੍ਰਧਾਨ ਬਣਾਉਣ ਤੇ ਟਿਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਤੈਅ ਕਹਾਣੀ ਅਨੁਸਾਰ ਕੰਮ ਕੀਤਾ ਹੈ ਤਾਂ ਜੋ ਪੰਜਾਬੀਆਂ ਨੁੰ ਮੂਰਖ ਬਣਾਇਆ ਜਾ ਸਕੇ ਅਤੇ ਪਾਰਟੀ ਨੇ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਨੁੰ ਕਿਹਾ ਕਿ ਉਹ ਇਧਰ ਉਧਰ ਦੀਆਂ ਮਾਰਨ ਨਾਲੋਂ ਸਾਰੇ ਵਾਅਦੇ ਪੂਰੇ ਕਰਨ ਵਾਸਤੇ ਪੰਜਾਬੀਆਂ ਨੂੰ ਸਮਾਂ ਹੱਦ ਦੱਸਦੇ। ਅਕਾਲੀ ਦਲ ਨੇ ਅਹੁਦਾ ਛੱਡ ਰਹੇ ਪ੍ਰਧਾਨ ਸੁਨੀਲ ਜਾਖੜ ਵੱਲੋਂ 2022 ਵਿਚ ਕਾਂਗਰਸ ਦੀ ਮੁੜ ਜਿੱਤ ਦਾ ਰਾਹ ਬੇਅਦਬੀ ਨਾਲ ਸਬੰਧਤ ਥਾਵਾਂ ਬਰਗਾੜੀ ਤੇ ਬਹਿਬਲ ਕਲਾਂ ਤੋਂ ਲੰਘਦਾ ਹੋਣ ਦੀ ਗੱਲ ਕਹਿਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਤੋਂ ਵੱਡਾ ਸਬੂਤ ਨਹੀਂ ਹੋ ਸਕਦਾ ਕਿ ਕਾਂਗਰਸ ਨੇ ਇਸ ਮਾਮਲੇ ’ਤੇ 2017 ਵਿਚ ਆਮ ਆਦਮੀ ਪਾਰਟੀ ਨਾਲ ਰਲ ਕੇ ਰਾਜਨੀਤੀ ਕੀਤੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਤੋਂ ਇਹ ਖ਼ਤਰਨਾਕ ਖੇਡ ਖੇਡਣਾ ਚਾਹੁੰਦੀ ਹੈ। ਪਾਰਟੀ ਨੇ ਕਿਹਾ ਕਿ ਜਾਖੜ ਨੇ ਉਹੀ ਦੁਹਰਾਇਆ ਹੈ ਜੋ ਇਕ ਮਹੀਨਾ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਤੇ ਮੁੱਖ ਮੰਤਰੀ ਨੂੰ ਹਦਾਇਤ ਕੀਤੀ ਸੀ ਕਿ ਬੇਅਦਬੀ ਕੇਸਾਂ ਵਿਚ ਬਾਦਲ ਪਰਿਵਾਰ ਨੁੰ ਫਸਾ ਦਿੱਤਾ ਜਾਵੇ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵੇਂ ਨਿਯੁਕਤ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਸੂਬੇ ਦੇ ਲੋਕਾਂ ਨੁੰ ਧੋਖਾ ਦੇਣ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸਿੱਧੂ ਤੇ ਮੁੱਖ ਮੰਤਰੀ ਵਿਚਾਲੇ ਲੜਾਈ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਇਹ ਡਰਾਮਾ ਖੇਡਿਆ ਗਿਆ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਬਦਲ ਕੇ ਪਾਰਟੀ ਦੇ ਡੁਬਦੇ ਬੇੜੇ ਨੁੰ ਬਚਾਉਣ ਦਾ ਯਤਨ ਕੀਤਾ ਗਿਆ ਤੇ ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਦੋ ਮਹੀਨੇ ਲੰਬਾ ਡਰਾਮਾ ਖੇਡਿਆ ਗਿਆ। ਡਾ. ਚੀਮਾ ਨੇ ਕਿਹਾ ਕਿ ਸਿੱਧੂ ਨੁੰ ਵਿਰੋਧੀ ਧਿਰ ਦੇ ਨੇਤਾ ਦੀ ਥਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਪੇਸ਼ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਤਾਂ ਵਿਰੋਧੀ ਧਿਰ ਨੇਤਾ ਵਜੋਂ ਕਿਸਾਨਾਂ, ਅਧਿਆਪਕਾਂ ਤੇ ਡਾਕਟਰਾਂ ਦੀਆਂ ਮੁਸ਼ਕਿਲਾਂ ਦੀ ਗੱਲ ਕਰ ਰਹੇ ਹਨ ਜਦਕਿ ਉਹ ਇਹਨਾਂ ਮਸਲਿਆਂ ਦੇ ਹੱਲ ਦੀ ਗੱਲ ਕਰਨ ਤੋਂ ਇਨਕਾਰੀ ਹਨ। ਉਹਨਾਂ ਕਿਹਾ ਕਿ ਸਿੱਧੂ ਨੇ ਮੁਸ਼ਕਿਲਾਂ ਬਾਰੇ ਤਾਂ ਫਲੈਸ਼ ਖਬਰ ਦੇ ਦਿੱਤੀ ਪਰ ਪ੍ਰਦੇਸ਼ ਕਾਂਗਰਸ ਦਫਤਰ ਦੀ ਛੱਤ ’ਤੇ ਬੈਠੇ ਅਧਿਆਪਕਾਂ ਬਾਰੇ ਖਬਰ ਦੱਸਣ ਤੋਂ ਰਹਿ ਗਏ।

Comment here