ਸਿਆਸਤਖਬਰਾਂ

ਨਵਜੋਤ ਕਾਂਗਰਸ ਦਾ ਨੁਕਸਾਨ ਕਰੂ-ਕੈਪਟਨ

ਚੰਡੀਗੜ-ਪੰਜਾਬ ਕਾਂਗਰਸ ਨੂੰ ਛੱਡ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਅਤੇ ਭਾਜਪਾ ਦਾ ਸਮਰਥਨ ਕਰਨ ਦਾ ਐਲਾਨ ਕਰਨ ਵਾਲੇ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵਜੋਤ ਸਿੰਘ ਸਿੱਧੂ ਪ੍ਰਤੀ ਨਰਾਜ਼ਗੀ ਹਾਲੇ ਵੀ ਕਾਇਮ ਹੈ, ਉਹ ਸਿੱਧੂ ਤੇ ਸ਼ਬਦੀ ਹੱਲਾ ਬੋਲਣ ਦਾ ਕੋਈ ਮੌਕਾ ਨਹੀਂ ਗਵਾਉੰਦੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਤਾ ਲਈ ਨਵਜੋਤ ਸਿੰਘ ਸਿੱਧੂ ‘ਤੇ ਭਰੋਸਾ ਕਰਨਾ ਕਾਂਗਰਸ ਨੂੰ ਮਹਿੰਗਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਆਪਣੀ ਦੋਸਤੀ ‘ਤੇ ਸਵਾਲ ਉਠਾਉਣ ‘ਤੇ ਕਾਂਗਰਸ ‘ਤੇ ਚੁਟਕੀ ਲਈ ਹੈ। ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਲਦੀ ਹੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।  ਕੈਪਟਨ ਨੇ ਕਿਹਾ ਕਿ ਇਹ ਚਰਨਜੀਤ ਸਿੰਘ ਚੰਨੀ ਨੇ ਮੇਰੀ ਪਿੱਠ ਵਿੱਚ ਛੁਰਾ ਮਾਰ ਕੇ ਮੇਰੇ ਨਾਲ ਧੋਖਾ ਕੀਤਾ ਹੈ। ਹਾਲਾਂਕਿ ਮੈਂ ਅਜੇ ਵੀ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ, ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਅਤੇ ਇੱਕ ਯੋਗ ਵਿਅਕਤੀ ਮੰਨਦਾ ਹਾਂ। ਪੰਜਾਬ ‘ਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਤੋਂ ਪਹਿਲਾਂ ਪਟਿਆਲਾ ਸ਼ਾਹੀ ਪਰਿਵਾਰ ਦੇ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਸੂਬੇ ‘ਚ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਫਿਰ ਅਗਲਾ ਨੰਬਰ ਰਾਜਸਥਾਨ ਦਾ ਹੋਵੇਗਾ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ‘ਤੇ ਹਮਲਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੋਨੀਆ ਗਾਂਧੀ ਮੇਰੇ ਬਾਰੇ ਸਭ ਕੁਝ ਜਾਣਦੀ ਹੈ। ਪਰ ਹੁਣ ਉਹ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਉਸ ਦੇ ਬੱਚੇ ਇਹ ਸ਼ੋਅ ਚਲਾ ਰਹੇ ਹਨ। ਕਾਂਗਰਸ ਨੂੰ ਮੇਰੇ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੂੰ ਚੁਣਨ ਦੇ ਆਪਣੇ ਫੈਸਲੇ ‘ਤੇ ਪਛਤਾਉਣਾ ਪਵੇਗਾ। ਨਵਜੋਤ ਸਿੰਘ ਸਿੱਧੂ ਬਾਰੇ ਕੈਪਟਨ ਨੇ ਕਿਾਹ ਕਿ ਉਹ ਕ੍ਰਿਕਟ ਦੇ ਸਮੇਂ ਤੋਂ ਹੀ ਸਿੱਧੂ ‘ਤੇ ਸਵਾਲ ਉੱਠ ਰਹੇ ਹਨ। 1996 ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਅਜ਼ਹਰੂਦੀਨ ਨਾਲ ਮਤਭੇਦਾਂ ਕਾਰਨ ਸਿੱਧੂ ਨੂੰ ਇੰਗਲੈਂਡ ਦੌਰੇ ਤੋਂ ਬਾਹਰ ਕਰ ਦਿੱਤਾ ਗਿਆ ਸੀ। ਸਿੱਧੂ ਨੇ ਅਜ਼ਹਰੂਦੀਨ ਨਾਲ ਲੜਾਈ ਕੀਤੀ ਅਤੇ ਬੱਲੇਬਾਜ਼ੀ ਛੱਡ ਦਿੱਤੀ। ਮੈਂ ਸਿੱਧੂ ਨੂੰ ਬਚਪਨ ਤੋਂ ਹੀ ਜਾਣਦਾ ਹਾਂ। ਜਦੋਂ ਨਵਜੋਤ ਸਿੰਘ ਸਿੱਧੂ ਭਾਜਪਾ ‘ਚ ਸਨ ਤਾਂ ਉਨ੍ਹਾਂ ਨੇ ਕੈਬਨਿਟ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਸੀ। ਅਰੁਣ ਜੇਤਲੀ ਨੇ ਸਿੱਧੂ ਨੂੰ ਅੱਗੇ ਤੋਰਿਆ ਪਰ ਸਿੱਧੂ ਨੇ ਹੀ ਉਨ੍ਹਾਂ ਦਾ ਵਿਰੋਧ ਕੀਤਾ। ਉਹ ਮੰਤਰੀ ਮੰਡਲ ਵਿੱਚ ਜਗ੍ਹਾ ਚਾਹੁੰਦਾ ਸੀ। ਸਿੱਧੂ ਨੇ ਕਦੇ ਵੀ ਆਪਣੇ ਮੰਤਰਾਲੇ ਵਿੱਚ ਕੰਮ ਨਹੀਂ ਕੀਤਾ। 7 ਮਹੀਨਿਆਂ ਤੱਕ ਉਨ੍ਹਾਂ ਦੇ ਮੰਤਰਾਲੇ ਵਿੱਚ ਫਾਈਲਾਂ ਪਈਆਂ ਰਹਿੰਦੀਆਂ ਸਨ। ਚੰਨੀ ਸਰਕਾਰ ਨੇ ਪਾਕਿਸਤਾਨੀ ਮਹਿਲਾ ਪੱਤਰਕਾਰ ਅਰੂਸਾ ਆਲਮ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਦੀ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਵੀ ਕਦੇ ਉਨ੍ਹਾਂ ਖਿਲਾਫ ਨਿੱਜੀ ਹਮਲੇ ਨਹੀਂ ਕੀਤੇ। ਰੱਖਿਆ ਅਤੇ ਵਿਦੇਸ਼ ਮਾਮਲਿਆਂ ਬਾਰੇ ਅਰੂਸਾ ਅਤੇ ਮੇਰੇ ਵਿਚਾਰ ਬਹੁਤ ਸਮਾਨ ਹਨ। ਭਾਰਤ ਵਿੱਚ ਵੀ ਬਹੁਤ ਸਾਰੀਆਂ ਮਹਿਲਾ ਪੱਤਰਕਾਰ ਮੇਰੀਆਂ ਦੋਸਤ ਹਨ ਅਤੇ ਅਰੂਸਾ ਵੀ ਇਸ ਤਰ੍ਹਾਂ ਮੇਰੀ ਦੋਸਤ ਹੈ। ਜੇਕਰ ਮੈਨੂੰ ਵੀਜ਼ਾ ਮਿਲ ਗਿਆ ਤਾਂ ਮੈਂ ਅਰੂਸਾ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਜਾਵਾਂਗਾ। ਮੇਰੀ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਲੜਾਈ ਨਹੀਂ ਹੈ, ਮੇਰੀ ਲੜਾਈ ਸਿਰਫ ਉਥੋਂ ਦੀ ਸਰਕਾਰ ਅਤੇ ਫੌਜ ਨਾਲ ਹੈ। ਕਾਂਗਰਸ ਨਾਲੋਂ ਨਾਤਾ ਤੋੜਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਲਦੀ ਹੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਭਾਜਪਾ ਅਤੇ ਅਕਾਲੀ ਦਲ ਧੜਿਆਂ ਦੀ ਮਦਦ ਨਾਲ ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣ ਗਠਜੋੜ ਨੂੰ ਲੈ ਕੇ ਭਾਜਪਾ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਸੁਖਦੇਵ ਢੀਂਡਸਾ ਨਾਲ ਗੱਲਬਾਤ ਕਰ ਰਹੀ ਹੈ।

Comment here