ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਧਰਮ ਪਰਿਵਰਤਨ ਕਰਵਾਉਣ ਆਏ ਦੋ ਈਸਾਈ ਪਾਸਟਰ ਕਾਬੂ     

ਸਿੱਖ ਜਥੇਬੰਦੀਆਂ ਨੇ ਪੁਲਿਸ ਹਵਾਲੇ ਕੀਤੇ
ਗਰੀਬ ਸਿਖਾਂ ਦੀ ਧਰਮ ਬਦਲੀ ਪਿਛੇ ਜਾਅਲੀ ਈਸਾਈ ਡੇਰਿਆਂ ਦਾ ਰੋਲ
ਵਿਸ਼ੇਸ਼ ਰਿਪੋਰਟ
ਬੀਤੇ ਐਤਵਾਰ ਦੇਰ ਸ਼ਾਮ ਇਤਿਹਾਸਕ ਕਸਬਾ ਕਲਾਨੌਰ ਵਿਖੇ ਜੱਟ ਸਿੱਖ ਭਾਈਚਾਰੇ ਦੇ ਨੌਜਵਾਨ ਨੂੰ ਧਰਮ ਪਰਿਵਰਤਨ ਕਰਵਾਉਣ ਆਏ ਦੋ ਨੌਜਵਾਨਾਂ ਨੂੰ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਥਾਣਾ ਕਲਾਨੌਰ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨੌਜਵਾਨ ਓਂਕਾਰ ਸਿੰਘ  ਨੇ ਦੱਸਿਆ ਕਿ ਉਹ ਕਾਹਲੋਂ ਪੋਲਟਰੀ ਫਾਰਮ ਕਲਾਨੌਰ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ ਅਤੇ ਮਸੀਹ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀ ਲਗਾਤਾਰ ਉਸ ਕੋਲ ਆ ਕੇ ਉਸ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਹੇ ਹਨ।ਜਦੋਂ ਦੋਵੇਂ ਉਸ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਹੇ ਸਨ ਤਾਂ ਉਸ ਨੇ ਪੋਲਟਰੀ ਫਾਰਮ ਦੇ ਮਾਲਕ ਸੰਦੀਪ ਸਿੰਘ ਕਾਹਲੋਂ ਨੂੰ ਇਸ ਘਟਨਾ ਸਬੰਧੀ ਜਾਣੂ ਕਰਵਾਇਆ । ਇਸ ਉਪਰੰਤ ਸੰਦੀਪ ਸਿੰਘ ਕਾਹਲੋਂ ਵੱਲੋਂ ਧਰਮ ਪਰਿਵਰਤਨ ਕਰਾਉਣ ਆਏ ਦੋਵਾਂ ਪਾਸਟਰਾਂ ਨੂੰ ਕਾਬੂ ਕਰ ਕੇ ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸੂਚਿਤ ਕੀਤਾ।
ਇਸ ਮੌਕੇ ਪੋਲਟਰੀ ਫਾਰਮ ਦੇ ਮਾਲਕ ਸੰਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਧਰਮ ਪਰਿਵਰਤਨ ਸਬੰਧੀ ਓਂਕਾਰ ਸਿੰਘ ਨੇ ਉਸ ਨੂੰ ਪਹਿਲਾਂ ਵੀ ਇਸ ਸਬੰਧੀ ਦੱਸਿਆ ਸੀ। ਇਸ ਮੌਕੇ ਉਨ੍ਹਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਧਰਮ ਪਰਿਵਰਤਨ ਕਰਾਉਣ ਆਏ ਦੋਵੇਂ ਵਿਅਕਤੀ ਜੋ ਆਪਣੇ ਆਪ ਨੂੰ ਪਾਦਰੀ ਦੱਸਦੇ ਸਨ, ਨੂੰ ਪੁਲਿਸ ਥਾਣਾ ਕਲਾਨੌਰ ਦੇ ਹਵਾਲੇ ਕੀਤਾ ਗਿਆ ।
ਇਸ ਮੌਕੇ ਪੁਲਿਸ ਥਾਣਾ ਕਲਾਨੌਰ ਵਿਖੇ ਖ਼ਾਲਸਾ ਪੰਚਾਇਤ ਦੇ ਆਗੂ ਭਾਈ ਰਜਿੰਦਰ ਸਿੰਘ ਭੰਗੂ, ਭਾਈ ਮੁਖਤਾਰ ਸਿੰਘ ਸਰਜੇਚੱਕ ਆਗੂ ਦਮਦਮੀ ਟਕਸਾਲ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਲਖਵਿੰਦਰ ਸਿੰਘ ਆਦੀਆ, ਭਾਈ ਬਿਕਰਮਜੀਤ ਸਿੰਘ ਭੱਟੀ ਅਕਾਲ ਕੌਂਸਲ, ਪ੍ਰਧਾਨ ਦੀਦਾਰ ਸਿੰਘ ਕਿਸਾਨ ਆਗੂ, ਪਰਮਿੰਦਰ ਸਿੰਘ ਕਲਾਨੌਰ, ਬਲਰਾਜ ਘੁੰਮਣ, ਹਰਿੰਦਰ ਸਿੰਘ, ਨਰਿੰਦਰ ਵਿਜ  ਭਾਜਪਾ ਆਗੂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਜੱਟ ਸਿੱਖ ਭਾਈਚਾਰੇ ਨਾਲ ਸੰਬੰਧਤ ਉਂਕਾਰ ਸਿੰਘ ਦਾ ਧਰਮ ਪਰਿਵਰਤਨ ਕਰਵਾਉਣ  ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰਨ ਵਾਲੇ ਉਕਤ ਪਾਸਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਸਬੰਧੀ ਪੁਲਸ ਥਾਣਾ ਕਲਾਨੌਰ ਦੇ ਐਸਐਚਓ ਮਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ । ਨੌਜਵਾਨ ਉਂਕਾਰ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਵੱਲੋਂ ਪਹਿਲਾਂ ਹੀ ਧਰਮ ਪਰਿਵਰਤਨ ਕੀਤਾ ਗਿਆ ਹੈ ਅਤੇ ਉਸ ਨੂੰ ਵੀ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਪੰਜਾਬ ਵਿੱਚ ਖ਼ਾਸ ਤੌਰ ਉੱਤੇ ਸਰਹੱਦੀ ਇਲਾਕਿਆਂ ਵਿੱਚ ਕੁਝ ਅਖੌਤੀ ਈਸਾਈ ਪਾਦਰੀਆਂ ਵੱਲੋਂ ਸਿੱਖਾਂ ਅਤੇ ਹਿੰਦੂਆਂ ਦਾ ਕਥਿਤ ਤੌਰ ‘ਤੇ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਕਾਫੀ ਚਰਚਾ ਵਿੱਚ  ਹੈ। ਇਹਨਾਂ ਚਮਤਕਾਰ ਦਿਖਾਉਣ ਵਾਲੇ ਈਸਾਈ ਪਾਸਟਰਾਂ ਨੂੰ ਅਸਲੀ ਈਸਾਈ ਪ੍ਰਚਾਰਕ ਤੇ ਸੰਸਥਾਵਾਂ ਮਾਨਤਾ ਨਹੀਂ ਦੇ ਰਹੀਆਂ।ਇਸੇ ਮੁੱਦੇ ਨੂੰ ਲੈ ਕੇ ਅਸਲੀ ਇਸਾਈ ਭਾਈਚਾਰੇ ਦੇ ਆਗੂਆਂ ਨੇ ਹਾਲ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ।
ਯਾਦ ਰਹੇ ਕਿ ਇਸਾਈ ਧਰਮ ਦੇ ਵਿੱਚ ਵੀ ਵੱਖ ਵੱਖ ਵਰਗ ਹਨ ਪਰ ਪੰਜਾਬ ਵਿੱਚ ਦੋ ਮੁੱਖ ਧਾਰਾ ਦੇ ਚਰਚ ਹਨ।
ਇਸ ਵਿੱਚ ਇੱਕ ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਜਿਸ ਅਧੀਨ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਪ੍ਰੋਟੈਸਟੈਂਟ ਚਰਚ ਹਨ ਅਤੇ ਦੂਜਾ ਹੈ ਜਲੰਧਰ ਡਾਇਓਸਿਸ, ਜਿਸ ਦੇ ਅਧਿਕਾਰ ਖੇਤਰ ਵਿੱਚ ਰੋਮਨ ਕੈਥੋਲਿਕ ਚਰਚ ਆਉਂਦੇ ਹਨ। ਇਸ ਦੇ ਚਰਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਜੂਦ ਹਨ।
ਡਾਇਓਸੀਸ ਆਫ਼ ਅੰਮ੍ਰਿਤਸਰ ਅਤੇ ਡਾਇਓਸੀਸ ਆਫ਼ ਜਲੰਧਰ ਪੂਰੀ ਤਰਾਂ ਸੰਗਠਿਤ ਹਨ ਅਤੇ ਇਨ੍ਹਾਂ ਦੀ ਅਗਵਾਈ ਬਿਸ਼ਪ ਵੱਲੋਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਸਾਲਵੇਸ਼ਨ ਆਰਮੀ, ਮੈਥੋਡਿਸਟ ਚਰਚ (ਪ੍ਰਮੁੱਖ ਚਰਚ ਬਟਾਲਾ ਅਤੇ ਪਟਿਆਲਾ ) ਅਤੇ ਸੈਵਨਥ ਡੇਅ ਐਡਵੈਂਟਿਸਟ ਚਰਚ ਵੀ ਪੰਜਾਬ ਵਿੱਚ ਮੌਜੂਦ ਹਨ।ਇਹ ਸਾਰੇ ਚਰਚ ਸੰਗਠਿਤ ਹਨ ਅਤੇ ਨਿਯਮ ਵਿੱਚ ਰਹਿ ਕੇ ਪ੍ਰਚਾਰ ਕਰਦੇ ਹਨ ਅਤੇ ਇਹਨਾਂ ਦੀ ਜਵਾਬਦੇਹੀ ਵੀ ਹੈ।
ਡਾਇਓਸੀਸ ਆਫ਼ ਅੰਮ੍ਰਿਤਸਰ ਨਾਲ ਜੁੜੇ ਡੈਨੀਅਲ ਬੀ ਦਾਸ ਨੇ ਦੱਸਿਆ ਕਿ ਡਾਇਓਸੀਸ ਆਫ਼ ਅੰਮ੍ਰਿਤਸਰ ਦੇ ਅਧੀਨ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਦੇ ਕਰੀਬ 40 ਚਰਚ ਹਨ।
ਇਸ ਤੋਂ ਇਲਾਵਾ ਡਾਇਸਸ ਆਫ਼ ਚੰਡੀਗੜ੍ਹ ਦੇ ਅਧੀਨ ਵੀ ਬਹੁਤ ਸਾਰੇ ਚਰਚ ਆਉਂਦੇ ਹਨ।
ਇਹਨਾਂ ਤੋਂ ਇਲਾਵਾ ਕੁਝ ਪਾਦਰੀਆਂ ਵੱਲੋਂ ਨਿੱਜੀ ਤੌਰ ਉੱਤੇ ਪੰਜਾਬ ਵਿੱਚ ਇਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਹ ਸੰਗਠਿਤ ਨਹੀਂ ਹਨ ਅਤੇ ਨਾ ਹੀ ਕਿਸੇ ਪ੍ਰਤੀ ਜਵਾਬਦੇਹ ਹਨ।ਅਸਲ ਵਿਚ ਇਹ ਇਸਾਈ ਪ੍ਰਚਾਰਕਾਂ ਦੇ ਡੇਰੇ  ਹਨ ਜਿਹਨਾਂ ਦਾ ਵਿਰੋਧ ਸਿਖ ਕਰ ਰਹੇ ਹਨ।ਮਸੀਹ ਮਹਾਂ ਸਭਾ
ਪੰਜਾਬ ਦੇ ਵੱਖ ਵੱਖ ਚਰਚਾਂ ਨੂੰ ਇਸ ਸੰਸਥਾ ਦੇ ਅੰਤਰਗਤ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਮੌਜੂਦਾ ਪ੍ਰਧਾਨ ਅੰਮ੍ਰਿਤਸਰ ਡਾਇਸਸ ਦੇ ਬਿਸ਼ਪ ਡਾਕਟਰ ਪ੍ਰਦੀਪ ਕੁਮਾਰ ਸਾਮੰਤਾ ਰੌਏ ਹਨ।ਉਨ੍ਹਾਂ ਦੱਸਿਆ ਕਿ ਮਸੀਹੀ ਮਹਾਂ ਸਭਾ ਦਾ ਕੰਮ ਇਸਾਈ ਧਰਮ ਦੇ ਵੱਖ ਵੱਖ ਵਰਗਾਂ ਨੂੰ ਇਕੱਠ ਕਰ ਕੇ ਇੱਕ ਸੰਸਥਾ ਥੱਲੇ ਲਿਆਉਣਾ ਹੈ।ਇਸ ਤੋਂ ਇਲਾਵਾ ਇਸਾਈ ਧਰਮ ਦੀਆਂ ਦਿੱਕਤਾਂ ਨੂੰ ਸੰਸਥਾ ਦੀ ਮੀਟਿੰਗ ਵਿੱਚ ਰੱਖਣਾ ਅਤੇ ਹੱਲ ਕਰਨ ਦੀ ਕੋਸ਼ਿਸ ਕਰਨਾ ਇਸ ਦਾ ਮੁੱਖ ਕੰਮ ਹੈ।ਬਿਸ਼ਪ ਸਾਮੰਤਾ ਰੌਏ ਨੇ ਦੱਸਿਆ ਕਿ ਪੰਜਾਬ ਵਿੱਚ ਇਸਾਈ ਧਰਮ ਦੇ ਕਈ ਹੋਰ ਵੀ ਵਰਗ ਹਨ, ਜੋ ਨਿੱਜੀ ਤੌਰ ਉੱਤੇ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਸ ਸੰਸਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਈਸਾਈ ਡੇਰਾਵਾਦ ਦਾ ਨੈਟਵਰਕ
ਮੁੱਖ ਧਾਰਾ ਦੇ ਚਰਚਾਂ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਪਾਸਟਰ ਹਨ ਜੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਚਰਚ ਬਣਾਕੇ ਨਿੱਜੀ ਤੌਰ ਉੱਤੇ ਆਪਣੇ ਕਥਿੱਤ ਚਮਤਕਾਰਾਂ ਰਾਹੀਂ ਧਰਮ ਦਾ ਪ੍ਰਚਾਰ ਕਰ ਰਹੇ ਹਨ।ਇਹਨਾਂ ਨੇ ਆਪਣੇ ਵੱਡੇ ਵੱਡੇ ਡੇਰੇ ਸਥਾਪਤ ਕਰ ਲਏ ਹਨ।ਇਹਨਾਂ ਡੇਰਿਆਂ ਨੂੰ ਮੰਨਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ।ਇਹਨਾਂ ਵਿੱਚੋਂ ਪ੍ਰਮੁੱਖ ਹਨ ਡੇਰੇ ਹਨ ਪਾਸਟਰ ਬਲਜਿੰਦਰ ਸਿੰਘ, ਅੰਕੁਰ ਯੂਸਫ਼ ਨਰੂਲਾ, ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ, ਪਾਸਟਰ ਅੰਮ੍ਰਿਤ ਸੰਧੂ, ਪਾਸਟਰ ਹਰਜੀਤ, ਪਾਸਟਰ ਮਨੀਸ਼ ਗਿੱਲ, ਪਾਸਟਰ ਕੰਚਨ ਮਿੱਤਲ, ਪਾਸਟਰ ਦਵਿੰਦਰ ਸਿੰਘ, ਪਾਸਟਰ ਰਮਨ ਆਦਿ।ਜੇਕਰ ਪਾਸਟਰ ਹਰਪ੍ਰੀਤ ਦਿਓਲ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਡੇਰਾ ਜਲੰਧਰ ਲਾਗੇ ਖੋਜੇਵਾਲ ਪਿੰਡ ਵਿੱਚ ਹੈ ਜਿੱਥੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੇ ਹਨ। ਇਹ ਮਾਡਰਨ ਪਹਿਰਾਵੇ ਵਾਲੇ ਪਾਦਰੀ,  ਯਸੂ ਮਸੀਹ ਤੱਕ ਪਹੁੰਚਣ ਦਾ ਦਾਅਵਾ ਕਰਦੇ ਹਨ ਕਿ ਉਹ ਹਰ ਸੰਭਵ ਬਿਮਾਰੀ ਅਤੇ ਸਰੀਰਕ ਅੰਗਹੀਣਤਾ ਨੂੰ ਠੀਕ ਕਰ ਸਕਦੇ ਹਨ, ਭੂਤਾਂ ਨੂੰ ਕੱਢ ਸਕਦੇ ਹਨ, ਅਤੇ ਮੁਰਦਿਆਂ ਨੂੰ ਵੀ ਜੀਉਂਦਾ ਕਰ ਸਕਦੇ ਹਨ। ਇਹਨਾਂ ਦਾ  ਪ੍ਰਭਾਵ ਲੋਕਾਂ ਨੂੰ ਵੀਜ਼ਾ ਪ੍ਰਾਪਤ ਕਰਨ, ਨੌਕਰੀਆਂ ਪ੍ਰਾਪਤ ਕਰਨ, ਜੀਵਨ ਸਾਥੀ ਲੱਭਣ, ਬੱਚੇ ਪੈਦਾ ਕਰਨ, ਵਧੀਆ ਰਾਜਨੀਤਿਕ ਅਹੁਦਾ ਪ੍ਰਾਪਤ ਕਰਨ ਦੀ ਗਰੰਟੀ ਦੇਣ ਤੇ ਦਾਅਵਿਆਂ ਕਾਰਣ ਫੈਲਦਾ ਹੈ।
ਇਸ ਤਰਾਂ ਪਾਸਟਰ ਅੰਕੁਰ ਯੂਸਫ਼ ਨਰੂਲਾ ਦਾ ਆਪਣਾ ਚਰਚ ਜਲੰਧਰ ਵਿੱਚ ਹੈ। ਪਾਸਟਰ ਨਰੂਲਾ ਨੇ ਆਪਣੀ ਵੈੱਬਸਾਈਟ ਉੱਤੇ ਦਾਅਵਾ ਕੀਤਾ ਹੈ ਕਿ ਹਰ ਹਫ਼ਤੇ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਹਨ।
ਪਾਸਟਰ ਬਲਜਿੰਦਰ ਦੀ ਗੱਲ ਕਰੀਏ ਤਾਂ ਇਹ ਮੂਲ ਰੂਪ ਵਿੱਚ ਹਰਿਆਣਾ ਦੇ ਰਹਿਣ ਵਾਲੇ ਹਨ ਪਰ ਇਨ੍ਹਾਂ ਨੇ ਆਪਣਾ ਡੇਰਾ ਮੁਹਾਲੀ ਜ਼ਿਲ੍ਹੇ ਦੇ ਨਵੇਂ ਚੰਡੀਗੜ੍ਹ ਵਿੱਚ ਕਈ ਏਕੜ ਵਿੱਚ ਸਥਾਪਤ ਕੀਤਾ ਹੈ। ਹਰ ਹਫ਼ਤੇ ਐਤਵਾਰ ਨੂੰ ਇਨ੍ਹਾਂ ਦੇ ਡੇਰੇ ਉੱਤੇ ਵੀ ਵੱਡਾ ਇਕੱਠ ਹੁੰਦਾ ਹੈ। ਪਾਸਟਰ ਅੰਮ੍ਰਿਤ ਸੰਧੂ ਵੀ ਦੁਆਬਾ ਇਲਾਕੇ ਵਿੱਚ ਕਾਫ਼ੀ ਚਰਚਿਤ ਨਾਮ ਹਨ।
ਹਾਲਾਂਕਿ ਮਸੀਹ ਮਹਾਂ ਸਭਾ ਦਾ ਦਾਅਵਾ ਹੈ ਕਿ ਜੋ ਪਾਸਟਰ ਨਿੱਜੀ ਹੈਸੀਅਤ ਵਿੱਚ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਨਾਲ ਸੰਸਥਾ ਦਾ ਕੋਈ ਲੈਣਾ ਦੇਣਾ ਨਹੀਂ ਹੈ।ਇਸ ਕਰ ਕੇ ਇਸਾਈ ਧਰਮ ਦੇ ਇਹਨਾਂ ਡੇਰਿਆਂ ਨੇ ਇਕੱਠੇ ਹੋਕੇ ਆਪਣੀ ਇੱਕ ਵੱਖਰੀ ਸੰਸਥਾ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਸਾਲ 2021 ਵਿੱਚ ਸਥਾਪਤ ਕੀਤੀ।ਇਸ ਸੰਸਥਾ ਦਾ ਮੁੱਖ ਦਫ਼ਤਰ ਜਲੰਧਰ ਵਿੱਚ ਖੋਜੇਵਾਲ ਪਿੰਡ ਵਿੱਚ ਹੈ ਅਤੇ ਇਸ ਦੇ ਕਰਤਾ ਧਰਤਾ ਪਾਸਟਰ ਹਰਪ੍ਰੀਤ ਦਿਓਲ ਹਨ।ਇਸ ਸੰਸਥਾ ਨਾਲ ਜੁੜੇ ਪਾਸਟਰ ਗੁਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਨਾਲ 1000 ਪਾਸਟਰ ਜੁੜ ਚੁੱਕੇ ਹਨ ਪਰ ਇਸ ਦਾ ਸਬੰਧ ਮਸੀਹ ਮਹਾਂ ਸਭਾ ਨਾਲ  ਨਹੀਂ ਹੈ।
ਜਦੋਂਕਿ ਦੂਜੇ ਪਾਸੇ ਮਸੀਹ ਮਹਾਂ ਸਭਾ ਦੇ ਪ੍ਰਧਾਨ ਬਿਸ਼ਪ ਪ੍ਰਦੀਪ ਕੁਮਾਰ ਸਾਮੰਤਾ ਰੌਏ ਦਾ ਕਹਿਣਾ ਹੈ ਕਿ ਜੋ ਪਾਸਟਰ ਨਿੱਜੀ ਤੌਰ ਉੱਤੇ ਆਪਣੇ ਡੇਰੇ ਸਥਾਪਤ ਕਰ ਕੇ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਉੱਤੇ ਇਸ ਸੰਸਥਾ ਦਾ ਕੋਈ ਕੰਟਰੋਲ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਉਹ ਛੇਤੀ ਹੀ ਇਹ ਯਕੀਨੀ ਬਣਾਉਣਗੇ ਕਿ ਜੋ ਪਾਸਟਰ ਬਾਈਬਲ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸਬੰਧ ਵਿੱਚ ਉਹ ਸਰਕਾਰ ਤੋਂ ਵੀ ਮਦਦ ਲੈਣਗੇ।
ਇਸ ਦੇ ਨਾਲ ਹੀ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਦਾ ਕਹਿਣਾ ਹੈ ਕਿ ਇਸਾਈ ਧਰਮ ਦੇ ਅੰਦਰ ਵੀ ਕੁਝ ਅਖੌਤੀ ਪਾਸਟਰ ਆ ਗਏ ਜਿੰਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ।ਉਨ੍ਹਾਂ ਮੁਤਾਬਕ ਅਜਿਹੇ ਅਖੌਤੀ ਪਾਸਟਰਾਂ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਚਾਹੀਦਾ ਹੈ ਕਿ ਉਨ੍ਹਾਂ ਕੋਲ ਵਿੱਤੀ ਸਾਧਨ ਕਿੱਥੋਂ ਆ ਰਹੇ ਹਨ।ਆਪਣੇ ਯੂ ਟਿਊਬ ਚੈਨਲ ਰਾਹੀਂ ਇਹ ਪਾਸਟਰ ਚਮਤਕਾਰ ਕਰਨ ਦੇ ਡਰਾਮੇ ਕਰਦੇ ਨਜ਼ਰ ਆਉਂਦੇ ਹਨ।ਜਿਵੇਂ ਅੰਨ੍ਹੇ ਲੋਕਾਂ ਦੀ ਨਜ਼ਰ ਬਹਾਲ ਕਰਨਾ ,ਚਲਣ ਤੋਂ ਅਸਮਰਥ ਵ੍ਹੀਲਚੇਅਰ ‘ਤੇ  ਬੈਠੇ ਲੋਕਾਂ ਨੂੰ ਤੌਰ ਦੇਣਾ, ਅਤੇ ਸਰੀਰ ਦੀਆਂ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਕੈਂਸਰ ਅਤੇ ਏਡਜ਼ ਦਾ ਇਲਾਜ ਕਰਦੇ ਹੋਏ ਦਿਖਾਉਣਾ ਤੇ  ‘ਮੁਰਦਿਆਂ ਨੂੰ ਮੁੜ ਜਿਉਂਦਾ ਕਰਨਾ’ ਹੈ। ਇੱਕ ਵੀਡੀਓ ਕਲਿੱਪ ਵਿੱਚ ਪ੍ਰੋ: ਬਜਿੰਦਰ ਸਿੰਘ ਨੇ ਇੱਕ ਤਿੰਨ ਸਾਲ ਦੇ ਬੱਚੇ ਨੂੰ ਮੌਤ ਦੇ ਮੂੰਹ ਵਿੱਚੋਂ ਵਾਪਸ ਲਿਆਉਣ ਦਾ ਦਾਅਵਾ ਕਰਦਾ ਹੈ। ਪਾਸਟਰ ਅੰਕੁਰ ਨਰੂਲਾ ਹੋਰ ਵੀ ਅੱਗੇ ਵਧ ਗਿਆ ਜਦੋਂ ਉਸਨੇ ਦਾਅਵਾ ਕੀਤਾ ਕਿ ਉਸਨੇ ਗਰਭਪਾਤ ਨੂੰ ਠੀਕ ਕਰ ਦਿੱਤਾ ਅਤੇ ਇੱਕ ਔਰਤ ਦੀ ਕੁੱਖ ਵਿੱਚ ਮਰੇ ਬੱਚੇ ਨੂੰ ਮੁੜ ਜਿਉਂਦਾ ਕੀਤਾ।   ਇਹ ਡਰਾਮੇਬਾਜ ਪਾਦਰੀ ਭੂਤ ਸ਼ਕਤੀਆਂ ਨੂੰ ਬਾਹਰ ਕੱਢਣ ਦਾ ਨਾਟਕ ਕਰਦੇ ਨਜ਼ਰ ਆਉਂਦੇ ਹਨ ।ਫਿਰ ‘ਹਲੇਲੂਯਾਹ’ ਵਰਗੀਆਂ ਉੱਚੀਆਂ ਆਵਾਜ਼ਾਂ ਕਢਦੇ ਹਨ ਤੇ ਇੱਕ ਸਨਕੀ ਨਾਚ ਵੀ ਕਰਦੇ ਹਨ ।ਇਹ ਆਪਣੇ ਆਪ ਨੂੰ ਠੀਕ ਸਿਧ ਕਰਨ ਲਈ ਆਪਣੇ ਸ਼ਰਧਾਲੂਆਂ ਦੀਆਂ ਗਵਾਹੀਆਂ ਦਿਵਾਉਂਦੇ ਹਨ ਤਾਂ ਜੋ ਦਿਖਾਇਆ ਜਾ ਸਕੇ ਕਿ ਉਹ ਚਮਤਕਾਰੀ ਹਨ। ਪਰ ਸ੍ਰੋਮਣੀੜਕਮੇਟੀ ਤੇ ਪੰਥਕ ਜਥੇਬੰਦੀਆਂ ਇਸ ਅਖੌਤੀ ਚਮਤਕਾਰੀ ਪ੍ਰਚਾਰ ਦਾ ਮੁਕਾਬਲਾ ਕਰਨ ਤੋਂ ਅਸਮਰਥ ਦਿਖਾਈ ਦਿੰਦੀਆਂ ਹਨ।

Comment here