ਨਵੀਂ ਦਿੱਲੀ-ਰੂਸ ਤੇ ਯੂਕ੍ਰੇਨ ਦੀ ਜੰਗ ਜਾਰੀ ਹੈ। ਇਸ ਜੰਗ ਨੇ ਦੋਹਾਂ ਦੇਸ਼ਾਂ ਦਾ ਭਾਰੀ ਨੁਕਸਾਨ ਕੀਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰ ਕੇ ਰੂਸ ਨਾਲ ਸ਼ਾਂਤੀ ਦਾ ਫਾਰਮੂਲਾ ਲਾਗੂ ਕਰਵਾਉਣ ’ਚ ਭਾਰਤ ਦੀ ਮਦਦ ਮੰਗੀ। ਇਕ ਅਧਿਕਾਰਤ ਬਿਆਨ ਮੁਤਾਬਕ ਮੋਦੀ ਨੇ ਕਿਹਾ ਕਿ ਰੂਸ ਅਤੇ ਯੂਕ੍ਰੇਨ ਨੂੰ ਆਪਣੇ ਮਤਭੇਦਾਂ ਦਾ ਸਥਾਈ ਹੱਲ ਲੱਭਣ ਲਈ ਗੱਲਬਾਤ ਅਤੇ ਕੂਟਨੀਤੀ ਵੱਲ ਮੁੜਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੇਲੇਂਸਕੀ ਨੂੰ ਭਰੋਸਾ ਦਿਵਾਇਆ ਕਿ ਭਾਰਤ ਸ਼ਾਂਤੀ ਦੇ ਕਿਸੇ ਵੀ ਯਤਨ ਦਾ ਸਮਰਥਨ ਕਰੇਗਾ।
ਯੂਕ੍ਰੇਨ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ, ‘‘ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਸਫ਼ਲ ਜੀ-20 ਪ੍ਰਧਾਨਗੀ ਅਹੁਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਮੈਂ ਇਸੇ ਮੰਚ ਤੋਂ ਰੂਸ ਨਾਲ ਸ਼ਾਂਤੀ ਦੇ ਫਾਰਮੂਲੇ ਦਾ ਐਲਾਨ ਕੀਤਾ ਸੀ ਅਤੇ ਹੁਣ ਮੈਂ ਇਸ ਦੇ ਲਾਗੂਕਰਨ ’ਚ ਭਾਰਤ ਦੀ ਭਾਗੀਦਾਰੀ ’ਚ ਵਿਸ਼ਵਾਸ ਕਰਦਾ ਹਾਂ। ਮੈਂ ਸੰਯੁਕਤ ਰਾਸ਼ਟਰ ’ਚ ਮਨੁੱਖਤਾਵਾਦੀ ਸਹਾਇਤਾ ਅਤੇ ਸਮਰਥਨ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ।’’
ਜ਼ਿਕਰਯੋਗਹੈ ਕਿ ਜ਼ੇਲੇਂਸਕੀ ਦੇ ਫੋਨ ਕਾਲ ਤੋਂ ਇਕ ਦਿਨ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਰੂਸ ਯੂਕ੍ਰੇਨ ’ਚ ਜੰਗ ਖਤਮ ਕਰਨ ਲਈ ਉਸ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਪੁਤਿਨ ਦੇ ਬਿਆਨ ਦੇ ਸੰਦਰਭ ਨੂੰ ਦੇਖਦੇ ਹੋਏ ਜ਼ੇਲੇਂਸਕੀ ਨੂੰ ਲੱਗਦਾ ਹੈ ਕਿ ਜੇਕਰ ਭਾਰਤ aਇਸ ਸਮੇਂ ਸ਼ਾਂਤੀ ਸਥਾਪਨਾ ਲਈ ਪਹਿਲਕਦਮੀ ਕਰਦਾ ਹੈ ਤਾਂ ਉਸ ਦੀਆਂ ਕੋਸ਼ਿਸ਼ਾਂ ਦੋਵਾਂ ਦੇਸ਼ਾਂ ਨੂੰ ਜੰਗ ਦੇ ਅੰਤ ਵੱਲ ਲਿਜਾ ਸਕਦੀਆਂ ਹਨ।
ਨਰਿੰਦਰ ਮੋਦੀ ਯੂਕ੍ਰੇਨ-ਰੂਸ ਦੀ ਸ਼ਾਂਤੀ ਲਈ ਮਦਦ ਕਰਨ : ਜ਼ੇਲੇਂਸਕੀ

Comment here