ਸਿਆਸਤਖਬਰਾਂਚਲੰਤ ਮਾਮਲੇ

ਧਰਮ, ਜਾਤ ਦੇ ਏਜੰਡੇ ਨੇ ਨਾਲ ਪੰਜਾਬ ਚ ਅਸ਼ਾਂਤੀ ਦਾ ਖਦਸ਼ਾ

ਜਲੰਧਰ-ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਸ਼ਾਂਤੀ ਨਾਲ ਹੋਣ ਦੀ ਬਿਲਕੁਲ ਸੰਭਾਵਨਾ ਨਹੀਂ ਹੈ, ਕਿਉਂਕਿ ਚੱਲ ਰਹੇ ਚੋਣ ਵਰੇ ਚ ਪੰਜਾਬ ਚ ਧਰਮ ਤੇ ਜਾਤ ਅਧਾਰਿਤ ਸਿਆਸਤ ਦਾ ਮੁੱਢ ਬੱਝਿਆ ਜਾ ਚੁੱਕਿਆ ਹੈ। ਅਕਾਲੀ ਦਲ ਬਾਦਲ ਨੇ ਦਲਿਤ ਤੇ ਹਿੰਦੂ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਤਾਂ ਪੰਜਾਬ ਦੇ ਸਿਆਸੀ ਗਲਿਆਰਿਆਂ ਚ ਚਰਚਾ ਹੋਣ ਲੱਗੀ ਕਿ ਉਪ ਮੁਖ ਮੰਤਰੀ ਕਿਉਂ ਮੁੱਖ ਮੰਤਰੀ ਕਿਉਂ ਨਹੀਂ, ਕਾਂਗਰਸ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਦਲਿਤ ਮੁੱਖ ਮੰਤਰੀ ਬਣੇ ਬਿਨਾ ਦਲਿਤਾਂ ਦਾ ਪਾਰ ਉਤਾਰਾ ਹੋਣਾ ਹੀ ਨਹੀਂ। ਤੇ ਹੁਣ ਹਿੰਦੂ ਮੁੱਖ ਮੰਤਰੀ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ (ਪੰਜਾਬ) ਸਰਗਰਮ ਹੋਈ ਹੈ। ਸ਼ਿਵ ਸੈਨਾ ਪੰਜਾਬ ਨੇ ਪੰਜਾਬ ਚ ਹਿੰਦੂ ਮੁੱਖ ਮੰਤਰੀ ਕਿਉਂ ਨਹੀਂ? ਇਹ ਸਵਾਲ ਕਰਦਿਆਂ ਫਲੈਕਸ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਪਰ ਪੰਜਾਬ ਦੇ ਹਿੰਦੂਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹਮੇਸ਼ਾ ਉਨ੍ਹਾਂ ਦਾ ਮੁੱਖ ਏਜੰਡਾ ਰਿਹਾ ਹੈ। ਪੰਜਾਬ ਵਿਚ ਹਿੰਦੂ ਧਾਰਮਿਕ ਅਸਥਾਨਾਂ ਨੂੰ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ। ਕਦੀ ਭੂ-ਮਾਫ਼ੀਆ ਦੀ ਮਿਲੀਭੁਗਤ ਅਤੇ ਕਦੀ ਸਰਕਾਰੀ ਸਾਜ਼ਿਸ਼ ਤਹਿਤ ਹਿੰਦੂਆਂ ਦੇ ਧਾਰਮਿਕ ਅਸਥਾਨ ਅਤੇ ਵਿਸ਼ਵਾਸ ਹਮੇਸ਼ਾ ਨਿਸ਼ਾਨੇ ’ਤੇ ਰਹੇ ਹਨ। ਪੰਜਾਬ ਵਿਚ ਹਿੰਦੂ ਧਾਰਮਿਕ ਅਸਥਾਨਾਂ ਦੀ ਬੇਅਦਬੀ ਤੇ ਭੰਨ-ਤੋੜ ਨੂੰ ਲੈ ਕੇ ਕੋਈ ਵੀ ਸਰਕਾਰ ਸਟੈਂਡ ਨਹੀਂ ਲੈ ਸਕੀ। ਹਿੰਦੂ ਮੰਗਾਂ ਨੂੰ ਸਰਕਾਰਾਂ ਹਮੇਸ਼ਾ ਨਜ਼ਰਅੰਦਾਜ਼ ਕਰਦੀਆਂ ਰਹੀਆਂ ਹਨ। ਹਿੰਦੂ ਸਮਾਜ ਨੂੰ ਸੰਭਾਵਿਤ ਖ਼ਤਰੇ ਤੋਂ ਜਾਗਰੂਕ ਹੋਣ ਅਤੇ ਪੰਜਾਬ ਵਿਚ ਹਿੰਦੂ ਮੁੱਖ ਮੰਤਰੀ ਬਣਾਉਣ ਦੀ ਮੰਗ ਘਰ-ਘਰ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ। ਆਉਂਦੇ ਦਿਨੀ ਲੁਧਿਆਣਾ ਵਿਖੇ ਵੱਡਾ ਸਮਾਗਮ ਹੋਵੇਗਾ ਤੇ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Comment here