ਆਪਣੇ ਹਲਕੇ ਚ ਵਿਰੋਧ ਦਾ ਸ਼ਿਕਾਰ ਹੋਏ ਨਵਜੋਤ
ਅੰਮ੍ਰਿਤਸਰ- ਪੰਜਾਬ ਕਾਂਗਰਸ ਦੇ ਕਲੇਸ਼ ਦੇ ਖਾਤਮੇ ਦੀ ਹਾਲੇ ਕੋਈ ਸੂਹ ਨਹੀਂ ਮਿਲ ਰਹੀ। ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦੇ ਤੇਵਰਾਂ ‘ਚ ਕੋਈ ਫਰਕ ਨਹੀਂ ਆ ਰਿਹਾ। ਉਨ੍ਹਾਂ ਵਲੋਂ ‘ਟਵੀਟ ਬੰਬਾਰਮੈਂਟ ਜਾਰੀ ਹੈ। ਨਵਜੋਤ ਸਿੱਧੂ ਨੇ ਹੁਣ ਬਿਜਲੀ ਦਰਾਂ ਸਬੰਧੀ ਦੋ ਤਾਜ਼ਾ ਟਵੀਟ ਕੀਤੇ ਹਨ- ਪਹਿਲੇ ਟਵੀਟ ਵਿੱਚ ਲਿਖਿਆ ਹੈ, ‘ਪੰਜਾਬ ਸਰਕਾਰ ਨੂੰ ਜਨਤਕ ਹਿੱਤ ਵਿੱਚ ਪੀਐਸਈਆਰਸੀ ਨੂੰ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਕਿ ਉਹ ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਅਦਾ ਕੀਤੇ ਜਾ ਰਹੇ ਟੈਰਿਫ ਵਿੱਚ ਸੋਧ ਕਰੇ। ਨੁਕਸਦਾਰ ਪੀਪੀਏ ਨੂੰ ਸਿਫ਼ਰ ਐਲਾਨਿਆ ਜਾਵੇ। ਨੁਕਸਦਾਰ ਪੀਪੀਏ ਨੂੰ ਖਤਮ ਕਰਨ ਤੇ ਨਵਾਂ ਕਾਨੂੰਨ ਲਿਆਉਣ ਲਈ ਪੰਜ ਤੋਂ ਸੱਤ ਦਿਨਾਂ ਦਾ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ। ਇੱਕ ਹੋਰ ਟਵੀਟ ਵਿੱਚ ਲਿਖਿਆ,’ਇਸ ਨਾਲ ਪੰਜਾਬ ਸਰਕਾਰ ਨੂੰ ‘ਜਨਰਲ ਸ਼੍ਰੇਣੀ’ ਸਮੇਤ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਘਰੇਲੂ ਟੈਰਿਫ 3 ਰੁਪਏ ਪ੍ਰਤੀ ਯੂਨਿਟ ਤੇ ਉਦਯੋਗ 5 ਰੁਪਏ ਪ੍ਰਤੀ ਯੂਨਿਟ… ਇਸ ਨਾਲ ਸਾਰੇ ਬਕਾਇਆ ਬਿੱਲਾਂ ਦੇ ਨਿਬੇੜੇ ਤੇ ਬੇਲੋੜੇ ਬਿੱਲਾਂ ਨੂੰ ਮੁਆਫ ਕਰਨ ਵਿੱਚ ਸਹਾਇਤਾ ਮਿਲੇਗੀ।
ਆਪਣੇ ਹਲਕੇ ਚ ਵਿਰੋਧ ਦਾ ਸਾਹਮਣਾ
ਅੱਜ ਨਵਜੋਤ ਆਪਣੇ ਵਿਧਾਨ ਸਭਾ ਹਲਕੇ ਪੂਰਬੀ ਅੰਮ੍ਰਿਤਸਰ ‘ਚ ਸੌ ਫੁੱਟੀ ਰੋਡ ਸਥਿਤ ਰਾਮ ਮੰਦਰ ਦੇ ਬਾਹਰ ਬਣ ਰਹੇ ਗੇਟ ਦੇ ਕੰਮ ਦਾ ਉਦਘਾਟਨ ਕਰਨ ਪਹੁੰਚੇ। ਇਸ ਦੌਰਾਨ ਕੁਝ ਦੁਕਾਨਦਾਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡ ਦੀ ਕੌਂਸਲਰ ਦਲਬੀਰ ਕੌਰ ਦਾ ਪੁੱਤਰ ਚਰਨਜੀਤ ਬੱਬਾ ਕਥਿਤ ਤੌਰ ਦੁਕਾਨਾਂ ’ਤੇ ਕਬਜ਼ਾ ਕਰ ਰਿਹਾ ਹੈ ਤੇ ਸਿੱਧੂ ਦਾ ਓਐਸਡੀ ਉਸ ਦੇ ਨਾਲ ਹੈ, ਬੱਬਾ ਵਿਰੁੱਧ 20 ਤੋਂ ਵੱਧ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਥੇ ਨਵਜੋਤ ਮੀਡੀਆ ਨਾਲ ਕੋਈ ਗੱਲ ਕੀਤੇ ਬਿਨਾ ਹੀ ਚਲੇ ਗਏ।
Comment here