ਪੈਰਿਸ – ਧਾਰਮਿਕ ਸਥਾਨ ਮਨੁੱਖ ਨੂੰ ਹਰ ਬੁਰਾਈ ਤੋਂ ਦੂਰ ਰਹਿਣ ਦਾ ਫਲਸਫਾ ਸਿਖਾਉਣ ਲਈ ਰਾਹ ਦਸੇਰੇ ਹੁੰਦੇ ਹਨ, ਪਰ ਅਜਿਹੇ ਪਵਿਤਰ ਸਥਾਨਾਂ ਦੇ ਪੁਜਾਰੀ ਲੋਕ ਕਈ ਵਾਰ ਕੁਬਿਰਤੀ ਦਾ ਸ਼ਿਕਾਰ ਹੋ ਕੇ ਖੁਦ ਹੀ ਕੁਕਰਮਾਂ ਵੱਲ ਤੁਰ ਪੈਂਦੇ ਹਨ। ਫਰਾਂਸ ਤੋੰ ਦੁਖ ਮਾਮਲਾ ਆਇਆ ਹੈ, ਜਿਥੇ ਦੇ ਕੈਥੋਲਿਕ ਚਰਚ ਵਿੱਚ ਪਿਛਲੇ 70 ਸਾਲਾਂ ਵਿੱਚ 3,30,000 ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇੱਕ ਸੁਤੰਤਰ ਕਮਿਸ਼ਨ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਸ ਸੰਬੰਧੀ ਖੁਲਾਸਾ ਕੀਤਾ ਗਿਆ ਹੈ। ਰਿਪੋਰਟ ਜਾਰੀ ਕਰਨ ਵਾਲੇ ਕਮਿਸ਼ਨ ਦੇ ਚੇਅਰਮੈਨ ਜੀਨ-ਮਾਰਕ ਸੌਵੇ ਨੇ ਕਿਹਾ ਕਿ ਇਹ ਅਨੁਮਾਨ ਵਿਗਿਆਨਕ ਖੋਜ ‘ਤੇ ਅਧਾਰਿਤ ਹੈ। ਇਸ ਵਿੱਚ ਪਾਦਰੀਆਂ ਅਤੇ ਚਰਚ ਨਾਲ ਜੁੜੇ ਲੋਕਾਂ ਅਤੇ ਹੋਰ ਵਿਅਕਤੀਆਂ ਦੁਆਰਾ ਅਤਿਆਚਾਰ ਦੇ ਮਾਮਲੇ ਸ਼ਾਮਲ ਹਨ। ਸੌਵੇ ਨੇ ਕਿਹਾ ਕਿ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲਿਆਂ ਵਿਚ 80 ਫੀਸਦੀ ਮੁੰਡੇ ਸਨ ਜਦਕਿ ਬਾਕੀ ਹੋਰ ਕੁੜੀਆਂ ਸਨ। ਕਮਿਸ਼ਨ ਦੇ ਚੇਅਰਮੈਨ ਨੇ ਕਿਹਾ,“ਇਸ ਦੇ ਨਤੀਜੇ ਬਹੁਤ ਗੰਭੀਰ ਹਨ। ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਲਗਭਗ 60 ਪ੍ਰਤੀਸ਼ਤ ਬੱਚੇ ਅਤੇ ਬੱਚੀਆਂ ਨੂੰ ਬਾਅਦ ਦੇ ਜੀਵਨ ਵਿੱਚ ਭਾਵਨਾਤਮਕ ਅਤੇ ਕਈ ਹੋਰ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਿਆ।” ਸੁਤੰਤਰ ਕਮਿਸ਼ਨ ਦੁਆਰਾ ਤਿਆਰ ਕੀਤਾ ਗਿਆ ਇਹ ਦਸਤਾਵੇਜ਼ 2500 ਸਫਿਆਂ ਦਾ ਹੈ ਕਿਉਂਕਿ ਫਰਾਂਸ ਅਤੇ ਹੋਰ ਦੇਸ਼ਾਂ ਵਿਚ ਵੀ ਕੈਥੋਲਿਕ ਚਰਚ ਦੇ ਅੰਦਰ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਨੂੰ ਲੰਮੇ ਸਮੇਂ ਤੋਂ ਲੁਕੋਇਆ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਨਾਲ ਬਦਸਲੂਕੀ ਕਰਨ ਵਾਲੇ ਅਨੁਮਾਨਿਤ 3,000 ਲੋਕਾਂ ਵਿੱਚੋਂ ਦੋ ਤਿਹਾਈ ਪਾਦਰੀ ਸਨ। ਸੌਵੇ ਨੇ ਕਿਹਾ ਕਿ ਪਾਦਰੀ ਜਾਂ ਚਰਚ ਨਾਲ ਜੁੜੇ ਹੋਰਾਂ ਦੁਆਰਾ ਸ਼ੋਸ਼ਣ ਦੇ ਸਿਕਾਰ ਬੱਚਿਆਂ ਦੀ ਗਿਣਤੀ 2,16,000 ਹੋ ਸਕਦੀ ਹੈ। ਪੀੜਤਾਂ ਦੀ ਆਵਾਜ਼ ਚੁੱਕਣ ਵਾਲੇ ਸੰਗਠਨ ‘ਪਾਰਲਰ ਐਟ ਰਿਵਾਈਵਰ’ ਨੇ ਇਸ ਜਾਂਚ ਵਿੱਚ ਕਮਿਸ਼ਨ ਦੀ ਸਹਾਇਤਾ ਕੀਤੀ। ਸੰਗਠਨ ਦੇ ਮੁਖੀ ਓਲੀਵੀਅਰ ਸੇਵਿਗਨੈਕ ਨੇ ਕਿਹਾ ਕਿ ਅਤਿਆਚਾਰ ਕਰਨ ਵਾਲਿਆਂ ਅਤੇ ਪੀੜਤਾਂ ਦਾ ਉੱਚ ਅਨੁਪਾਤ ਵਿਸ਼ੇਸ਼ ਤੌਰ ‘ਤੇ “ਫ੍ਰੈਂਚ ਸਮਾਜ, ਕੈਥੋਲਿਕ ਚਰਚ ਲਈ ਭਿਆਨਕ ਹੈ।” ਇਸ ਕਮਿਸ਼ਨ ਨੇ ਦੋ ਸਾਲ ਤੱਕ ਕੰਮ ਕਰਦਿਆਂ ਪੀੜਤਾਂ, ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਅਤੇ ਚਰਚ, ਅਦਾਲਤ, ਪੁਲਸ ਅਤੇ 1950 ਦੇ ਦਹਾਕੇ ਤੋਂ ਮੀਡੀਆ ਵਿੱਚ ਸਾਹਮਣੇ ਆਏ ਮਾਮਲਿਆਂ ਦਾ ਅਧਿਐਨ ਕੀਤਾ। ਜਾਂਚ ਦੇ ਆਰੰਭ ਵਿੱਚ, ਇੱਕ ਵਿਸ਼ੇਸ਼ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਸੀ ਜਿਸ ‘ਤੇ ਪੀੜਤ ਜਾਂ ਉਸ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਸੀ। ਇਸ ਸਮੇਂ ਦੌਰਾਨ ਕਮਿਸ਼ਨ ਨੂੰ 6500 ਤੋਂ ਵੱਧ ਲੋਕਾਂ ਨੇ ਫ਼ੋਨ ‘ਤੇ ਜਾਣਕਾਰੀ ਦਿੱਤੀ। ਸੌਵੇ ਨੇ 2000 ਤੋਂ ਪਹਿਲਾਂ ਇਨ੍ਹਾਂ ਪਰੇਸ਼ਾਨੀ ਦੇ ਮਾਮਲਿਆਂ ‘ਤੇ ਚਰਚ ਦੇ ਰੁਖ਼ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੀੜਤਾਂ ਨਾਲ ਵਿਤਕਰਾ ਕੀਤਾ ਗਿਆ ਸੀ ਅਤੇ ਇਸ ਘਟਨਾ ਲਈ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ ਸੀ। ਫ੍ਰੈਂਚ ਆਰਚਬਿਸ਼ਪ ਨੇ ਐਤਵਾਰ ਨੂੰ ਇੱਕ ਸੰਦੇਸ਼ ਵਿੱਚ ਕਿਹਾ ਕਿ ਰਿਪੋਰਟ “ਸੱਚਾਈ ਦੀ ਪ੍ਰੀਖਿਆ ਹੈ ਅਤੇ ਸਾਰਿਆਂ ਲਈ ਇੱਕ ਮੁਸ਼ਕਲ ਅਤੇ ਗੰਭੀਰ ਪਲ ਹੈ।” ਇਸ ਨੇ ਇਹ ਵੀ ਕਿਹਾ ਕਿ ਰਿਪੋਰਟ ਦੇ ਨਤੀਜਿਆਂ ਦਾ ਅਧਿਐਨ ਕਰਨ ਤੋਂ ਬਾਅਦ ਕਦਮ ਚੁੱਕੇ ਜਾਣਗੇ।
Comment here