ਅਪਰਾਧਸਿਆਸਤਵਿਸ਼ੇਸ਼ ਲੇਖ

ਧਾਰਮਕ ਭਾਵਨਾਵਾਂ ਦੇ ਹਵਾਲੇ ਨਾਲ ਲਿੰਚਿੰਗ ਨੂੰ ਪ੍ਰਵਾਨ ਕਰਨ ਦੇ ਨਤੀਜੇ ਖੌਫਨਾਕ ਹੋਣਗੇ

ਪੰਜਾਬ ਵਿੱਚ ਹਾਲ ਹੀ ਚ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵਾਪਰੀ ਬੇਅਦਬੀ ਤੇ ਲਿੰਚਿੰਗ ਦੀ ਘਟਨਾ ਅਤੇ ਕਪੂਰਥਲਾ ਦੇ ਪਿੰਡ ਨਿਜਾ਼ਮਪੁਰ ਚ ਵਾਪਰੀ ਲਿੰਚਿੰਗ ਦੀ ਘਟਨਾ ਨੇ ਜਾਗਰੂਕ ਲੋਕਾਂ ਨੂੰ ਸਮਾਜ ਦਰਦੀਆਂ ਨੂੰ ਬੇਚੈਨ ਕਰਕੇ ਰੱਖ ਦਿੱਤਾ ਹੈ, ਇਹਨਾਂ ਘਟਨਾਵਾਂ ਦੇ ਹੱਕ ਅਤੇ ਵਿਰੋਧ ਵਿੱਚ ਵਿਚਾਰਾਂ ਦੀ ਜੰਗ ਛਿੜੀ ਹੋਈ ਹੈ, ਕੁਝ ਵਿਚਾਰ ਆਪਾਂ ਵੀ ਸਾਂਝੇ ਕਰਦੇ ਹਾਂ-

ਪਿਛਲੇ ਸਮੇਂ ਦੌਰਾਨ ਵਾਰ-ਵਾਰ ਵਿਉਂਤਬੱਧ ਤਰੀਕੇ ਨਾਲ ਸਿੱਖਾਂ ਦੀ ਸ਼ਰਧਾ ਦੇ ਸਰਵੋਤਮ ਪ੍ਰਤੀਕਾਂ ਨੂੰ ਬੇਹੁਰਮਤੀ ਦਾ ਨਿਸ਼ਾਨਾ ਬਣਾਉਣ ਦੀਆ ਘਟਨਾਵਾਂ ਵਾਪਰ ਰਹੀਆਂ ਹਨ। ਸਿੱਖਾਂ ਦੀ ਹਸਤੀ ਦੇ ਸ਼੍ਰੋਮਣੀ ਪ੍ਰਤੀਕ ਸ਼੍ਰੀ ਹਰਿਮੰਦਰ ਸਾਹਿਬ ‘ਤੇ ਬੇਹੁਰਮਤੀ ਦੀ ਘਟਨਾ ਵਾਪਰਦੀ ਪ੍ਰਤੱਖ ਦੇਖੀ। ਇਹ ਬੇਹੁਰਮਤੀਆਂ ਸਿੱਖਾਂ ਦੀ ਸ਼ਰਧਾ ਦੇ ਸਭ ਤੋਂ ਸੰਵੇਦਨਸ਼ੀਲ ਅੰਗਾਂ ਨੂੰ ਉਚੇੜਨ ਦੀਆ ਕਾਰਵਾਈਆ ਹਨ ਜੋ ਸਮੁੱਚੇ ਭਾਈਚਾਰੇ ਨੂੰ ਅਪਮਾਨ, ਬੇਵਸੀ, ਜਲਾਲਤ, ਨਿਆਸਰੇਪਣ ਅਤੇ ਇਕਲਤਾ ਦੇ ਅਹਿਸਾਸ ‘ਚ ਧੱਕਦੀਆ ਹਨ ਜਿਸ ਨੂੰ ਹੋਣੀ ਵਜੋਂ ਪ੍ਰਵਾਨ ਕਰਨ ਤੋਂ ਇਹ ਭਾਈਚਾਰਾ ਇਨਕਾਰੀ ਹੈ।  ਸਿੱਖ ਭਾਈਚਾਰੇ ਦੀ ਸਮੂਹਕ ਪੀੜ ਦੇ ਇਸ ਅਹਿਸਾਸ ਨੂੰ ਮਹਿਸੂਸ ਕੀਤੇ ਤੋਂ ਬਿਨਾਂ, ਖੁਦ ਦੇ ਆਪੇ ‘ਤੇ ਹੰਢਾਏ ਤੋਂ ਬਿਨਾਂ ਉਸ ਪ੍ਰਤੀਕਰਮ ਨੂੰ ਤਰਕ ਦੇ ਪੱਧਰ ‘ਤੇ ਸਮਝਿਆ ਹੀ ਨਹੀਂ ਜਾ ਸਕਦਾ ਜਿਸ ਨੂੰ ਸਿੱਖ ਸਮਾਜ ਦਾ ਇੱਕ ਹਿੱਸਾ ਇੱਕੋ ਇੱਕ ਰਸਤਾ ਸਮਝ ਰਿਹਾ ਹੈ।  ਵਲੂੰਧਰੇ ਅਹਿਸਾਸਾਂ ਦੇ ਧਰਾਤਲ ਤੋਂ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਆਪਣੀਆਂ ਕਹਿ ਰਿਹਾ ਹੈ ਜਿਸ ਬਾਰੇ ਉਸ ਨੂੰ ਕਿਤੇ ਸੁਣਵਾਈ ਨਹੀਂ ਦਾ ਅਹਿਸਾਸ ਭਾਰੂ ਹੈ।
ਇਤਿਹਾਸ ਦੇ ਕੁਰਖਤ ਵਹਿਣ ‘ਚ ਬਹੁਤ ਸ਼ਾਨਦਾਰ ਭਾਈਚਾਰਿਆ ਨਾਲ ਬਹੁਤ ਕੁਝ ਵਾਪਰਿਆ ਹੈ। ਅੱਜ ਮੁਸਲਮਾਨ ਭਾਈਚਾਰਾ ਸੰਸਾਰ ਭਰ ‘ਚ ਆਪਣੀ ਵਜੂਦ ਦੀ ਹਸਤੀ ਨੂੰ ਖਤਰੇ ਮੂੰਹ ਆਏ ਹੋਣ ਦੇ ਅਹਿਸਾਸ ‘ਚੋਂ ਗੁਜਰ ਰਿਹਾ ਹੈ ਅਤੇ ਹਰ ਛੋਟੀ ਵੱਡੀ ਘਟਨਾ ‘ਤੇ ਏਨਾ ਭੜਕਾਹਟ ਭਰਿਆ ਪ੍ਰਤੀਕਰਮ ਦਿੰਦਾ ਹੈ ਜੋ ਸਮੁੱਚੇ ਭਾਈਚਾਰੇ ਦੇ ਘਾਬਰੇ ਹੋਣ ਦਾ ਇਜਹਾਰ ਹੋ ਨਿਬੜਦਾ ਹੈ।  ਸਿਆਲੋਕਟ ‘ਚ ਵਾਪਰੀ ਲਿੰਚਿੰਗ ਦੀ ਘਟਨਾ ਇਸ ਸਮੂਹਕ ਹਿਸਟੀਰੀਕਲ ਪ੍ਰਤੀਕਰਮ ਦਾ ਇੱਕ ਇਜਹਾਰ ਸੀ ਜਿਸ ਨੂੰ ਸਿਰੇ ਚਾੜਨ ਵਕਤ ਇਸ ਗੱਲ ਦੀ ਕੋਈ ਪ੍ਰਵਾਹ ਧਿਆਨ ਨਹੀਂ ਰੱਖੀ ਗਈ ਕਿ ਸੰਸਾਰ ਅੰਦਰ ਇਸਦਾ ਕੀ ਅਕਸ ਜਾਵੇਗਾ।  ਇਸ ਤਰ੍ਹਾਂ ਯਹੂਦੀ ਭਾਈਚਾਰਾ ਏਨੀਆਂ ਕੁਰਖਤੀਆ ‘ਚੋਂ ਗੁਜਰਿਆ ਹੈ ਕਿ ਹੁਣ ਉਸਦੇ ਇੱਕ ਵੱਡੇ ਹਿੱਸੇ ਅੰਦਰ ਮਾਨਵੀ ਸਰੋਕਾਰਾ ਤੋਂ ਫਲਸਤੀਨੀਆ ਨਾਲ ਹੁੰਦੀਆਂ ਵਧੀਕੀਆ ਦੀ ਕੋਈ ਅਪੀਲ ਪੈਦਾ ਨਹੀਂ ਹੁੰਦੀ। ਇਜ਼ਰਾਇਲ ਦੀਆਂ ਨੰਗੀਆ-ਚਿੱਟੀਆਂ ਅਤੇ ਪੂਰੀ ਤਰ੍ਹਾਂ ਬੇਦਲੀਲ ਵਧੀਕੀਆਂ  ਨੂੰ ਵੀ ਯਹੂਦੀ ਭਾਈਚਾਰੇ ਦੇ ਇਕ ਵੱਡੇ ਹਿੱਸੇ ‘ਚੋਂ ਵਿਆਪਕ ਹਮਾਇਤ ਹਾਸਲ ਹੁੰਦੀ ਹੈ।
ਕੁਰਖੱਤ ਇਤਿਹਾਸਕ ਤਜਰਬਿਆਂ, ਵਲੂੰਧਰੀਆਂ ਭਾਵਨਾਵਾਂ, ਠੇਸ ਪਹੁੰਚੇ ਹਿਰਦਿਆਂ, ਬੇਨਕਸ਼ ਅਤੇ ਅਣਘੜ ਇਛਾਵਾਂ ਦਾ ਉਹ ਮਾਨਸਿਕ ਧਰਾਤਲ ਹੈ ਜਿਸ ਉਪਰ ਇਸ ਹਕੀਕੀ ਸੰਸਾਰ ਦੀਆ ਕਾਲੀਆਂ ਤਾਕਤਾਂ ਆਪਣੀਆਂ ਸੌੜੀਆਂ ਅਤੇ ਲੋਕ ਵਿਰੋਧੀ ਗਿਣਤੀਆਂ-ਮਿਣਤੀਆਂ ਦੇ ਮੋਹਰੇ ਚਿਣਦੀਆਂ ਹਨ ਅਤੇ ਬੇਰਹਿਮ ਚਾਲਾਂ ਚਲਦੀਆਂ ਹਨ।
ਉਲਟ ਸਿਰਿਆਂ ਤੋਂ ਤਾਲਮੇਲ ਨਾਲ ਖੇਡਦੀਆ ਇਹ ਕਾਲੀਆ ਤਾਕਤਾਂ ਇਹ ਯਕੀਨੀ ਕਰਦੀਆਂ ਹਨ ਕਿ ਸੰਵੇਦਨਸ਼ੀਲ ਭਾਵਨਾਵਾਂ ਦਾ ਇਹ ਧਰਾਤਲ ਕਦੇ ਸੁਖਾਵਾਂ ਨਾ ਹੋ ਸਕੇ। ਭਾਵਨਾਵਾਂ ਵਲੂੰਧਰੀਆ ਰਹਿਣ, ਜਖਮ ਉੱਚੜਦੇ ਰਹਿਣ ਅਤੇ ਤਵਾਜਨ ਵਿਗੜੇ ਰਹਿਣ। ਇਹਨਾਂ ਤਾਕਤਾਂ ਦਾ ਹਮੇਸ਼ਾ ਇਹ ਮਨਸੂਬਾ ਰਿਹਾ ਹੈ ਕਿ ਵੱਖ ਵੱਖ ਭਾਈਚਾਰਿਆਂ ਦੇ ਕਿਰਤੀ ਲੋਕਾਂ ਅੰਦਰ ਬੇਵਿਸ਼ਵਾਸੀ ਬਣੀ ਰਹੇ, ਬੇਲਾਗਤਾ ਬਣੀ ਰਹੇ, ਦੁਸ਼ਮਣੀ ਬਣੇ ਅਤੇ ਰੌਲੇ-ਰੱਟੇ ਬਣਨ। ਇਹਨਾ ਕਿਰਤੀਆਂ ਦੀ ਆਪਸੀ ਸਾਂਝ ਨਾ ਬਣੇ। ਕਿਰਤੀਆਂ ਦੇ ਸਾਂਝੇ ਮਸਲਿਆਂ ‘ਤੇ ਏਕਤਾ ਨਾ ਬਣੇ। ਸਾਂਝੇ ਸੰਘਰਸ਼ ਨਾ ਬਣਨ।
ਪੰਜਾਬ ਦੇ ਸੰਤਾਪ ਦੌਰਾਨ, ਇਹਨਾਂ ਕਾਲੀਆਂ ਤਾਕਤਾਂ ‘ਚੋਂ ਕਿਸੇ ਨੇ ਪੰਥ ਦੇ ਨਾਂ ‘ਤੇ ਅਤੇ ਕਿਸੇ ਨੇ ਦੇਸ਼ ਦੀ ਅਖੰਡਤਾ ਦੇ ਨਾਂ ‘ਤੇ ਦਹਾਕਿਆਂਵੱਧੀ ਰਾਜ-ਭਾਗ ਦਾ ਅਨੰਦ ਮਾਣਿਆ। ਕਿਸੇ ਨੇ ਦਬਦਬੇ ਦੇ ਨਾਂ ‘ਤੇ ਅਤੇ ਕਿਸੇ ਨੇ ਸੁਰੱਖਿਆ ਨੂੰ ਖਤਰੇ ਦੇ ਨਾਂ ਤੇ ਅਣਕਿਆਸੀਆਂ ਤਾਕਤਾਂ ਮਾਣੀਆਂ। ਸਭ ਭਾਈਚਾਰਿਆ ਨੇ ਦਹਿਸ਼ਤ ਹੰਢਾਈ ਕਹਿਰ ਹੰਢਾਇਆ ਅਤੇ ਸੰਤਾਪ ਝੱਲਿਆ।
ਇਸੇ ਖੇਡ ਨੂੰ ਫਿਰ ਖੇਡਣ ਦੀ ਕੋਸ਼ਿਸ਼ ਹੈ। ਵਾਰ ਵਾਰ ਖੇਡਣ ਦੀ ਕੋਸ਼ਿਸ਼ ਹੈ।
ਜੋ ਅਸਲ ਖਤਰਾ ਹੈ ਉਸਨੂੰ ਪਹਿਚਾਣਿਆ ਜਾਣਾ ਚਾਹੀਦਾ ਹੈ। ਖਤਰੇ ਮੂੰਹ ਹੈ ਸਭਨਾਂ ਕਿਰਤੀਆਂ ਦੀ ਰੋਜ਼ੀ, ਰੁਜ਼ਗਾਰ, ਸੁਰੱਖਿਆ ਅਤੇ ਕਿਰਤੀਆਂ ਦੀ ਹੋਣੀ ਹਸਤੀ। ਖੁਦਕਸ਼ੀਆਂ ਕਰ ਰਹੇ ਹਨ ਕਿਸਾਨ, ਮਜ਼ਦੂਰ, ਛੋਟੇ ਕਾਰੋਬਾਰੀ, ਬੇਰੁਜ਼ਗਾਰ ਨੌਜਵਾਨ : ਖਤਰੇ ਮੂੰਹ ਹੈ ਭਾਈ ਲਾਲੋਆਂ ਦਾ ਸਾਰਾ ਸਮਾਜ! ਜਿਵੇਂ ਸਿੱਖ ਭਾਈਚਾਰੇ ਨੇ ਕਿਸਾਨ ਘੋਲ ਅੰਦਰ ਸ਼ਾਨਦਾਰ ਰੋਲ ਅਦਾ ਕੀਤਾ ਹੈ ਜਿਸਦੀ ਸਾਰੇ ਭਾਈਚਾਰਿਆਂ ਨੇ ਭਰਪੂਰ ਜੈਕਾਰ ਕੀਤੀ ਹੈ ਅਤੇ ਉਸਦੀ ਮਿਸਾਲ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਭਾਈਚਾਰਕ ਅਤੇ ਕਿਰਤੀ ਏਕਤਾ ਦਾ ਰਸਤਾ ਹੀ ਹੈ ਭਾਵਨਾਵਾਂ, ਹਸਤੀਆਂ ਹੋਣੀਆਂ ਦੀ ਸੁਰੱਖਿਆ ਅਤੇ ਮਾਣ-ਸਤਿਕਾਰ ਦਾ ਰਸਤਾ।  ਖਤਰੇ ਮੂੰਹ ਹੈ ਇਹ ਏਕਤਾ! ਭਾਈਚਾਰਿਆਂ ਦੀ ਇਹ ਗਲਵਕੜੀ! ਸੁਰੱਖਿਆ ਹਨ ਉਹ ਹੰਝੂ, ਜਿਹਨਾਂ ਦੇ ਹੜ੍ਹ ‘ਚ 28 ਜਨਵਰੀ 2020 ਦੀ ਰਾਤ ਨੂੰ ਗਾਜੀਪੁਰ ਬਾਰਡਰ ‘ਤੇ ਸਿੱਖ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਮਨਸੂਬੇ ਰੁੜ੍ਹ-ਵਹਿ ਗਏ। ਹਰਿਆਣਾ ਯੂਪੀ ਦਾ ਹਿੰਦੂ ਕਿਸਾਨ ਰਾਤੋ-ਰਾਤ ਆਪਣੇ ਭਰਾਵਾਂ ਨਾਲ ਆ ਜੁਟਿਆ, ਇਹ ਹੈ ਮਾਣ-ਸਤਿਕਾਰ ਦਾ ਕਿਲਾ!
ਇਸ ਲਈ ਬੇਦਅਬੀਆਂ ਦੇ ਮਸਲੇ ਨੂੰ ਭਾਈਚਾਰਾ ਠਰੰਮੇ ਨਾਲ ਵਿਚਾਰੇ। ਬੇਅਦਬੀਆ ਦੀਆਂ ਘਟਨਾਵਾਂ ਸਮੇਂ ਮੌਕੇ ਤੇ ਫੜੇ ਗਏ ਵਿਅਕਤੀਆ ਰਾਹੀਂ ਇਹਨਾਂ ਪਿਛਲੀਆਂ ਤਾਕਤਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਸੀ ਪਰ ਇਹ ਦਿਲਚਸਪੀ ਦਿਖਾਈ ਨਹੀਂ ਦਿੱਤੀ।  ਮਾਮਲਾ ਕਾਫੀ ਗੁੰਝਲਦਾਰ ਹੈ। ਬਣੇ ਮਹੌਲ ‘ਚ ਪਤਾ ਨਹੀਂ ਕੌਣ-ਕੌਣ ਆਪਣੇ ਨਾਪਾਕ ਉੱਲੂ ਸਿੱਧਾ ਕਰਨ ਦੇ ਮਨਸੂਬੇ ਪਾਲੀ ਬੈਠਾ ਹੈ।  ਇਸ ਲਈ ਕਿਸੇ ਵੀ ਘਟਨਾ ਮੌਕੇ ਯਕਦਮ, ਅਫਵਾਹ ‘ਤੇ ਅਤੇ ਸੁਣੀ-ਸੁਣਾਈ ‘ਤੇ ਘਬਰਾਹਟ ਭਰੇ ਪ੍ਰਤੀਕਰਮ ਦੇਣ ਤੋਂ ਬਚਿਆ ਜਾਣਾ ਚਾਹੀਦਾ ਹੈ। ਇਹ ਪ੍ਰਤੀਕਰਮ, ਬਾਹਰਲੇ ਸੰਸਾਰ ਤੱਕ ਪਹੁੰਚ ਕੇ ਅਣਕਿਆਸਿਆ ਅਕਸ ਸਿਰਜਦੇ ਹਨ ਜੋ ਵਾਰ ਵਾਰ ਦੁਹਰਾ ਨਾਲ ਕਾਲੀਆ ਤਾਕਤਾਂ ਨੂੰ ਹੋਰ ਮੁੜ-ਪ੍ਰਤੀਕਰਮਾਂ ਨੂੰ ਵਾਜਬ ਠਹਿਰਾਉਣ ਦਾ ਅਧਾਰ ਤਿਆਰ ਕਰਦੇ ਹਨ।
ਭਾਰਤ ਭਰ ਵਿਚ ਧਾਰਮਕ ਭਾਵਨਾਵਾਂ ਵਲੂੰਧਰਣ ਦੇ ਨਾਂ ਥੱਲੇ ਸਾਜਿਸ਼ੀ ਗ੍ਰੋਹਾਂ ਅਤੇ ਭੜਕੀਆਂ ਭੀੜਾਂ ਵਲੋਂ ਸਿਲਸਿਲੇਵਾਰ ਤਰੀਕੇ ਨਾਲ ਲਿੰਚਿੰਗ ਦੀਆਂ ਅਨੇਕਾਂ ਘਟਨਾਵਾ ਵਾਪਰ ਚੁੱਕੀਆਂ ਹਨ।  ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਉਕਸਾਹਟ ਦਾ ਕਾਰਣ ਕਿੰਨਾ ਵੀ ਵਾਜਬ ਕਿਉਂ ਨਾ ਜਾਪੇ, ਪਰ ਧਾਰਮਕ ਭਾਵਨਾਵਾਂ ਦੇ ਹਵਾਲੇ ਨਾਲ ਲਿੰਚਿੰਗ ਨੂੰ ਇਕ ਹੱਕ ਵਜੋਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਕਿਆਸ ਕੇ ਦੇਖੋ ਕਿ ਇਸਦੇ ਕਿੰਨੇ ਭਿਆਨਕ ਨਤੀਜੇ ਆਮ ਲੋਕਾਂ ਨੂੰ ਝਾਗਣੇ ਪੈਣਗੇ! ਇਸ ਲਈ ਧਾਰਮਕ ਭਾਵਨਾਵਾਂ ਦੇ ਨਾਂ ‘ਤੇ ਲਿੰਚਿੰਗ ਦੀ ਹਰ ਘਟਨਾ ਨਿਖੇਧੀਜਨਕ ਹੈ। ਭੜਕੇ ਹਜੂਮਾਂ ਵਲੋਂ ਹੱਥ ਆਏ ਵਿਅਤਕੀ ਨੂੰ ਕੋਹ ਕੋਹ ਮਾਰ ਮਕਾਉਣ ਦੀਆਂ ਘਟਨਾਵਾਂ ਨੂੰ ਸਿੱਖ ਇਤਿਹਾਸ ਦੀਆਂ ਉਹਨਾਂ ਸ਼ਾਨਦਾਰ ਘਟਨਾਵਾਂ ਨਾਲ ਮੇਲਣਾ ਜਦੋਂ ਸਿੱਖ ਜੁਝਾਰੂਆਂ ਨੇ ਮੁਗਲ ਰਾਜਸੱਤਾ ਦੇ ਨਮਾਇੰਦਿਆਂ ਨੂੰ ਸਬਕ ਸਿਖਾਇਆ, ਇਤਿਹਾਸ ਨਾਲ ਬੇਮੇਲ ਹੈ ਅਤੇ ਉਹਨਾਂ ਸੂਰਬੀਰਾਂ ਦੇ ਅਕਸ ਨੂੰ ਧੁੰਦਲਾ ਕਰਨਾ ਹੈ।
ਬੇਅਦਬੀ ਦੀਆਂ ਘਟਨਾਵਾਂ ਪਿੱਛੇ ਮੌਜੂਦ ਕਾਲੀਆ ਤਾਕਤਾਂ ਬੇਨਕਾਬ ਕੀਤੀਆਂ ਜਾਣ। ਕਿਸੇ ਵੀ ਘਟਨਾ ਮੌਕੇ ਇਹਨਾਂ ਤਾਕਤਾਂ ਵੱਲ ਜਾਂਦੇ ਰਸਤੇ ਬੰਦ ਨਾ ਕੀਤੇ ਜਾਣ।  ਧਾਰਮਕ ਭਾਵਨਾਵਾਂ ਦੇ ਹਵਾਲੇ ਨਾਲ ਲਿੰਚਿੰਗ ਦੀਆ ਘਟਨਾਵਾਂ ਮੁਲਕ ਭਰ ਵਿਚ ਬੰਦ ਹੋਣ।  ਭਾਈਚਾਰਕ ਏਕਤਾ, ਸਦਭਾਵਨਾ ਦੀ ਰਾਖੀ ਲਈ ਨਿਤਰੀਏ।  ਸਭਨਾਂ ਕਿਰਤੀਆ ਦੇ ਸਾਂਝੇ ਮਸਲਿਆਂ ਦੀ ਗੱਲ ਹੋਵੇ, ਏਕਤਾ ਬਣਾ ਕੇ ਸੰਘਰਸ਼ਾਂ ਦੇ ਅਖਾੜੇ ਮਘਦੇ ਰੱਖੀਏ ਅਤੇ ਕਾਲੀਆ ਤਾਕਤਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰੀਏ।
ਮਹੱਤਵਪੂਰਣ ਜਰੂਰਤ ਹੈ ਕਿ ਸੁਹਿਰਦ, ਸੂਝਵਾਨ ਦਰਦੀ ਹਿੱਸੇ ਇਸ ਮਸਲੇ ‘ਤੇ ਪੰਜਾਬ ਅੰਦਰ ਅਤੇ ਦੇਸ਼ ਅੰਦਰ ਸੰਵਾਦ ਕਰਨ ਤਾਂ ਜੋ ਬੇਵਿਸ਼ਵਾਸੀ ਸਿਰਜਣ ਵਾਲੇ ਹਰ ਤਰ੍ਹਾਂ ਦੇ ਸਾਜਿਸ਼ੀ ਬਿਰਤਾਂਤਾਂ ਨੂੰ ਠੱਲ੍ਹ ਪਾਈ ਜਾ ਸਕੇ।

….

ਪੰਜਾਬ ਦੀ ਹਵਾ ਚ ਜਹਿਰ ਘੋਲਣ ਦੀ ਸਾਜ਼ਿਸ਼ ਦੀ ਕਨਸੋਅ 

ਬਰਗਾੜੀ ਕਾਂਡ ਨੂੰ ਅੰਜਾਮ ਦੇਣ ਵਾਲੇ ਕੋਣ ਸਨ ਅਜੇ ਤੱਕ ਪਤਾ ਨਹੀੰ ਹੈ।ਸਾਲਾਂ ਬੱਧੀ ਜਾਂਚਾ ਦੇ ਨਾਮ ਤੇ ਸਿਆਸੀ ਰੋਟੀਆਂ ਸੇਕਣ ਤੋੰ ਬਿਨਾ ਏਸ ਮਾਮਲੇ ‘ਚ ਕਿਸੇ ਨੇ ਕੁਛ ਨਹੀੰ ਕੀਤਾ। ਹੁਣ ਹਰਿਮੰਦਰ ਸਾਹਿਬ ਅੰਦਰ ਬੇਅਦਬੀ ਕਰਨ ਵਾਲਾ ਪ੍ਰਤੱਖ ਦੋਸ਼ੀ ਭਾਵੇੰ ਫੜ੍ਹਿਆ ਗਿਆ ਤੇ ਕਤਲ ਕਰ ਦਿੱਤਾ ਗਿਆ।  ਪਰ ਇਸ ਸਾਜਿਸ਼ ਪਿੱਛੇ ਅਸਲ ਵਿੱਚ ਕਿਹੜੀਆਂ ਕਾਲੀਆਂ ਤਾਕਤਾਂ ਹਨ, ਇਸਦਾ ਕੋਈ ਥਹੁ ਪਤਾ ਨਹੀੰ ਹੈ।  ਬੇਅਦਬੀ ਦੀਆਂ ਘਟਨਾਵਾਂ ਨੂੰ  ਕਿਸਦੇ ਇਸ਼ਾਰੇ ਤੇ ਅੰਜਾਮ ਦਿੱਤਾ ਗਿਆ, ਉਸਦੀ ਖਾਸ ਪਹਿਚਾਣ ਚਾਹੇ ਨਹੀ ਹੋ ਸਕੀ, ਪਰ ਸਮੁੱਚੇ ਰੂਪ ਵਿੱਚ ਇਸ ਪਿੱਛੇ ਕੌਣ ਹੋ ਸਕਦਾ ਇਸਦਾ ਅੰਦਾਜਾ ਇਸ ਅਧਾਰ ਤੇ ਲਾਇਆ ਜਾ ਸਕਦਾ ਹੈ ਕਿ ਇਸਦਾ ਫਾਇਦਾ ਕਿਸ ਨੂੰ ਹੋਵੇਗਾ। ਬੇਅਦਬੀ ਦੀਆਂ ਘਟੀਆ ਘਟਨਾਵਾਂ ਦੇ ਅਸਲ ਮਨੋਰਥ ਦੀ ਪਛਾਣ ਹੀ ਤੋੰ ਉਹਨਾਂ ਤਾਕਤਾਂ ਦਾ ਖੁਰਾ-ਖੋਜ ਲੱਭਿਆ ਜਾ ਸਕਦਾ ਹੈ। ਇਹਨਾਂ ਘਟਨਾਵਾਂ ਦੀ ਲਗਾਤਾਰਤਾ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਇਹ ਬਕਾਇਦਾ ਸੋਚ-ਸਮਝ ਕੇ ਅੰਜਾਮ ਦਿੱਤੀਆਂ ਗਈਆਂ ਹਨ। ਇਹਨਾਂ ਘਟਨਾਵਾਂ ਦਾ ਮਕਸਦ ਕਿਸੇ ਧਰਮ ਦੀ ਬੇਅਦਬੀ ਨਾਲੋੰ ਵਧਕੇ ਧਾਰਮਿਕ ਭਾਵਨਾਵਾਂ ਭੜਕਾ ਕੇ ਫਿਰਕੂ ਮਾਹੌਲ ਪੈਦਾ ਕਰਨਾ ਤੇ ਫਿਰ ਉਸ ਮਾਹੌਲ ਦੇ ਸਿਰ ਤੇ ਸਿਆਸੀ ਰੋਟੀਆਂ ਸੇਕਣਾ ਵਧੇਰੇ ਹੈ। ਪੰਜਾਬ ਦੇ ਅੰਦਰ ਫਿਰਕੂ ਭਾਈਚਾਰਕ ਅਮਨ, ਆਪਸੀ ਏਕਤਾ ਤੇ ਲੋਕਾਂ ਦੀ ਸੰਘਰਸ਼-ਸ਼ੀਲ ਏਕਤਾ( ਖਾਸ ਕਰਕੇ ਖੇਤੀ ਬਿੱਲਾਂ ਤੇ ਉਸਰੀ ਏਕਤਾ) ਦੀ ਹਾਮੀ ਕਿਸੇ ਵੀ ਧਿਰ ਜਾਂ ਵਿਅਕਤੀ ਲਈ ਬੇਅਦਬੀ ਦੀਆਂ ਘਟਨਾਵਾਂ ਗਹਿਰੇ ਫਿਕਰ ਦਾ ਸਰੋਕਾਰ ਹਨ। ਪਰ ਇਸਦੇ ਉਲਟ ਪੰਜਾਬ ਅੰਦਰ ਫਿਰਕੂ ਕਲੇਸ਼ ਖੜਾ ਕਰਕੇ ਇਸਦੇ ਸਿਰ ਤੇ ਕੁਰਸੀਆਂ ਤੇ ਬਿਰਾਜਮਾਨ ਹੋਣ ਦਾ ਸੁਪਨਾ ਦੇਖਦੀਆਂ ਤੇ ਲੋਕਾਂ ਦੀ ਸੰਘਰਸ਼-ਸ਼ੀਲ ਏਕਤਾ ਦੀਆਂ ਦੋਖੀ ਤਾਕਤਾਂ ਲਈ ਇਹ ਵਰਦਾਨ ਹਨ। ਸੋ ਇਹਨਾਂ ਘਟਨਾਵਾਂ ਦੇ ਅਸਲ ਯੋਜਨਾਕਾਰਾਂ ਦੇ ਚਿਹਰੇ ਚਾਹੇ ਪ੍ਰਤੱਖ ਨਹੀੰ, ਮਨਸੂਬੇ ਪ੍ਰਤੱਖ ਹਨ। ਇਹ ਉਹੀ ਲੋਕ ਹੋ ਸਕਦੇ ਹਨ ਜਿਹਨਾਂ ਦਾ ਤੋਰੀ ਫੁਲਕਾ ਫਿਰਕਾ-ਪ੍ਰਸਤੀ, ਕੱਟੜਪੁਣੇ ਦੇ ਸਿਰ ਤੇ ਚਲਦਾ ਹੈ। ਜਿਹਨਾਂ ਤਾਕਤਾਂ ਨੇ ਬੀਤੇ ਵਿੱਚ ਪੰਜਾਬ ਅੰਦਰ ਫਿਰਕੂ ਵੰਡੀਆਂ , ਦਹਿਸ਼ਤ ਤੇ ਖੌਫ ਖੜਾ ਕਰਕੇ ਵੱਡੀਆਂ ਖੱਟੀਆਂ , ਖੱਟੀਆਂ ਹਨ, ਰਾਜ-ਭਾਗ ਮਾਣਿਆ ਹੈ। ਇਹ ਤਾਕਤਾਂ ਉਹ ਵੀ ਹੋ ਸਕਦੀਆਂ ਹਨ ਜਿਹਨਾਂ ਨੂੰ ਰਾਜ-ਭਾਗ ਮਾਨਣ ਦਾ ਮੌਕਾ ਦਹਿਸ਼ਤ ਗਰਦੀ ਦੇ ਕਾਲੇ ਦੌਰ ਨੇ ਨਹੀੰ ਦਿੱਤਾ ਤੇ ਜਿਸਦੀ ਉਹਨਾਂ ਨੂੰ ਹੁਣ ਝਾਕ ਹੈ। ਇਹ ਤਾਕਤਾਂ ਹਿੰਦੂ-ਸਿੱਖ ਸਿਆਸੀ ਪੱਤਾ ਖੇਡ ਕੇ ਪੰਜਾਬ ਅੰਦਰ ਸਿਆਸੀ ਪੈਰ ਧਰਾ ਬਣਾਉਣ ਦੀਆਂ ਇੱਛੁਕ ਤਾਕਤਾਂ ਵੀ ਹੋ ਸਕਦੀਆਂ ਹਨ। ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਵੀ ਹੋਵੇ, ਉਹ ਪੰਜਾਬ ਦੇ ਹਿੱਤਾ ਲਈ ਖਤਰਾ ਹੈ। ਉਸਦਾ ਮੁਕਾਬਲਾ ਉਸਦੇ ਮਨਸੂਬੇ ਫੇਲ੍ਹ ਕਰਕੇ ਹੀ ਦਿੱਤਾ ਜਾ ਸਕਦਾ ਹੈ। ਸੋ  ਲੋੜ ਹੈ ਕਿ ਅਜਿਹੀਆਂ ਘਟਨਾਵਾਂ ਦੀ ਜੋਰਦਾਰ ਨਿੰਦਾ ਕੀਤੀ ਜਾਵੇ ਪਰ ਨਾਲ ਹੀ ਫਿਰਕੂ ਸਦਭਾਵਨਾ ਤੇ ਭਾਈਚਾਰੇ ਦੀ ਰਾਖੀ ਕਰਦਿਆਂ, ਫਿਰਕੂ-ਫਾਸ਼ੀ ਕਾਲੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਪੰਜਾਬ ਦੀ ਜਨਤਾ ਸਾਹਮਣੇ ਫਾਸ਼ ਕੀਤਾ ਜਾਵੇ। ਪੰਜਾਬ ਅੱਦਰ ਫਿਰਕੂ ਅਮਨ ਤੇ ਭਾਈਚਾਰੇ ਦਾ ਜੋਰਦਾਰ ਸੰਦੇਸ਼ ਬੁਲੰਦ ਕੀਤਾ ਜਾਵੇ। ਇਹ ਵੀ ਲੋੜ ਹੈ ਕਿ ਅਜਿਹੀਆਂ ਘਟਨਾਵਾਂ ਵਾਪਰਨ ਸਮੇੰ ਲੋਕਾਂ ਨੂੰ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣ ਤੇ ਕਤਲ-ਮਾਰ-ਧਾੜ ਵਰਗੀਆਂ ਕਾਰਵਾਈਆਂ ਤੋੰ ਗੁਰੇਜ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
– ਮਨਪ੍ਰੀਤ ਜਸ।

Comment here