ਅਪਰਾਧਸਿਆਸਤਖਬਰਾਂਦੁਨੀਆ

ਧੀ ਦੀ ਵਿਕਰੀ ਦਾ ਵਿਰੋਧ ਕਰਨ ‘ਤੇ ਮਾਂ ਦਾ ਕਤਲ

ਦਾਦੂ – ਪਾਕਿਸਤਾਨ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ, ਸੁਰਖਿਆ ਤੰਤਰ ਦੀ ਢਿੱਲ ਕਾਰਨ ਆਏ ਦਿਨ ਇਥੇ ਦਿਲ ਦਹਿਲਾਊ ਅਪਰਾਧ ਵਾਪਰਦੇ ਹਨ। ਇੱਥੇ ਲੱਕੀ ਸ਼ਾਹ ਸਦਰ ਖੇਤਰ ਦੇ ਇੱਕ ਵਿਅਕਤੀ ਜ਼ੁਲਫਿਕਾਰ ਜਿਸਕਾਨੀ ਨੂੰ ਆਪਣੀ ਪਤਨੀ ਬਬਲੀ ਜਿਸਕਾਨੀ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਅਸਲ ਵਿਚ ਜ਼ੁਲਫਿਕਾਰ ਨੇ ਆਪਣੀ ਨਾਬਾਲਗ ਧੀ ਦਾ ਪੈਸਿਆਂ ਲਈ ਵਿਆਹ ਕਰਾਉਣ ਦੀ ਕੋਸ਼ਿਸ਼ ਕੀਤੀ। ਪਤਨੀ ਨੇ ਜ਼ੁਲਫਿਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਤਾਂ ਉਸ ਨੇ ਪਤਨੀ ਦਾ ਹੀ ਕਤਲ ਕਰ ਦਿੱਤਾ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਪੀੜਤਾ ਦੇ ਭਰਾ ਮੁਨੱਵਰ ਜਿਸਕਾਨੀ ਨੇ ਉਸ ਇਲਾਕੇ ਦੀ ਪੁਲਸ ਨੂੰ ਦੱਸਿਆ ਕਿ ਜ਼ੁਲਫਿਕਾਰ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਜਦੋਂ ਉਸ ਨੇ ਆਪਣੀ ਬੇਟੀ ਹੁਮੇਰਾ ਨੂੰ 100,000 ਰੁਪਏ ਦੀ ਕੀਮਤ ‘ਤੇ ਵਿਆਹ ਲਈ ਇਕ ਵਿਅਕਤੀ ਨੂੰ ਸੌਂਪਣ ਦੇ ਆਪਣੇ ਪਤੀ ਦੀ ਕੋਸ਼ਿਸ਼ ਦਾ ਵਿਰੋਧ ਕੀਤਾ।ਇਸ ਤੋਂ ਇਲਾਵਾ ਮੁਨੱਵਰ ਨੇ ਪੁਲਸ ਨੂੰ ਦੱਸਿਆ ਕਿ ਜ਼ੁਲਫਿਕਾਰ ਨੇ ਉਸ ਦੀਆਂ ਦੋ ਹੋਰ ਬੇਟੀਆਂ ਨੂੰ ਵੀ ਪੈਸਿਆਂ ਲਈ ਵੇਚ ਦਿੱਤਾ ਸੀ। ਛਛਰ ਥਾਣੇ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਸਾਜਿਦ ਗੰਭੀਰ ਨੇ ਦੱਸਿਆ ਕਿ ਬਬਲੀ ਜਿਸਕਾਨੀ ਦੇ ਭਰਾ ਮੁਨੱਵਰ ਦੀ ਸ਼ਿਕਾਇਤ ‘ਤੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਕਥਿਤ ਕਤਲ ਦੀ ਜਾਂਚ ਜਲਦੀ ਸ਼ੁਰੂ ਕੀਤੀ ਜਾਵੇਗੀ।ਸਹਿਵਾਨ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬਬਲੀ ਜਿਸਕਾਨੀ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।

Comment here