ਸਿਆਸਤਖਬਰਾਂਚਲੰਤ ਮਾਮਲੇ

ਨਵਜੋਤ ਮੀਡੀਆ ਤੋਂ ਅੱਖ ਬਚਾਅ ਕੇ ਨਿਕਲੇ, ਅਸਤੀਫੇ ਤੇ ਸਸਪੈਂਸ ਕਾਇਮ

ਹਾਈਕਮਾਂਡ ਮਨਾਉਣ ਦੇ ਰੌਅ ਚ ਨਹੀਂ

ਵਿਸ਼ੇਸ਼ ਰਿਪੋਰਟ- ਜਸ਼ਨਪ੍ਰੀਤ

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਹਨ, ਸਿਆਸੀ ਸਰਗਰਮੀ ਤੋਂ ਵੀ ਦੂਰ ਹੀ ਹਨ, ਪਰ ਲੰਘੇ ਦਿਨ ਯੂ ਪੀ ਦੇ ਲਖੀਮਪੁਰ ਖੀਰੀ ਚ ਵਾਪਰੀ ਘਟਨਾ ਦੇ ਰੋਸ ਵਜੋਂ ਉਹਨਾਂ ਨੇ ਸਾਥੀ ਕਾਂਗਰਸੀਆਂ ਦੇ ਨਾਲ ਰਾਜਭਵਨ ਮੂਹਰੇ ਧਰਨਾ ਮਾਰਿਆ ਸੀ, ਜਿਥੋਂ ਉਹਨਾਂ ਨੂੰ ਪੁਲਸ ਨੇ ਹਿਰਾਸਤ ਚ ਲੈ ਲਿਆ ਸੀ, ਇਥੋਂ ਪੁਲਸ ਤੋਂ ਰਿਹਾਅ ਹੋਣ ਮਗਰੋਂ ਘਰ ਵਾਪਸੀ ਮੌਕੇ ਨਵਜੋਤ ਸਿੰਘ ਸਿੱਧੂ ਹਲਕਾ ਰਾਜਪੁਰਾ ਵਿਖੇ ਪੀਆਰਟੀਸੀ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ ਦੇ ਨਿੱਜੀ ਦਫਤਰ ਈਗਲ ਮੋਟਲ ਵਿਖੇ ਪਹੁੰਚੇ। ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ। ਇਸ ਮੌਕੇ ਪੂਰੀ ਕਾਹਲੀ ਦੇ ਨਾਲ ਨਵਜੋਤ ਸਿੰਘ ਸਿੱਧੂ ਆਪਣੀ ਕਾਰ ਵਿਚੋਂ ਹੋਟਲ ਅੰਦਰ ਗਏ ਤੇ ਅੰਦਰ ਖਾਣਾ ਵੀ ਖਾਧਾ ਪਰ ਜਦੋਂ ਹੋਟਲ ਤੋਂ ਬਾਹਰ ਨਿੱਕਲੇ ਤਾਂ ਅੱਗੇ ਉਨ੍ਹਾਂ ਨੂੰ ਸਵਾਲ ਕਰਨ ਦੇ ਲਈ ਕਈ ਪੱਤਰਕਾਰ  ਉਡੀਕ ’ਚ ਸੀ, ਪਰ ਨਵਜੋਤ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਟਾਲਾ ਵੱਟਦਿਆਂ ਉਥੋਂ ਬਿਨਾਂ ਗੱਲਬਾਤ ਕੀਤੇ ਲੰਘਣਾ ਹੀ ਮੁਨਾਸਿਬ ਸਮਝਿਆ।

ਇਸ ਦਰਮਿਆਨ ਇਹ ਚਰਚਾ ਹੋ ਰਹੀ ਹੈ ਕਿ ਅਸਲ ਵਿੱਚ ਕਾਂਗਰਸ ਹਾਈਕਮਾਨ ਨੇ ਸਿੱਧੂ ਦੇ ਅਸਤੀਫੇ ਬਾਰੇ ਹਾਲੇ ਤਕ ਕੋਈ ਫੈਸਲਾ ਨਹੀਂ ਲਿਆ, ਤੇ  ਪਾਰਟੀ ਨੇ ਸਿੱਧੂ ਦੇ ਅਸਤੀਫ਼ੇ ਨੂੰ ਹੋਲਡ ’ਤੇ ਰੱਖ ਦਿੱਤਾ ਹੈ। ਪਾਰਟੀ ਵੱਲੋਂ ਸਿੱਧੂ ਨੂੰ ਮਨਾਉਣ ਦੇ ਸਾਰੇ ਯਤਨ ਹਾਲੇ ਤਕ ਅਸਫ਼ਲ ਸਾਬਤ ਹੋਏ ਹਨ ਜਿਸ ਨੂੰ ਦੇਖਦੇ ਹੋਏ ਪਾਰਟੀ ਦੇ ਵੱਲੋਂ ਸਿੱਧੂ ਨੂੰ ਮਨਾਉਣ ਦਾ ਹੁਣ ਕੋਈ ਠੋਸ ਯਤਨ ਵੀ ਨਹੀਂ ਕੀਤਾ ਜਾ ਰਿਹਾ ਹੈ। ਇਹਨਾਂ ਕਾਰਨਾਂ ਕਰਕੇ ਸਿੱਧੂ ਮੀਡੀਆ ਤੋਂ ਅੱਖ ਬਚਾਅ ਕੇ ਨਿਕਲ ਜਾਂਦੇ ਹਨ। ਓਧਰ ਪਾਰਟੀ ਨੇ ਆਪਣੇ ਇਕ ਅਬਜ਼ਰਵਰ ਹਰੀਸ਼ ਚੌਧਰੀ ਨੂੰ ਚੰਡੀਗੜ੍ਹ ਵਿਚ ਹੀ ਬਿਠਾ ਰੱਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਲੰਬੇ ਸਮੇਂ ਤਕ ਸਿੱਧੂ ਦਾ ਅਸਤੀਫ਼ਾ ਵਾਪਸ ਲੈਣ ਦਾ ਇੰਤਜ਼ਾਰ ਕਰਨ ਵਾਲੀ ਨਹੀਂ ਹੈ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਮੌਜੂਦਾ ਰਾਜਨੀਤਕ ਹਲਾਤਾਂ ’ਚ ਪਾਰਟੀ ਲੰਬੇ ਸਮੇਂ ਤਕ ਇੰਤਜ਼ਾਰ ਨਹੀਂ ਕਰ ਸਕਦੀ ਹੈ, ਕਿਉਂਕਿ ਸਿੱਧੂ ਨੇ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਦਿੱਤਾ ਹੈ, ਇਸ ਲਈ ਆਖ਼ਰੀ ਫੈਸਲਾ ਉਨ੍ਹਾਂ ਨੇ ਹੀ ਲੈਣਾ ਹੈ। ਪਰੰਤੂ ਸਿੱਧੂ ਅਗਰ ਇਕ ਹਫ਼ਤੇ ਤਕ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਂਦੇ ਤਾਂ ਪਾਰਟੀ ਨੂੰ ਆਖਰੀ ਨਿਰਣਾ ਲੈ ਕੇ ਨਵੇਂ ਪ੍ਰਧਾਨ ਦੀ ਤਲਾਸ਼ ਸ਼ੁਰੂ ਕਰਨੀ ਹੋਵੇਗੀ। ਪੰਜਾਬ ਇੰਚਾਰਜ ਹਰੀਸ਼ ਰਾਵਤ ਅਤੇ ਅਬਜ਼ਰਵਰ ਹਰੀਸ਼ ਚੌਧਰੀ ਨੇ ਵੀ ਪਾਰਟੀ ਹਾਈਕਮਾਨ ਨੂੰ ਦੱਸ ਦਿੱਤਾ ਹੈ ਕਿ ਸਿੱਧੂ ਦੀ ਮੰਗ ਜਾਇਜ਼ ਨਹੀਂ ਹੈ। ਕਿਉਂਕਿ ਸੰਗਠਨ ’ਚ ਰਹਿ ਕੇ ਇਸ ਤਰ੍ਹਾਂ ਦੀ ਜ਼ਿਦ ਨਹੀਂ ਕੀਤੀ ਜਾ ਸਕਦੀ। ਉਹ ਵੀ ਉਸ ਸਮੇਂ ਜਦੋਂ ਉਹ ਸੂਬਾ ਪ੍ਰਧਾਨ ਦੀ ਕੁਰਸੀ ’ਤੇ ਬੈਠੇ ਹੋਣ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਸੰਗਠਨ ਨੂੰ ਆਪਣਾ। ਇਹੋ ਕਾਰਨ ਹੈ ਕਿ ਹਾਈਕਮਾਨ ਨੇ ਹਾਲੇ ਤਕ ਹਰੀਸ਼ ਰਾਵਤ ਨੂੰ ਚੰਡੀਗੜ੍ਹ ਨਹੀਂ ਭੇਜਿਆ ਹੈ। ਜਦਕਿ ਪਹਿਲਾਂ ਸਿੱਧੂ ਜਦ ਵੀ ਅਸਹਿਜ ਮਹਿਸੂਸ ਕਰਦੇ ਸਨ ਤਾਂ ਹਰੀਸ਼ ਰਾਵਤ ਉਤਰਾਖੰਡ ਤੋਂ ਚੰਡੀਗੜ੍ਹ ਪੁੱਜਣ ’ਚ ਦੇਰ ਨਹੀਂ ਲਾਉਂਦੇ ਸਨ। ਪਰੰਤੂ ਸਿੱਧੂ ਦੇ ਅਸਤੀਫ਼ਾ ਦੇਣ ਤੋਂ ਬਾਅਦ ਇਕ ਵਾਰ ਵੀ ਰਾਵਤ ਨੇ ਚੰਡੀਗੜ੍ਹ ਦਾ ਦੌਰਾ ਨਹੀਂ ਕੀਤਾ। ਪਾਰਟੀ ਦੇ ਉੱਚ ਸੂਤਰ ਦੱਸਦੇ ਹਨ ਕਿ ਜੇਕਰ ਸਿੱਧੂ ਦੇ ਦਬਾਅ ’ਚ ਪਾਰਟੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਡੀਜੀਪੀ ਅਤੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਦਬਾਅ ਬਣਾਉਂਦੀ ਹੈ, ਤਾਂ ਇਸ ਨਾਲ ਲੋਕਾਂ ’ਚ ਚੰਗਾ ਸੰਦੇਸ਼ ਨਹੀਂ ਜਾਵੇਗਾ। ਪਾਰਟੀ ਨੇ ਜੋ ਐੱਸਸੀ ਮੁੱਖ ਮੰਤਰੀ ਦਾ ਪੱਤਾ ਖੇਡਿਆ ਹੈ, ਉਸ ਦਾ ਅਸਰ ਵੀ ਘੱਟ ਹੋ ਜਾਵੇਗਾ, ਕਿਉਂਕਿ ਫਿਰ ਇਹ ਸੰਕੇਤ ਜਾਵੇਗਾ ਕਿ ਪਾਰਟੀ ਨੇ ਇਕ ਡਮੀ ਮੁੱਖ ਮੰਤਰੀ ਬਣਾਇਆ ਹੈ ਅਤੇ ਅਸਲੀ ਪਾਵਰ ਸਿੱਧੂ ਦੇ ਹੱਥ ਵਿਚ ਹੈ। ਇਸ ਨਾਲ ਸਰਕਾਰ ਕਮਜ਼ੋਰ ਹੋਵੇਗੀ। ਇਹੋ ਕਾਰਨ ਹੈ ਕਿ ਕਾਂਗਰਸ ਨੇ ਸਾਰਾ ਦਾਰੋਮਦਾਰ ਸਿੱਧੂ ’ਤੇ ਹੀ ਛੱਡ ਦਿੱਤਾ ਹੈ। ਜੇਕਰ ਉਹ ਆਪਣਾ ਅਸਤੀਫ਼ਾ ਵਾਪਸ ਲੈਂਦੇ ਹਨ ਤਾਂ ਪਾਰਟੀ ਉਨ੍ਹਾਂ ਦਾ ਸਵਾਗਤ ਕਰੇਗੀ। ਜੇਕਰ ਉਹ ਅਸਤੀਫ਼ਾ ਵਾਪਸ ਨਹੀਂ ਲੈਂਦੇ ਤਾਂ ਕਾਂਗਰਸ ਨਵੇਂ ਪ੍ਰਧਾਨ ਦੀ ਤਲਾਸ਼ ਸ਼ੁਰੂ ਕਰ ਦੇਵੇਗੀ।

Comment here