ਅਪਰਾਧਸਿਆਸਤਖਬਰਾਂਦੁਨੀਆ

ਨਨਕਾਣਾ ਸਾਹਿਬ ਚ ਸਿੱਖ ਕੁੜੀ ਨੇ ਕੀਤਾ ਮੁਸਲਮ ਮੁੰਡੇ ਨਾਲ ਵਿਆਹ, ਤਣਾਅ

ਲਹੌਰ-ਪਾਕਿਸਤਾਨ ਵਿੱਚ ਅਕਸਰ ਘੱਟਗਿਣਤੀਆਂ ਉੱਤੇ ਤਸ਼ੱਦਦ ਦਾ ਮਾਮਲਾ ਚਰਚਾ ਵਿੱਚ ਰਹਿੰਦਾ ਹੈ, ਹੁਣ ਇਥੇ ਸਿੱਖ ਕੁੜੀ ਵਲੋਂ ਮੁਸਲਮ ਮੁੰਡੇ ਨਾਲ ਵਿਆਹ ਕਰਵਾਉਣ ਮਗਰੋਂ ਮਹੌਲ ਗਰਮਾਇਆ ਹੋਇਆ ਹੈ। ਸ੍ਰੀ ਨਨਕਾਣਾ ਸਾਹਿਬ ਦੀ ਇਕ ਸਿੱਖ ਲੜਕੀ ਵੱਲੋਂ ਇਸਲਾਮ ਕਬੂਲ ਕਰਨ ਅਤੇ ਇਕ ਮੁਸਲਮਾਨ ਲੜਕੇ ਨਾਲ ਨਿਕਾਹ ਕਰਨ ਪਿੱਛੋਂ ਪਾਕਿਸਤਾਨੀ ਸਿੱਖਾਂ ’ਚ ਗੁੱਸਾ ਭੜਕ ਗਿਆ ਹੈ।   ਲੜਕੀ ਤੇ ਲੜਕੇ ਨੂੰ ਥਾਣਾ ਜੜ੍ਹਾਂਵਾਲਾ ’ਚ ਹਿਰਾਸਤ ’ਚ ਰੱਖਣ ਉਪਰੰਤ ਲੜਕੇ ਨੂੰ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਚੁੱਕ ਕੇ ਗ਼ਾਇਬ ਕਰ ਦਿੱਤਾ ਤਾਂ ਜੋ ਸਿੱਖਾਂ ਤੇ ਮੁਸਲਮਾਨ ਭਾਈਚਾਰੇ ’ਚ ਕੋਈ ਨਵਾਂ ਫ਼ਸਾਦ ਪੈਦਾ ਨਾ ਹੋ ਸਕੇ। ਜਾਣਕਾਰੀ ਅਨੁਸਾਰ ਨਨਕਾਣਾ ਸਾਹਿਬ ਤੋਂ ਘਰੋਂ ਭੱਜ ਕੇ ਨਿਕਾਹ ਕਰਵਾਉਣ ਵਾਲੀ ਬਾਲਗ ਸਿੱਖ ਲੜਕੀ ਸਵੇਰੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਦੇ ਬਹਾਨੇ ਗੁਆਂਢੀ ਦੇ ਲੜਕੇ ਨਾਲ ਭੱਜ ਗਈ। ਸੂਤਰਾਂ ਅਨੁਸਾਰ ਲੜਕੀ ਰਾਜਮੀਤ ਕੌਰ ਉਸ ਦੇ ਗੁਆਂਢ ’ਚ ਰਹਿਣ ਵਾਲੇ ਲੜਕੇ ਜੁਨੈਦ ਨਾਲ ਸਬੰਧ ’ਚ ਸੀ।ਨਨਕਾਣਾ ਸਾਹਿਬ ਦੇ ਘੱਟ ਗਿਣਤੀ ਸਿੱਖ ਭਾਈਚਾਰੇ ’ਚ ਸਿੱਖ ਲੜਕੀ ਵੱਲੋਂ ਇਸਲਾਮ ਕਬੂਲ ਕਰਨ ਅਤੇ ਮੁਸਲਿਮ ਲੜਕੇ ਨਾਲ ਨਿਕਾਹ ਕੀਤੇ ਜਾਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ।

2019 ’ਚ ਵੀ ਇਕ ਸਿੱਖ ਲੜਕੀ ਜਗਜੀਤ ਕੌਰ ਨੇ ਇਕ ਮੁਸਲਮਾਨ ਲੜਕੇ ਨਾਲ ਨਿਕਾਹ ਕਰਵਾ ਲਿਆ ਸੀ ਜਿਸ ਪਿੱਛੋਂ ਸਿੱਖ ਭਾਈਚਾਰੇ ਦੇ ਲੋਕ ਸੜਕਾਂ ’ਤੇ ਉੁੱਤਰ ਆਏ ਸਨ ਕਿ ਕੁੜੀ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਗਿਆ ਹੈ। ਉਧਰ ਦੂਜੇ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ’ਤੇ ਹਮਲਾ ਕਰ ਦਿੱਤਾ ਸੀ ਜਿਸ ਪਿੱਛੋਂ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ ਸੀ। ਹੁਣ ਸਿੱਖਾਂ ਦੇ ਰੋਹ ਤੋਂ ਬਚਣ ਲਈ ਫ਼ੈਸਲਾਬਾਦ ਅਤੇ ਨਨਕਾਣਾ ਸਾਹਿਬ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਦੋਵਾਂ ਭਾਈਚਾਰਿਆਂ ਵਿਚਕਾਰ ਸਮਝੌਤਾ ਕਰਵਾਉਣ ਲਈ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ। ਸਿੱਖ ਭਾਈਚਾਰੇ ਦੇ ਸ੍ਰੀ ਨਨਕਾਣਾ ਸਾਹਿਬ ਸਥਿਤ ਸੂਤਰਾਂ ਨੇ ਦੱਸਿਆ ਕਿ ਰਾਜਮੀਤ ਕੌਰ ਉਸ ਦੇ ਗੁਆਂਢ ’ਚ ਰਹਿਣ ਵਾਲਾ ਜੁਨੈਦ ਨਾਲ 7 ਦਸੰਬਰ ਨੂੰ ਫ਼ੈਸਲਾਬਾਦ ਨੇੜਲੇ ਸ਼ਹਿਰ ਜੜ੍ਹਾਂਵਾਲਾ ਵਿਖੇ ਭੱਜ ਗਏ, ਜਿੱਥੇ ਰਾਜਮੀਤ ਨੇ ਇਕ ਮਸਜਿਦ ’ਚ ਇਸਲਾਮ ਕਬੂਲ ਕਰ ਲਿਆ ਅਤੇ ਉਸ ਦਾ ਨਾਂ ਜੰਨਤ ਬੀਬੀ ਰੱਖਿਆ ਗਿਆ। ਇਸ ਪਿੱਛੋਂ ਉਸ ਨੇ ਜੁਨੈਦ ਨਾਲ ਨਿਕਾਹ ਕਰਵਾ ਲਿਆ। ਸੂਤਰਾਂ ਅਨੁਸਾਰ ਰਾਜਮੀਤ ਕੌਰ ਨੇ ਇਹ ਕਹਿੰਦਿਆਂ ਅਦਾਲਤ ’ਚ ਸੁਰੱਖਿਆ ਲਈ ਅਰਜ਼ੀ ਦਾਇਰ ਕੀਤੀ ਹੈ ਕਿ ਉਸ ਨੂੰ ਤੇ ਜੁਨੈਦ ਉਸ ਦੇ (ਲੜਕੀ ਦੇ) ਮਾਤਾ-ਪਿਤਾ ਤੋਂ ਖ਼ਤਰਾ ਹੈ। ਰਾਜਮੀਤ ਦੇ ਭਵਿੱਖ ਨੂੰ ਦੇਖਦਿਆਂ ਉਸ ਦੇ ਪਿਤਾ ਰਣਜੀਤ ਸਿੰਘ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਮਦਦ ਮੰਗੀ, ਜਿਨ੍ਹਾਂ ਨੇ ਜੁਨੈਦ ਦੇ ਮਾਪਿਆਂ ਅਤੇ ਸਥਾਨਕ ਮੁਸਲਿਮ ਬਜ਼ੁਰਗਾਂ ਕੋਲ ਇਹ ਮੁੱਦਾ ਉਠਾਇਆ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਧਾਰਮਿਕ ਭਾਵਨਾਵਾਂ ਭੜਕਣ ਦੇ ਮੱਦੇਨਜ਼ਰ, ਸ੍ਰੀ ਨਨਕਾਣਾ ਸਾਹਿਬ ਅਤੇ ਫ਼ੈਸਲਾਬਾਦ ਦੋਵਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਦਖ਼ਲ ਦਿੱਤਾ ਅਤੇ ਜੋੜੇ ਨੂੰ ਆਪਣੀ ਸੁਰੱਖਿਆ ’ਚ ਲੈ ਲਿਆ। ਸੂਤਰ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਵੀ ਬੁਲਾ ਕੇ ਦੋਵਾਂ ਪਰਿਵਾਰਾਂ ਵਿਚਾਲੇ ਸਮਝੌਤਾ ਕਰਵਾ ਲਿਆ ਹੈ ਪਰ ਲੜਕੀ ਆਪਣੇ ਖਾਵੰਦ ਨਾਲ ਜਾਣ ਲਈ ਅੜੀ ਹੋਈ ਹੈ ਪਰ ਉਸ ਦੇ ਮਾਤਾ-ਪਿਤਾ ਤਿਆਰ ਨਹੀਂ, ਇਸ ਲਈ ਪ੍ਰਸ਼ਾਸਨ ਨੇ ਉਸ ਨੂੰ ਲਾਹੌਰ ਦੇ ਦਾਰੁਲ ਉਲੂਮ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਸ ’ਤੇ ਦੋਵਾਂ ਨੇ ਮੁੜ ਇਤਰਾਜ਼ ਪ੍ਰਗਟ ਕੀਤਾ ਹੈ।

Comment here