ਸਿਆਸਤਖਬਰਾਂ

ਧਰਮ ਪਰਿਵਰਤਨ ‘ਤੇ ਸਰਕਾਰ ਦੀ ਚੁੱਪ ਚਿੰਤਾਜਨਕ-ਜਥੇਦਾਰ

ਸ੍ਰੀ ਅੰਮ੍ਰਿਤਸਰ ਸਾਹਿਬ- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀਛੋੜ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਕਿ ਸਿੱਖ ਪੰਥ ਦੇ ਵਾਰਿਸਾਂ ਅੱਗੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜ੍ਹੀਆਂ ਹਨ, ਜਿਵੇਂ ਪਤਿਤਪੁਣਾ, ਨਸ਼ੇ, ਭਾਰਤ ’ਚ ਘੱਟ ਰਹੀ ਸਿੱਖਾਂ ਦੀ ਆਬਾਦੀ ਤੇ ਸਿੱਖ ਨੌਜਵਾਨਾਂ ਦਾ ਪ੍ਰਵਾਸ ਵੱਲ ਰੁਝਾਨ ਆਦਿ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਸੰਕਟ ਦਾ ਸੰਕੇਤ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਖੌਤੀ ਪਾਸਟਰਾਂ ਵੱਲੋਂ ਈਸਾਈਅਤ ਦੀ ਆੜ ’ਚ ਪਾਖੰਡ ਫੈਲਾ ਕੇ ਸਿੱਖਾਂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਦਿਆਂ ਧਰਮ ਪਰਿਵਰਤਨ ਕਰਵਾਉਣਾ ਤੇ ਇਸ ਮਸਲੇ ’ਤੇ ਸਰਕਾਰ ਦੀ ਖਾਮੋਸ਼ੀ ਇਕ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਸੰਘਰਸ਼ੀ ਯੋਧੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ ਪਰ ਅਸੀਂ ਦੇਸ਼-ਵਿਦੇਸ਼ ਦੇ ਗੁਰਦੁਆਰਾ ਪ੍ਰਬੰਧਾਂ ਲਈ ਲੜਾਈ ’ਚ ਸਮਾਂ ਤੇ ਤਾਕਤ ਦੀ ਬਰਬਾਦੀ ਕਰ ਰਹੇ ਹਾਂ। ਇਨ੍ਹਾਂ ਚੀਜ਼ਾਂ ਨਾਲ ਸਾਡੇ ’ਚ ਧੜੇਬੰਦੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਰਲ-ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਪ੍ਰਵਾਸੀ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਰੋਸ ਪ੍ਰਦਰਸ਼ਨਾਂ ਦੇ ਨਾਲ-ਨਾਲ ਆਪਣੀਆਂ ਆਪਣੀਆਂ ਸਰਕਾਰਾਂ ਰਾਹੀਂ ਭਾਰਤ ਸਰਕਾਰ ਤਕ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਆਵਾਜ਼ ਪਹੁੰਚਾਉਣ। ਆਪਸੀ ਰਾਜਸੀ ਵਖਰੇਵਿਆਂ ਕਰਕੇ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਨ੍ਹਾਂ ਕੋਸ਼ਿਸ਼ਾਂ ਨਾਲ ਪੰਥ ਕਮਜ਼ੋਰ ਨਾ ਹੋਵੇ, ਇਸ ਲਈ ਸਾਰਿਆਂ ਨੂੰ ਪੰਥਕ ਤਾਕਤ ਲਈ ਇਕੱਠੇ ਰਹਿਣ ਦੀ ਲੋੜ ਹੈ। ਉਨ੍ਹਾਂ ਵਿਵੇਕਹੀਣਤਾ ਧਾਰਨ ਕਰਦਿਆਂ ਸਿਰਫ ਜਜ਼ਬਾਤੀ ਰੌਂਅ ’ਚ ਵਹਿਣਾ ਤੇ ਰਹਿਣਾ ਹਮੇਸ਼ਾ ਨੁਕਸਾਨਦਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਇਕ-ਦੂਜੇ ਦੀ ਭੰਡੀ ਨਾ ਕਰੋ। ਸਰਕਾਰ ਨਸ਼ੇ ਰੋਕਣ ’ਚ ਅਸਫ਼ਲ ਰਹੀ ਹੈ ਤੇ ਨਸ਼ੇ ਰੋਕਣ ਲਈ ਪਿੰਡ-ਪਿੰਡ ਕਮੇਟੀਆਂ ਤੇ ਜਥੇ ਬਣਾਉਣ ਦੀ ਲੋੜ ਹੈ।

Comment here