ਗੁਰਦਾਸਪੁਰ-ਦੀਨਾਨਗਰ ਵਿਚ ਬਿਆਸ ਦਰਿਆ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ। ਇਥੇ ਕਈ ਪਿੰਡਾਂ ਵਿਚ 5-5 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਪ੍ਰਸ਼ਾਸਨ ਲੋਕਾਂ ਦੀ ਮਦਦ ਵਿਚ ਜੁਟਿਆ ਹੋਇਆ ਹੈ। ਬਿਆਸ ਦਰਿਆ ਉਤੇ ਬਣਿਆ ਧੁੱਸੀ ਬੰਨ੍ਹ ਟੁੱਟ ਗਿਆ ਹੈ। ਦਰਿਆ ਦੇ ਨਾਲ ਲਗਦੇ ਕਈ ਪਿੰਡ ਡੁੱਬ ਗਏ ਹਨ। ਲੋਕ ਘਰ ਛੱਡਣ ਲਈ ਮਜਬੂਰ ਹੋਏ ਹਨ। ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪਾੜ ਨੂੰ ਪੂਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨੌਸ਼ਹਿਰਾ ਪੱਤਣ ਕੋਲ ਗੁਰਦਾਸਪੁਰ ਤੋਂ ਬਿਆਸ ਦਰਿਆ ਦਾ ਧੁੱਸੀ ਬੰਨ੍ਹ ਵਿੱਚ ਪਏ ਪਾੜ ਕਾਰਨ ਜਗਤਪੁਰ, ਟਾਂਡਾ, ਦਾਦੂਵਾਲ, ਪੁਰਾਣਾ ਸ਼ਾਲਾ ਸਮੇਤ ਦਰਜਨ ਭਰ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਐਨਡੀਆਰਐਫ ਦੀਆਂ ਟੀਮਾਂ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਰਸਾਤ ਕਾਰਨ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਣ ਪਿੱਛੋਂ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਪੰਜਾਬ ਵਿਚ ਮੁੜ ਹੜ੍ਹਾਂ ਦਾ ਖਤਰ ਖੜ੍ਹਾ ਹੋ ਗਿਆ ਹੈ। ਭਾਖੜਾ ਡੈਮ ’ਚੋਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਅਗਲੇ ਪੰਜ ਦਿਨਾਂ ਤੱਕ ਫਲੱਡ ਗੇਟ ਖੁੱਲ਼੍ਹੇ ਰਹਿਣਗੇ। ਇਸ ਫੈਸਲੇ ਪਿੱਛੋਂ ਦਰਿਆਵਾਂ ਨੇੜਲੇ ਪਿੰਡਾਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਗਿਆ ਹੈ। ਫਲੱਡ ਗੇਟ ਅੱਠ ਫੁੱਟ ਖੁੱਲ੍ਹੇ ਰਹਿਣਗੇ। ਖਤਰੇ ਵਾਲੇ ਇਲਾਕਿਆਂ ਵਿਚ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਗੇਟ ਖੋਲ੍ਹਣ ਦੇ ਬਾਵਜੂਦ ਪਾਣੀ ਦਾ ਪੱਧਰ 1677 ਫੁੱਟ ਹੈ। ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਹੇਠਾਂ ਹੈ।
ਉਧਰ, ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਨੌਸ਼ਿਹਰਾ ਪੱਤਣ, ਮਹਿਤਾਬਪੁਰ, ਮੋਤਲਾ, ਹਲੇੜ ਜਨਾਰਦਨ, ਚੱਕ ਭਾਈਆਂ, ਬੇਲਾ ਸਟਿਆਣਾ, ਧਨੋਆ, ਚੱਕਵਾਲ ਸਮੇਤ ਦਰਜਨਾਂ ਪਿੰਡਾਂ ਦੇ ਹਾਲਾਤ ਭਿਆਨਕ ਬਣ ਗਏ ਹਨ। ਤਾਜ਼ਾ ਹਾਲਾਤ ਅਨੁਸਾਰ ਪਿੰਡ ਮਹਿਤਾਬਪੁਰ, ਹਲੇੜ ਜਨਾਰਦਨ, ਬੇਲਾ ਸਰਿਆਣਾ ਸਮੇਤ ਕੁਝ ਪਿੰਡ ਖਾਲੀ ਕਰਵਾਏ ਜਾ ਰਹੇ ਹਨ।
ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਅੰਦਰ ਦਹਿਸ਼ਤ ਫੈਲ ਗਈ ਹੈ। ਸਤਲੁਜ ਦਰਿਆ ਦਾ ਪਾਣੀ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਹਰਸਾ ਬੇਲਾ, ਚੰਦਪੁਰ, ਗੱਜਪੁਰ, ਹਰੀਵਾਲ, ਮਹਿੰਦਲੀ ਕਲਾਂ, ਬੇਲਾ ਧਿਆਨੀ, ਭਲਾਣ, ਪੱਤੀ ਦੁਲਚੀ ਹੋਰ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਸਤਲੁਜ ਦਰਿਆ ਦੇ ਨਾਲ ਲਗਦੇ ਹੋਰ ਬਹੁਤ ਸਾਰੇ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ। ਐੱਨਡੀਆਰਐੱਫ ਦੀਆਂ ਟੀਮਾਂ ਵੱਲੋ ਲੋਕਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਹਰਸਾ ਬੇਲਾ ਵਿਖੇ ਬੀਤੀ ਰਾਤ ਤੋਂ ਪਾਣੀ ਵਿੱਚ ਘਿਰੇ 17 ਵਿਅਕਤੀਆਂ ਨੂੰ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
Comment here