ਕੋਠੇ ਚਾੜ ਕੇ ਯਾਰ ਨੂੰ ਪਿਛੋਂ ਪੌੜੀ ਦਿੰਦੀਆਂ ਚਕ
ਲੱਥੀ ਹੱਥ ਨਾ ਆਵੰਦੀ, ਦਾਨਿਸ਼ਮੰਦਾਂ ਦੀ ਪੱਤ।
ਅੱਜ ਨਵਜੋਤ ਸਿੱਧੂ ਦੇ ਕਰੀਬੀਆਂ ਦੀ ਹਾਲਤ ਵੀ ਉਸ ਯਾਰ ਵਰਗੀ ਹੋਈ ਪਈ ਹੈ, ਜੀਹਦੀ ਮਸ਼ੂਕ ਨੇ ਕੋਠੇ ਚਾੜ ਕੇ ਮਗਰੋਂ ਪੌੜੀ ਚੱਕ ਲਈ ਹੋਵੇ..
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਪੀਲੂ ਦੇ ਕਿੱਸਾ ਮਿਰਜੇ ਦੀਆਂ ਇਹ ਸਤਰਾਂ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਸਤੀਫੇ ਬਾਰੇ ਟਿਪਣੀ ਕਰਦਿਆਂ ਟਵੀਟ ਕੀਤੀਆਂ ਨੇ। ਸਿਧੂ ਦੇ ਅਸਤੀਫੇ ਨੇ ਨਵੇਂ ਬਣੇ ਮੁੱਖ ਮੰਤਰੀ, ਤੇ ਮੰਤਰੀਆਂ ਦੀਆਂ ਖੁਸ਼ੀਆਂ ਫਿੱਕੀਆਂ ਕਰਕੇ ਰੱਖ ਦਿੱਤੀਆਂ ਨੇ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਕੁਝ ਬੰਦਿਆਂ ਨੇ ਸਿਰ ਚ ਸਵਾਹ ਪਾਉਣੀ ਹੁੰਦੀ ਹੈ, ਨਾਲ ਹੀ ਕਿਹਾ ਕਿ ਹੁਣ ਕਿਸੇ ਨੂੰ ਨਹੀਂ ਮਨਾਇਆ ਜਾਵੇਗਾ। ਅਕਾਲੀ ਆਗੂ ਸੁਖਬੀਰ ਬਾਦਲ ਨੇ ਕਿਹਾ ਕਿ ਸਿਧੂ ਮਿਸ ਗਾਈਡਿਡ ਮਿਜਾਈਲ ਪਹਿਲਾਂ ਕੈਪਟਨ ਤੇ ਡਿਗੀ, ਹੁਣ ਕਾਂਗਰਸ ਤੇ ਹੀ ਡਿੱਗੀ ਹੈ। ਭਾਜਪਾਈ ਵੀ ਤਿਖੀਆਂ ਟਿਪਣੀਆਂ ਕਰ ਰਹੇ ਹਨ।
ਓਧਰ ਨਵਜੋਤ ਨੇ ਕਿਹਾ ਹੈ ਕਿ ਮੈਂ ਪੰਜਾਬ ਦੇ ਭਵਿਖ ਨਾਲ ਸਮਝੌਤਾ ਨਹੀਂ ਕਰ ਸਕਦਾ, ਸਮਝੌਤੇ ਦੇ ਨਾਲ ਹੀ ਇਨਸਾਨ ਦੇ ਕਿਰਦਾਰ ਦਾ ਪਤਨ ਸ਼ੁਰੂ ਹੋ ਜਾਂਦਾ ਹੈ, ਇਸ ਲਈ ਮੈਂ ਕਾਂਗਰਸ ਦਾ ਪੰਜਾਬ ਪ੍ਰਧਾਨ ਦਾ ਅਹੁਦਾ ਛਡਦਾ ਹਾਂ, ਕਾਂਗਰਸ ਦੀ ਸੇਵਾ ਅੱਗੇ ਵੀ ਕਰਦਾ ਰਹਾਂਗਾ..। ਇਸ ਮਗਰੋਂ ਕਾਂਗਰਸ ਦੇ ਬਹੁਤੇ ਨੇਤਾ ਟਿਪਣੀਆਂ ਕਰਦੇ ਬਚੇ, ਪਰ ਮਨੀਸ਼ ਤਿਵਾੜੀ ਦੇ ਟਵੀਟ ਨੇ ਨਵਜੋਤ ਸਿਧੂ ਦੀ ਹੁਣ ਤਕ ਦੀ ਸਿਆਸੀ ਕਾਰਗੁਜਾਰੀ ਤੇ ਸਟੀਕ ਟਿਪਣੀ ਕਰਕੇ ਸਿਧੂ ਤੇ ਭਰੋਸਾ ਕਰਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਸ਼ਖਸ ਆਖਰ ਚਾਹੁੰਦਾ ਕੀ ਹੈ..
ਇਸ ਦੇ ਨਾਲ ਹੀ ਸਿੱਧੂ ਦੇ ਕਰੀਬੀ ਖਜਾਨਚੀ ਗੁਲਜ਼ਾਰ ਇੰਦਰ ਚਹਿਲ ਨੇ ਵੀ ਅਸਤੀਫਾ ਦੇ ਦਿੱਤਾ ਹੈ, ਉਹਨਾਂ ਨੂੰ ਵੀ ਪਾਰਟੀ ਦਾ ਖਜਾਨਚੀ ਸਿਧੂ ਨੇ ਹੀ ਨਿਯੁਕਤ ਕੀਤਾ ਸੀ।
ਚਰਚਾ ਹੋ ਰਹੀ ਹੈ ਕਿ ਨਵਜੋਤ ਸਿੱਧੂ ਰਾਣਾ ਗੁਰਜੀਤ ਨੂੰ ਮੰਤਰੀ ਲਾਉਣ ਦੇ ਹੱਕ ਚ ਨਹੀਂ ਸੀ, ਸੈਣੀ ਦੇ ਵਕੀਲ ਏ ਪੀ ਐਸ ਦਿਓਲ ਨੂੰ ਐਡਵੋਕੇਟ ਜਨਰਲ ਲਾਉਣ ਤੋਂ ਨਰਾਜ਼ ਹਨ, ਕਿਸੇ ਦਾ ਕਹਿਣਾ ਹੈ ਕਿ ਚੰਨੀ ਵਜਾਰਤ ਵਲੋਂ ਵੀ 18 ਨੁਕਾਤੀ ਏਜੰਡੇ ਤੇ ਕੰਮ ਨਾ ਹੋਣ ਦੀ ਨਿਰਾਸ਼ਾ ਕਰਕੇ ਸਿਧੂ ਨੇ ਪ੍ਰਧਾਨਗੀ ਛੱਡੀ ਹੈ। ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਅਸੀਂ ਸਿਧੂ ਦਾ ਅਸਤੀਫਾ ਵਾਪਸ ਕਰਾਂਵਾਂਗੇ। ਰਾਜਾ ਵੜਿੰਗ ਨੇ ਕਿਹਾ ਹੈ ਕਿ ਅਸੀਂ ਗੱਲ ਕਰਾਂਗੇ, ਸਾਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੋਇਆ। ਮੁੱਖ ਮੰਤਰੀ ਨੇ ਵੀ ਕਿਹਾ ਹੈ ਕਿ ਅਸੀਂ ਸਿੱਧੂ ਨਾਲ ਗੱਲ ਕਰਾਂਗੇ। ਪਰ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਪੰਜਾਬ ਕਾਂਗਰਸ ਚ ਕੇਰਾਂ ਫੇਰ ਤਰਥੱਲੀ ਮਚ ਗਈ ਹੈ। ਮੁਖ ਮੰਤਰੀ ਚੰਨੀ ਨੇ ਹੰਗਾਮੀ ਬੈਠਕ ਸੱਦ ਲਈ ਹੈ। ਸਿਧੂ ਨਾਲ ਵੀ ਪਟਿਆਲਾ ਚ ਉਸ ਦੇ ਘਰ ਐਮ ਐਲ ਏ ਪਹੁੰਚ ਰਹੇ ਹਨ, ਗੱਲਬਾਤ ਕਰ ਰਹੇ ਹਨ, ਚੰਨੀ ਵੀ ਕਿਸੇ ਵੀ ਵੇਲੇ ਸਿੱਧੂ ਨਾਲ ਗੱਲ ਕਰ ਸਕਦੇ ਹਨ।
Comment here