ਸਿਆਸਤਖਬਰਾਂਚਲੰਤ ਮਾਮਲੇ

ਧਰਮ ਸੰਕਟ ਚ ਫਸੇ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਨਹੀਂ ਲੱਭ ਰਿਹਾ

ਵਿਸ਼ੇਸ਼ ਰਿਪੋਰਟ-ਰੋਹਿਨੀ
ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਬਣੀ ਸਥਿਤੀ ਉੱਤੇ ਵਿਚਾਰ ਕਰਨ ਲਈ ਬਣਾਈ ਝੂੰਦਾਂ ਕਮੇਟੀ ਵਲੋਂ ਬੇਸ਼ੱਕ ਆਪਣੀ ਰਿਪੋਰਟ ਪਿਛਲੇ ਮਹੀਨੇ ਸੌਂਪ ਦਿੱਤੀ ਗਈ ਸੀ ਅਤੇ ਉਸ ਉੱਤੇ ਗੈਰ ਰਸਮੀ ਵਿਚਾਰ ਵਟਾਂਦਰਾ ਵੀ ਹੋ ਚੁੱਕਾ ਹੈ ਪਰ ਪਾਰਟੀ ਹਾਈਕਮਾਨ ਨੇ ਇਸ ਰਿਪੋਰਟ ਉੱਤੇ ਅਜੇ ਤੱਕ ਕੋਈ ਰਸਮੀ ਵਿਚਾਰ ਨਹੀਂ ਕੀਤਾ । ਰਿਪੋਰਟ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਹੇਠਲੇ ਪੱਧਰ ਦੇ ਵਰਕਰ ਪਾਰਟੀ ਲੀਡਰਸ਼ਿਪ ਵਿਚ ਬਦਲਾਅ ਚਾਹੁੰਦੇ ਹਨ । ਪਾਰਟੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਅਹੁਦਾ ਛੱਡਣ ਨੂੰ ਤਿਆਰ ਹਨ ਪਰ ਉਨ੍ਹਾਂ ਦੀ ਥਾਂ ਜਿਸ ਨੂੰ ਪ੍ਰਧਾਨ ਬਣਾਇਆ ਜਾਵੇ ਉਸ ਦੀ ਸਖਸ਼ੀਅਤ ਉੱਚੀ ਅਤੇ ਸੁੱਚੀ ਹੋਣੀ ਚਾਹੀਦੀ ਹੈ ਅਤੇ ਉਹ ਇਸ ਕਾਬਲ ਹੋਣਾ ਚਾਹੀਦਾ ਹੈ ਕਿ ਪਾਰਟੀ ਨੂੰ ਲੱਗੇ ਖੋਰੇ ਕਾਰਨ ਹੋਏ ਨੁਕਸਾਨ ਦੀ ਪੂਰਤੀ ਕਰ ਸਕੇ ।  ਸੂਤਰਾਂ ਅਨੁਸਾਰ ਕੁਝ ਨਾਵਾਂ ਉੱਤੇ ਵਿਚਾਰ ਵੀ ਕੀਤਾ ਗਿਆ ਹੈ ਪਰ ਪ੍ਰਧਾਨਗੀ ਲਈ ਅਜੇ ਤੱਕ ਕਿਸੇ ਨੂੰ ਯੋਗ ਨਹੀਂ ਸਮਝਿਆ ਗਿਆ । ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲੋਂ ਟੁੱਟ ਕੇ ਜੋ ਨੁਕਸਾਨ ਹੋਇਆ ਹੈ ਉਸ ਪ੍ਰਤੀ ਵੀ ਪਾਰਟੀ ਵਿਚ ਚਿੰਤਨ ਚੱਲ ਰਿਹਾ ਹੈ । ਮਾਲਵਾ ਖੇਤਰ ਦੇ ਘੱਟੋ-ਘੱਟ 20 ਵਿਧਾਨ ਸਭਾ ਹਲਕੇ ਅਜਿਹੇ ਹਨ ਜਿਨ੍ਹਾਂ ਉੱਤੇ ਢੀਂਡਸਾ ਗਰੁੱਪ (ਸ਼੍ਰੋਮਣੀ ਅਕਾਲੀ ਦਲ (ਸ) ਦਾ ਏਨਾ ਕੁ ਪ੍ਰਭਾਵ ਹੈ ਕਿ ਉਸ ਦੀ ਪਾਰਟੀ ਦੇ ਉਮੀਦਵਾਰ ਜਿੱਤਣ ਜਾਂ ਨਾ ਜਿੱਤਣ ਪਰ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹਨ । ਇਸ ਮੁੱਦੇ ਉੱਤੇ ਵੀ ਪਾਰਟੀ ਵਿਚ ਮੰਥਨ ਚੱਲ ਰਿਹਾ ਹੈ। ਕੁੱਝ ਆਗੂ ਢੀਂਡਸਾ ਗਰੁੱਪ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਲਈ ਦਲੀਲਾਂ ਵੀ ਦੇ ਰਹੇ ਹਨ ਪਰ ਢੀਂਡਸਾ ਗਰੁੱਪ ਦੀ ਮੁੱਖ ਸ਼ਰਤ ਪਾਰਟੀ ਤੋਂ ਬਾਦਲ ਪਰਿਵਾਰ ਨੂੰ ਅਲਾਹਿਦਾ ਕਰਨ ਦੀ ਹੈ । ਪਾਰਟੀ ਲੀਡਰਸ਼ਿਪ ਵਿਚ ਇਹ ਵੀ ਵਿਚਾਰ ਚੱਲ ਰਿਹਾ ਹੈ ਕਿ ਪੰਥਕ ਏਕਤਾ ਦੇ ਨਾਂਅ ਉੱਤੇ ਪਾਰਟੀ ਦੀ ਪ੍ਰਧਾਨਗੀ ਕਿਸੇ ਹੋਰ ਨੂੰ ਸੌਂਪ ਦਿੱਤੀ ਜਾਵੇ ।ਇਸ ਨਾਲ ਪਾਰਟੀ ਵਿਚ ਸਰਗਰਮੀ ਪੈਦਾ ਹੋਵੇਗੀ ਅਤੇ ਢੀਂਡਸਾ ਗਰੁੱਪ ਦੀ ਸ਼ਰਤ ਵੀ ਪੂਰੀ ਹੋ ਜਾਵੇਗੀ ਬੇਸ਼ੱਕ ਪਾਰਟੀ ਅਸਿੱਧੇ ਤੌਰ ਉੱਤੇ ਬਾਦਲ ਪਰਿਵਾਰ ਦੀ ਅਗਵਾਈ ਹੀ ਲੈਂਦੀ ਰਹੇ ਅਤੇ ਕੁੱਝ ਸਮਾਂ ਬੀਤਣ ਬਾਅਦ ਪਾਰਟੀ ਦੀ ਵਾਂਗਡੋਰ ਮੁੜ ਬਾਦਲ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇ ।ਇਨ੍ਹਾਂ ਸੂਤਰਾਂ ਅਨੁਸਾਰ ਪਾਰਟੀ ਵਿਚ ਇਸ ਸਥਿਤੀ ਨਾਲ ਨਿਪਟਣ ਲਈ ਕੁਝ ਚਿਹਰਿਆਂ ਬਾਰੇ ਅੰਦਰੂਨੀ ਤੌਰ ਉੱਤੇ ਵਿਚਾਰ ਚੱਲ ਰਹੀ ਹੈ ਜਿਨ੍ਹਾਂ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਬਲਵਿੰਦਰ ਸਿੰਘ ਭੂੰਦੜ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੱਸੇ ਜਾਂਦੇ ਹਨ । ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਰਟੀ ਦੇ ਧਾਰਮਿਕ ਅਤੇ ਸਿਆਸੀ ਵਿੰਗ ਵੱਖ-ਵੱਖ ਹੋਣੇ ਚਾਹੀਦੇ ਹਨ ।ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸਿਰਫ ਧਰਮ ਦੇ ਪ੍ਰਚਾਰ ਵੱਲ ਧਿਆਨ ਦੇਣ ਲਈ ਕਿਹਾ ਜਾ ਸਕਦਾ ਹੈ । ਪਾਰਟੀ ਦੇ ਜੱਥੇਬੰਦਕ ਢਾਂਚੇ ਵਿਚ ਜ਼ਿਲ੍ਹਾ ਪੱਧਰੀ ਜਾਂ ਇਸ ਤੋਂ ਉੱਪਰ ਦੇ ਅਹੁੱਦਿਆਂ ਉੱਪਰ ਬੈਠੇ ਆਗੂਆਂ ਦਾ ਪੁਰਾਣਾ ਮਾਨ ਸਨਮਾਨ ਬਹਾਲ ਕਰਨ ਦੀ ਗੱਲ ਕਹੀ ਗਈ ਹੈ ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ, ਐਸ.ਪੀ.ਐਸ. ਪਰਮਾਰ ਦੀ ਅਗਵਾਈ ਵਾਲੀ ਸਿੱਟ ਦੀ ਰਿਪੋਰਟ ਤੋਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ। ਅਕਾਲੀ ਦਲ ਦੀ ਪ੍ਰਚਾਰ ਮਸ਼ੀਨਰੀ ਤੇ ਉਨ੍ਹਾਂ ਦੇ ਵਫ਼ਾਦਾਰ ਬਹੁਤ ਜ਼ੋਰ-ਸ਼ੋਰ ਨਾਲ ਇਸ ਰਿਪੋਰਟ ਨੂੰ ਬਾਦਲ ਪਰਿਵਾਰ ਲਈ ‘ਕਲੀਨ ਚਿੱਟ’ ਕਰਾਰ ਦੇ ਰਹੇ ਹਨ। ਹਾਲਾਂ ਕਿ ਵਿਰੋਧੀ ਪਾਰਟੀਆਂ ‘ਆਪ’ ਤੇ ਕਾਂਗਰਸ ਨੇ ਅਤੇ ਖ਼ਾਸ ਕਰਕੇ ਭਗਵੰਤ ਮਾਨ ਨੇ ਤਾਂ ਸਤੰਬਰ 2018 ਵਿਚ ਸਪੱਸ਼ਟ ਬਿਆਨ ਦਿੱਤਾ ਸੀ ਕਿ ਸੂਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਰਵਾਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬਾਦਲ ਪਰਿਵਾਰ ਨੂੰ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਸੀ। ਹੋਰ ਵੀ ਕਈ ਰਾਜਨੇਤਾਵਾਂ ਨੇ ਇਸ ਨਾਲ ਮਿਲਦੇ-ਜੁਲਦੇ ਇਲਜ਼ਾਮ ਲਾਏ ਸਨ, ਜਿਨ੍ਹਾਂ ਵਿਚ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਸਨ।ਹੁਣ ਇਸ ਰਿਪੋਰਟ ਤੋਂ ਬਾਅਦ ਇਨ੍ਹਾਂ ਵਿਚੋਂ ਕੁਝ ‘ਤੇ ਅਕਾਲੀ ਦਲ ਹੱਤਕ ਇੱਜ਼ਤ ਦੇ ਕੇਸ ਕਰਨ ਦੀਆਂ ਤਿਆਰੀਆਂ ਵੀ ਕਰ ਰਿਹਾ ਹੈ।ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ, ਪਰ ਵਾਹਿਗੁਰੂ ਨੇ ਅਕਾਲੀ ਦਲ ਨੂੰ ਇਸ ਘਟਨਾਕ੍ਰਮ ਵਿੱਚੋਂ ਬਾਹਰ ਕੱਢਿਆ ਹੈ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਕਿਹਾ ਗਿਆ ਸੀ ਕਿ ਬੇਅਦਬੀਆਂ ਦੀ ਪੜਤਾਲ ਸੀਬੀਆਈ ਕਰੇ ਤੇ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਆਪਣੀ ਸਿਟ ਬਣਾ ਲਈ। ਉਨ੍ਹਾਂ ਕਿਹਾ ਕਿ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਮੁੜ ਸਿਟ ਬਣਾਈ ਗਈ, ਪਰ ਇਸ ਪੜਤਾਲ ਵਿੱਚ ਵੀ ਅਕਾਲੀ ਦਲ ਨੂੰ ਬੇਕਸੂਰ ਦੱਸਿਆ ਗਿਆ।  ਧਾਮੀ ਨੇ ਕਿਹਾ ਕਿ ਦੋਵੇਂ ਪਾਰਟੀਆਂ ਵੱਲੋਂ ਸਿਰਫ਼ ਬਾਦਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬੀਤੇ ਸੱਤ ਸਾਲਾਂ ਵਿੱਚ ਸਾਰਾ ਜ਼ੋਰ ਸਿਰਫ਼ ਅਦਾਲੀ ਦਲ ਨੂੰ ਭੰਡਣ ਵਿੱਚ ਲਗਾਇਆ ਗਿਆ ਜਦਕਿ ਸਾਰੀਆਂ ਜਾਂਚ ਕਮੇਟੀਆਂ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੇਕਸੂਰ ਦੱਸਿਆ ਗਿਆ ਹੈ।
ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਰਿਪੋਰਟ ਜਾਰੀ ਕੀਤੀ ਹੈ, ਉਹ ਵੀ ਚਰਚਾ ਦਾ ਵਿਸ਼ਾ ਹੈ ਤੇ ਕਈ ਸਵਾਲ ਵੀ ਖੜ੍ਹੇ ਕਰਦਾ ਹੈ। ਪੰਥਕ ਹਲਕਿਆਂ ਵਿਚ ਆਪ ਸਰਕਾਰ ਦਾ ਵਿਰੋਧ ਪਾਇਆ ਜਾ ਰਿਹਾ ਕਿ ਉਹ ਬੇਅਦਬੀ ਦੇ ਕੇਸ ਵਿਚ ਬਾਦਲਾਂ ਨੂੰ ਮਾਫ ਕਰ ਰਹੀ ਹੈ। ਜਾਪਦਾ ਨਹੀਂ ਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਏਨੇ ਨਾਲ ਹੀ ਸਿੱਖ ਮਾਨਸਿਕਤਾ ਵਿਚ ਫਿਰ ਪ੍ਰਵਾਨ ਹੋ ਜਾਏਗਾ। ਕਿਉਂਕਿ ਅਕਾਲੀ ਦਲ ‘ਤੇ ਜਿਹੜੇ ਇਲਜ਼ਾਮ ਲਗਦੇ ਹਨ, ਉਨ੍ਹਾਂ ਵਿਚੋਂ ਬਹੁਤ ਸਾਰੇ ਅਜੇ ਵੀ ਜਵਾਬ ਮੰਗਦੇ ਹਨ। ਪਹਿਲਾ ਇਲਜ਼ਾਮ ਤਾਂ ਇਹ ਹੈ ਕਿ ਉਨ੍ਹਾਂ ਦੇ ਰਾਜ ਵਿਚ ਕਥਿਤ ਤੌਰ ‘ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜਨ ਵਿਚ ਵਰਤੀ ਗਈ ਲਾਪ੍ਰਵਾਹੀ, ਲਾਪ੍ਰਵਾਹੀ ਹੀ ਸੀ ਜਾਂ ਇਹ ਡੇਰਾ ਪ੍ਰੇਮੀਆਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਸੀ? ਫਿਰ ਬੇਅਦਬੀ ਦੀਆਂ ਘਟਨਾਵਾਂ ਖਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਗੋਲੀ ਜਿਸ ਵਿਚ 2 ਸਿੰਘ ਸ਼ਹੀਦ ਹੋ ਗਏ, ਅਕਾਲੀ ਦਲ ਦੇ ਰਾਜ ਵਿਚ ਚੱਲੀ ਸੀ। ਪਰ ਉਸ ਵੇਲੇ ਲੰਮੇ ਵਿਰੋਧ ਦੇ ਬਾਵਜੂਦ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ।
ਜਦੋਂ ਕਿ ਇਹ ਲਗਭਗ ਸਪੱਸ਼ਟ ਹੋ ਚੁੱਕਾ ਸੀ ਕਿ ਬੇਅਦਬੀ ਪਿੱਛੇ ਡੇਰਾ ਸਿਰਸਾ ਨਾਲ ਸੰਬੰਧਿਤ ਲੋਕ ਸ਼ਾਮਿਲ ਸਨ। ਫਿਰ ਜਿਸ ਤਰ੍ਹਾਂ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਦਿੱਤੀ ਗਈ ਤੇ ਬਾਅਦ ਵਿਚ ਸਿੱਖ ਸੰਗਤਾਂ ਦੇ ਵਿਰੋਧ ਕਾਰਨ ਦਿੱਤੀ ਮੁਆਫ਼ੀ ਵਾਪਸ ਲੈਣੀ ਪਈ ਤੇ ਉਸ ਬਾਰੇ ਜੋ ਇਲਜ਼ਾਮ ਲੱਗੇ ਕਿ ਇਹ ਸਭ ਰਾਜ ਸੱਤਾ ਦੇ ਹੁਕਮਾਂ ‘ਤੇ ਹੋਇਆ, ਨੇ ਵੀ ਅਕਾਲੀ ਦਲ ਨੂੰ ਕਟਹਿਰੇ ਵਿਚ ਹੀ ਖੜ੍ਹਾ ਕੀਤਾ ਸੀ। ਪਰ ਅਕਾਲ ਤਖ਼ਤ ਦੇ ਹੁਕਮਨਾਮੇ ਦੇ ਖਿਲਾਫ਼ ਜਾਂਦਿਆਂ ਅਕਾਲੀ ਦਲ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਜਿਸ ਤਰ੍ਹਾਂ ਡੇਰਾ ਸਿਰਸਾ ਤੋਂ ਮਦਦ ਲਈ ਗਈ ਅਤੇ ਜਿਵੇਂ ਵਹੀਰਾਂ ਘੱਤ ਕੇ ਅਕਾਲੀ ਉਮੀਦਵਾਰ ਸਥਾਨਕ ਡੇਰਿਆਂ ਵਿਚ ਪੁੱਜੇ, ਉਸ ਨੇ ਵੀ ਸਿੱਖਾਂ ਨੂੰ ਅਕਾਲੀ ਦਲ ਤੋਂ ਦੂਰ ਕੀਤਾ। ਹਾਲਾਂਕਿ ਕਾਂਗਰਸ, ‘ਆਪ’ ਤੇ ਭਾਜਪਾ ਉਮੀਦਵਾਰ ਵੀ ਡੇਰਾ ਸਿਰਸਾ ਦੇ ਡੇਰਿਆਂ ਵਿਚ ਗਏ ਸਨ ਪਰ ਲੋਕਾਂ ਨੂੰ ਮੁੱਖ ਇਤਰਾਜ਼ ਅਕਾਲੀ ਦਲ ‘ਤੇ ਹੀ ਸੀ, ਕਿਉਂਕਿ ਅਕਾਲੀ ਦਲ ਦੀ ਗੱਲ ਉਨ੍ਹਾਂ ਤੋਂ ਬਹੁਤ ਵੱਖਰੀ ਹੈ। ਬੇਸ਼ੱਕ ਬਹੁਤ ਬਾਅਦ ਵਿਚ ਅਕਾਲੀ ਨੇਤਾਵਾਂ ਨੇ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਅਸਿੱਧੇ ਢੰਗ ਨਾਲ ਮੁਆਫ਼ੀ ਵੀ ਮੰਗੀ ਤੇ ਸਜ਼ਾ ਵੀ ਭੁਗਤੀ ਪਰ ਇਹ ਸਭ ਕੁਝ ਜਿਸ ਤਰ੍ਹਾਂ ਕੀਤਾ ਗਿਆ, ਉਸ ਨੇ ਵੀ ਅਕਾਲੀ ਦਲ ਦੀ ਸਾਖ਼ ਸਿੱਖਾਂ ਵਿਚ ਬਹਾਲ ਨਹੀਂ ਕੀਤੀ। ਅਸਲ ਵਿਚ ਅਕਾਲੀ ਦਲ ਦੀ ਸਾਖ਼ ਸਿੱਖਾਂ ਵਿਚ ਉਸ ਵੇਲੇ ਤੋਂ ਹੀ ਡਿੱਗਣੀ ਸ਼ੁਰੂ ਹੋ ਗਈ ਸੀ ਜਦੋਂ ਅਜਿਹੇ ਪੁਲਿਸ ਅਫ਼ਸਰ, ਜਿਨ੍ਹਾਂ ‘ਤੇ 10 ਸਾਲ ਦੇ ਕਾਲੇ ਦੌਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਤੇ ਧੱਕਿਆਂ ਦੇ ਇਲਜ਼ਾਮ ਲੱਗੇ ਸਨ, ਵਿਰੁੱਧ ਜਾਂਚ ਦੀ ਬਜਾਏ ਉਨ੍ਹਾਂ ਨੂੰ ਵੱਡੇ ਅਹੁਦਿਆਂ ‘ਤੇ ਬਿਠਾ ਦਿੱਤਾ ਗਿਆ ਸੀ। ਜਦੋਂ ਕਿ ਸਿੱਖ ਮਾਨਸਿਕਤਾ ਉਨ੍ਹਾਂ ਨੂੰ ਆਪਣਾ ਦੁਸ਼ਮਣ ਸਮਝ ਰਹੀ ਸੀ।
ਭਾਵੇਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਕ ਲਾ-ਮਿਸਾਲ ਜਿੱਤ ਦਿੱਤੀ ਹੈ। ਪਰ ਸਿੱਖ ਮਾਨਸਿਕਤਾ ਅਜੇ ਵੀ ਜ਼ਖ਼ਮੀ ਹੈ। ਸਿੱਖਾਂ ਨੂੰ ਆਪਣੀ ਅਗਵਾਈ ਕਰਨ ਵਾਲਾ ਅਜੇ ਵੀ ਕੋਈ ਨਹੀਂ ਦਿਖ ਰਿਹਾ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਿਚ ਭਾਵੇਂ ਹੋਰ ਕਿੰਨੇ ਵੀ ਸਹਾਇਕ ਕਾਰਨ ਹੋਣ ਪਰ ਸਭ ਤੋਂ ਵੱਡਾ ਕਾਰਨ ਤਾਂ ਸਿੱਖੀ ਸੋਚ ਦਾ ਉਭਾਰ ਹੀ ਹੈ। ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਇਕ ਵਾਰ ਫੇਰ ਰੱਦ ਕੀਤਾ ਹੈ ਪਰ ‘ਆਪ’ ਦੇ 3 ਮਹੀਨਿਆਂ ਦੇ ਰਾਜ ‘ਤੇ ਨਿਰਾਸ਼ਾ ਦਾ ਵੀ ਪ੍ਰਗਟਾਵਾ ਕੀਤਾ ਹੈ। ਦੀਪ ਸਿੱਧੂ ਦੀ ਮੌਤ ਤੇ ਸਿੱਧੂ ਮੂਸੇਵਾਲੇ ਦੇ ਕਤਲ ਨੇ ਵੀ ਸਿੱਖੀ ਪ੍ਰਭਾਵ ਨੂੰ ਉਭਾਰਿਆ ਹੈ। ਅਜਿਹੀ ਹਾਲਤ ਵਿਚ ਪੰਜਾਬ ਵਿਚ ਕਿਸੇ ਸਿੱਖ ਨੁਮਾਇੰਦਾ ਜਮਾਤ ਦੀ ਘਾਟ ਦਾ ਖਲਾਅ ਅਜੇ ਵੀ ਭਰਿਆ ਨਹੀਂ ਭਾਵੇਂ ਸਿਮਰਨਜੀਤ ਸਿੰਘ ਮਾਨ ਜਿੱਤ ਵੀ ਚੁੱਕੇ ਹਨ। ਪੰਥਕ ਸਿਆਸਤ ਦੇ ਮਾਹਿਰ ਮੰਨਦੇ ਹਨ ਕਿ ਜੇ ਅਕਾਲੀ ਦਲ ਚਾਹੁੰਦਾ ਹੈ ਕਿ ਉਹ ਫਿਰ ਤੋਂ ਪੰਜਾਬ ਵਿਚ ਆਪਣੀ ਥਾਂ ਬਣਾਵੇ ਤਾਂ ਉਸ ਨੂੰ ਸਿੱਖ ਮਾਨਸਿਕਤਾ ਵਿਚ ਉਸ ਪ੍ਰਤੀ ਉਪਜੀ ਉਪਰਾਮਤਾ ਤੇ ਬੇਵਿਸ਼ਵਾਸੀ ਖ਼ਤਮ ਕਰਨੀ ਪਵੇਗੀ, ਜੋ ਸੌਖਾ ਕੰਮ ਨਹੀਂ। ਇਸ ਲਈ ਨਵੀਂ ਲੀਡਰਸ਼ਿਪ ਤੇ ਪੰਜਾਬ ਪਖੀ ਖੁਦਮੁਖਤਿਆਰੀ ਏਜੰਡੇ ਦੀ ਸਿਰਜਣਾ ਕਰਨੀ ਪਵੇਗੀ।

Comment here