ਸਿਆਸਤਖਬਰਾਂ

ਨਗਰ ਨਿਗਮ ਚੋਣਾਂ ਚ ਭਾਜਪਾ ਦਾ ਕੈਪਟਨ ਨਾਲ ਗੱਠਜੋੜ ਨਹੀਂ ਹੋਵੇਗਾ

ਚੰਡੀਗੜ੍ਹ – ਸਿਆਸਤ ਵਿੱਚ ਕੋਈ ਵੀ ਸਾਂਝ ਸਥਾਈ ਨਹੀਂ ਹੁੰਦੀ, ਫਾਇਦਾ, ਹਾਨੀ ਦੇਖ ਕੇ ਹੀ ਫੈਸਲੇ ਲਏ ਜਾਂਦੇ ਹਨ। ਪੰਜਾਬ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਭਾਜਪਾ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਪੰਜਾਬ ‘ਚ ਚੋਣਾਂ ਨਹੀਂ ਲੜੇਗੀ। ਸੰਗਰੂਰ ਲੋਕ ਸਭਾ ਸੀਟ ‘ਤੇ ਉਪ ਚੋਣਾਂ ਤੇ 4 ਨਿਗਮਾਂ ਦੀਆਂ ਚੋਣਾਂ ਭਾਜਪਾ ਇਕੱਲੇ ਲੜ ਰਹੀ ਹੈ। ਚੰਡੀਗੜ੍ਹ ‘ਚ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ, ਜਿਸ ਵਿਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਹਿ-ਇੰਚਾਰਜ ਨਰਿੰਦਰ ਰੈਨਾ ਤੇ ਦੁਸ਼ਯੰਤ ਗੌਤਮ ਹਾਜ਼ਰ ਸਨ।ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਕਿ ਇਸ ਵਾਰ ਭਾਜਪਾ ਇਕੱਲਿਆਂ ਚੋਣ ਲੜਨ ਲਈ ਤਿਆਰ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੀ ਲੀਡਰਸ਼ਿਪ ਜੋ ਵੀ ਫੈਸਲਾ ਕਰੇਗੀ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਅਸਲ ਵਿੱਚ ਸੰਗਰੂਰ ਲੋਕ ਸਭਾ ਸੀਟ ਤੋਂ ਦੂਜੀ ਵਾਰ ਸੰਸਦ ਮੈਂਬਰ ਰਹੇ ਭਗਵੰਤ ਮਾਨ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਕਾਰਨ ਸੰਗਰੂਰ ਲੋਕ ਸਭਾ ਸੀਟ ਦੀ ਚੋਣ ਜਲਦ ਹੀ ਕਰਵਾਈ ਜਾਵੇਗੀ। ਇਸ ਸਾਲ ਪੰਜਾਬ ਦੇ 4 ਜ਼ਿਲ੍ਹਿਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਹ ਜ਼ਿਲ੍ਹੇ ਜਲੰਧਰ, ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਹਨ। ਇਹ ਵੀ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ‘ਚ ਭਾਜਪਾ ਤੇ ਕੈਪਟਨ ਦਾ ਗਠਜੋੜ ਹੋਇਆ ਸੀ। ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਕੋਈ ਵੀ ਸੀਟ ਨਹੀਂ ਜਿੱਤ ਸਕੀ ਅਤੇ ਭਾਜਪਾ 2 ਸੀਟਾਂ ਤੋਂ ਜੇਤੂ ਰਹੀ ਸੀ।

Comment here